For the best experience, open
https://m.punjabitribuneonline.com
on your mobile browser.
Advertisement

ਪੰਨੂ ਕੇਸ: ਨਿਖਿਲ ਗੁਪਤਾ ਦਾ ਪਰਿਵਾਰ ਸੁਪਰੀਮ ਕੋਰਟ ਪੁੱਜਾ

06:58 AM Dec 16, 2023 IST
ਪੰਨੂ ਕੇਸ  ਨਿਖਿਲ ਗੁਪਤਾ ਦਾ ਪਰਿਵਾਰ ਸੁਪਰੀਮ ਕੋਰਟ ਪੁੱਜਾ
Advertisement

* ਕੋਰਟ ਵੱਲੋਂ ਸੁਣਵਾਈ 4 ਜਨਵਰੀ ਤੱਕ ਮੁਲਤਵੀ

* ਚੈੱਕ ਗਣਰਾਜ ਦੀ ਸਬੰਧਤ ਕੋਰਟ ’ਚ ਜਾਣ ਦੀ ਸਲਾਹ

ਨਵੀਂ ਦਿੱਲੀ, 15 ਦਸੰਬਰ
ਸੁਪਰੀਮ ਕੋਰਟ ਨੇ ਨਿਖਿਲ ਗੁਪਤਾ ਦੀ ਤਰਫੋਂ ਦਾਇਰ ਹੈਬੀਅਸ ਕੋਰਪਸ ਪਟੀਸ਼ਨ ’ਤੇ ਸੁਣਵਾਈ ਅਗਲੇ ਸਾਲ 4 ਜਨਵਰੀ ਤੱਕ ਮੁਲਤਵੀ ਕਰ ਦਿੱਤੀ ਹੈ। ਅਮਰੀਕਾ ਨੇ ਗੁਪਤਾ ’ਤੇ ਸਿੱਖਜ਼ ਫਾਰ ਜਸਟਿਸ (ਐੱਸਐੱਫਜੇ) ਦੇ ਮੁਖੀ ਤੇ ਖਾਲਿਸਤਾਨੀ ਆਗੂ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਘੜਨ ਦਾ ਦੋਸ਼ ਲਾਇਆ ਸੀ। ਗੁਪਤਾ ਇਸ ਵੇਲੇ ਚੈੱਕ ਗਣਰਾਜ ਪੁਲੀਸ ਦੀ ਹਿਰਾਸਤ ਵਿੱਚ ਹੈ ਤੇ ਗੁਪਤਾ ਪਰਿਵਾਰ ਵੱਲੋਂ ਸਿਖਰਲੀ ਕੋਰਟ ਦਾ ਰੁਖ਼ ਕਰਦਿਆਂ ਉਸ ਦੀ ਗ੍ਰਿਫ਼ਤਾਰੀ ਦਾ ਵਿਰੋਧ ਕੀਤਾ ਗਿਆ ਹੈ। ਅਮਰੀਕਾ ਗੁਪਤਾ ਦੀ ਸਪੁਰਦਗੀ ਲੈਣ ਲਈ ਚੈੱਕ ਗਣਰਾਜ ਦੇ ਸੰਪਰਕ ਵਿੱਚ ਹੈ। ਉਂਜ ਜਸਟਿਸ ਸੰਜੀਵ ਖੰਨਾ ਤੇ ਜਸਟਿਸ ਐੱਸ.ਵੀ.ਐੱਨ. ਭੱਟੀ ਦੇ ਬੈਂਚ ਇੰਨਾ ਜ਼ਰੂਰ ਕਿਹਾ ਕਿ ਗੁਪਤਾ ਨੂੰ ਰਾਹਤ ਲਈ ਸਬੰਧਤ ਕੋਰਟ ਵਿਚ ਪਹੁੰਚ ਕਰਨੀ ਚਾਹੀਦੀ ਹੈ ਜੋ ਕਿ ਚੈੱਕ ਗਣਰਾਜ ਵਿੱਚ ਹੈ। ਪਟੀਸ਼ਨ ਮੁਤਾਬਕ ਨਿਖਿਲ ਗੁਪਤਾ ਇਸ ਵੇਲੇ ਚੈੱਕ ਗਣਰਾਜ ਦੀ ਜੇਲ੍ਹ ’ਚ ਹੈ ਤੇ ਉਸ ਨੂੰ ਪੰਨੂ ਦੇ ਕਤਲ ਦੀ ਸਾਜ਼ਿਸ਼ ’ਚ ਕਥਿਤ ਸ਼ਮੂਲੀਅਤ ਲਈ ਅਮਰੀਕਾ ਹਵਾਲੇ ਕਰਨ ਦੀ ਉਡੀਕ ਕੀਤੀ ਜਾ ਰਹੀ ਹੈ। ਜਸਟਿਸ ਖੰਨਾ ਨੇ ਕਿਹਾ, ‘‘ਤੁਹਾਨੂੰ ਸਬੰਧਤ ਕੋਰਟ ਅੱਗੇ ਆਪਣੀ ਗੱਲ ਰੱਖਣੀ ਹੋਵੇਗੀ, ਜੋ ਭਾਰਤ ਤੋਂ ਬਾਹਰ ਹੈ। ਉਥੇ ਜਾਓ...ਸਾਡੇ ਕੋਲ ਕੋਈ ਅਦਾਲਤੀ ਹੁਕਮ ਦੇਣ ਦਾ ਅਧਿਕਾਰ ਨਹੀਂ ਹੈ। ਜਿਸ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਉਸ ਨੇ ਹਲਫ਼ਨਾਮਾ ਨਹੀਂ ਦਿੱਤਾ। ਜੇਕਰ ਕਿਸੇ ਕਾਨੂੰਨ ਆਦਿ ਦੀ ਉਲੰਘਣਾ ਹੋਈ ਹੈ...ਤਾਂ ਤੁਹਾਨੂੰ ਉਥੋਂ ਦੀ ਕੋਰਟ ’ਚ ਜਾਣਾ ਹੋਵੇਗਾ।’’ ਉਧਰ ਪਟੀਸ਼ਨਰ ਵੱਲੋਂ ਪੇਸ਼ ਸੀਨੀਅਰ ਵਕੀਲ ਸੀ.ਏ.ਸੁੰਦਰਮ ਨੇ ਕਿਹਾ ਕਿ ਉਹ ਰਾਹਤ ਵਜੋਂ ਸਿਰਫ਼ ਯੋਗ ਕੌਂਸੁਲਰ ਸਹਾਇਤਾ ਦੀ ਮੰਗ ਕਰ ਰਹੇ ਹਨ ਕਿਉਂਕਿ ਉਹ (ਗੁਪਤਾ) ਭਾਰਤੀ ਨਾਗਰਿਕ ਹੈ। ਜਸਟਿਸ ਖੰਨਾ ਨੇ ਕਿਹਾ, ‘‘ਇਹ ਬੇਹੱਦ ਸੰਵੇਦਨਸ਼ੀਲ ਮਾਮਲਾ ਹੈ। ਇਸ ਦਾ ਫੈਸਲਾ ਉਨ੍ਹਾਂ ਨੇ ਕਰਨਾ ਹੈ।’’ ਬੈਂਚ ਨੇ ਜਦੋਂ ਪੁੱਛਿਆ ਕਿ ਪਟੀਸ਼ਨ ਕਿਸ ਨੇ ਦਾਖ਼ਲ ਕੀਤੀ ਹੈ, ਤਾਂ ਸੁੰਦਰਮ ਨੇ ਕਿਹਾ ਕਿ ਪਟੀਸ਼ਨ ਨਿਖਿਲ ਗੁਪਤਾ ਦੇ ਪਰਿਵਾਰਕ ਮੈਂਬਰ ਵੱਲੋਂ ਦਰਜ ਕੀਤੀ ਗਈ ਹੈ। ਜਸਟਿਸ ਖੰਨਾ ਨੇ ਕਿਹਾ ਕਿ ਕੇਸ ਫਾਈਲ ਦੇਰੀ ਨਾਲ ਪੁੱਜਣ ਕਰ ਕੇ ਉਨ੍ਹਾਂ ਕੋਲ ਇਸ ਨੂੰ ਪੜ੍ਹਨ ਲਈ ਸਮਾਂ ਨਹੀਂ ਸੀ ਤੇ ਉਨ੍ਹਾਂ ਸੁਣਵਾਈ ਮੁਲਤਵੀ ਕਰ ਦਿੱਤੀ। ਸੁੰਦਰਮ ਨੇ ਅਗਲੀ ਤਰੀਕ ’ਤੇ ਚੈਂਬਰ ਵਿੱਚ ਸੁਣਵਾਈ ਕੀਤੇ ਜਾਣ ਦੀ ਅਪੀਲ ਕੀਤੀ ਤਾਂ ਜਸਟਿਸ ਖੰਨਾ ਨੇ ਕਿਹਾ ਕਿ ਇਸ ਬਾਰੇ ਫੈਸਲਾ ਅਗਲੀ ਸੁਣਵਾਈ ਮੌਕੇ ਹੀ ਕੀਤਾ ਜਾਵੇਗਾ। ਬੈਂਚ ਨੇ ਕਿਹਾ, ‘‘ਅਸੀਂ ਸਰਦੀ ਦੀਆਂ ਛੁੱਟੀਆਂ ਮਗਰੋਂ 4 ਜਨਵਰੀ ਨੂੰ ਸੁਣਵਾਈ ਕਰਾਂਗੇ। ਅਸੀਂ ਅਗਲੀ ਤਰੀਕ ਨਿਰਧਾਰਿਤ ਕਰਾਂਗੇ। ਕੇਂਦਰੀ ਏਜੰਸੀ ਨੂੰ ਇਸ ਦੀ ਕਾਪੀ ਭੇਜੀ ਜਾਵੇ।’’
ਪਟੀਸ਼ਨ ਮੁਤਾਬਕ ਗੁਪਤਾ (52) ਕਾਰੋਬਾਰੀ ਫੇਰੀ ਨੂੰ ਲੈ ਕੇ ਚੈੱਕ ਗਣਰਾਜ ਵਿਚ ਸੀ, ਜਦੋਂ 30 ਜੂਨ ਨੂੰ ਪਰਾਗ ਹਵਾਈ ਅੱਡੇ ’ਤੇ ਉਸ ਨੂੰ ਗੈਰਕਾਨੂੰਨੀ ਢੰਗ ਨਾਲ ਹਿਰਾਸਤ ਵਿਚ ਲੈ ਲਿਆ ਗਿਆ ਤੇ ਉਹ ਪਿਛਲੇ 100 ਦਿਨਾਂ ਤੋਂ ਕਾਲ ਕੋਠੜੀ ਵਿਚ ਬੰਦ ਹੈ। ਪਟੀਸ਼ਨ ਵਿੱਚ ਦਾਅਵਾ ਕੀਤਾ ਗਿਆ ਕਿ ਗੁਪਤਾ ਨੂੰ ਹਿਰਾਸਤ ਵਿਚ ਲੈਣ ਮੌਕੇ ਕੋਈ ਰਸਮੀ ਗ੍ਰਿਫਤਾਰੀ ਵਾਰੰਟ ਵੀ ਪੇਸ਼ ਨਹੀਂ ਕੀਤਾ ਗਿਆ ਤੇ ਉਸ ਖਿਲਾਫ਼ ਪ੍ਰਗਟਾਏ ਗਏ ਖ਼ਦਸ਼ੇ ਸਥਾਨਕ ਚੈੱਕ ਅਥਾਰਿਟੀਜ਼ ਦੇ ਨਹੀਂ ਬਲਕਿ ਅਮਰੀਕੀ ਏਜੰਟਾਂ ਦੇ ਹਨ। ਪਟੀਸ਼ਨ ਵਿਚ ਮੰਗ ਕੀਤੀ ਗਈ ਕਿ ਸੁਪਰੀਮ ਕੋਰਟ ਕੇਂਦਰ ਸਰਕਾਰ ਨੂੰ ਹਦਾਇਤ ਕਰੇ ਕਿ ਉਹ ਪਰਾਗ ਦੀ ਕੋਰਟ ਵਿਚ ਬਕਾਇਆ ਹਵਾਲਗੀ ਕਾਰਵਾਈ ਵਿੱਚ ਦਖ਼ਲ ਦੇਵੇ ਤਾਂ ਕਿ ਗੁਪਤਾ ਨੂੰ ਨਿਰਪੱਖ ਤੇ ਪਾਰਦਰਸ਼ੀ ਮੌਕਾ ਮਿਲ ਸਕੇ। ਅਮਰੀਕਾ ਦੇ ਨਿਆਂ ਵਿਭਾਗ ਨੇ ਭਾਰਤੀ ਨਾਗਰਿਕ ਨਿਖਿਲ ਗੁਪਤਾ ਉੱਤੇ ਪੰਨੂ ਦੀ ਹੱਤਿਆ ਲਈ ਕਾਤਲ ਕਿਰਾਏ ’ਤੇ ਲੈਣ ਦਾ ਦੋਸ਼ ਲਾਇਆ ਹੈ। ਗੁਰਪਤਵੰਤ ਪੰਨੂ, ਜਿਸ ਕੋਲ ਅਮਰੀਕੀ ਤੇ ਕੈਨੇਡਿਆਈ ਨਾਗਰਿਕਤਾ ਹੈ, ਨੂੰ ਭਾਰਤ ਨੇ ਦਹਿਸ਼ਤਗਰਦ ਐਲਾਨਿਆ ਹੋਇਆ ਹੈ। -ਏਐੱਨਆਈ

Advertisement

ਗਾਂ ਤੇ ਸੂਰ ਦਾ ਮੀਟ ਖਾਣ ਲਈ ਮਜਬੂਰ ਕਰਨ ਦਾ ਦੋੋਸ਼

ਪਟੀਸ਼ਨਰ ਨੇ ਕਿਹਾ ਕਿ ਨਿਖਿਲ ਗੁਪਤਾ ਨੂੰ ਕੌਂਸੁਲਰ ਰਸਾਈ ਤੋਂ ਵੀ ਇਨਕਾਰ ਕੀਤਾ ਗਿਆ ਹੈ ਤੇ ਸ਼ਾਕਾਹਾਰੀ ਹੋੋਣ ਦੇ ਬਾਵਜੂਦ ਉਸ ਨੂੰ ਹਿਰਾਸਤ ਦੌਰਾਨ ਗਾਂ ਤੇ ਸੂਰ ਦਾ ਮੀਟ ਖਾਣ ਲਈ ਮਜਬੂਰ ਕੀਤਾ ਜਾ ਰਿਹੈ। ਇਹੀ ਨਹੀਂ ਗੁਪਤਾ ਤੇ ਉਸ ਦੇ ਪਰਿਵਾਰ ਵੱਲੋਂ ਭਾਰਤ ਸਰਕਾਰ ਦੀਆਂ ਵੱਖ ਵੱਖ ਅਥਾਰਿਟੀਜ਼ ਤੱਕ ਪਹੁੰਚ ਕਰਨ ਦੇ ਬਾਵਜੂਦ ਅਜੇ ਤੱਕ ਇਸ ਪਾਸੇ ਕੋਈ ਕਾਰਵਾਈ ਨਹੀਂ ਹੋਈ।

Advertisement

Advertisement
Author Image

joginder kumar

View all posts

Advertisement