ਪੰਨੂ ਮਾਮਲਾ: ਐੱਫਬੀਆਈ ਵੱਲੋਂ ਵਿਕਾਸ ਯਾਦਵ ਖ਼ਿਲਾਫ਼ ਲੁੱਕਆਊਟ ਨੋਟਿਸ ਜਾਰੀ
ਟ੍ਰਿਬਿਊਨ ਨਿਊਜ਼ ਸਰਵਿਸ/ਏਜੰਸੀ
ਨਵੀਂ ਦਿੱਲੀ, 18 ਅਕਤੂਬਰ
ਅਮਰੀਕਾ ਦੀ ਸੰਘੀ ਜਾਂਚ ਏਜੰਸੀ (ਐੱਫਬੀਆਈ) ਨੇ ਸਿੱਖ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਕਥਿਤ ਸਾਜ਼ਿਸ਼ ਮਾਮਲੇ ਵਿਚ ਸਾਬਕਾ ਭਾਰਤੀ ਪੁਲੀਸ ਅਧਿਕਾਰੀ ਵਿਕਾਸ ਯਾਦਵ (39) ਖਿਲਾਫ਼ ਲੁੱਕਆਊਟ ਨੋਟਿਸ ਜਾਰੀ ਕੀਤਾ ਹੈ। ਐੱਫਬੀਆਈ ਨੇ ਕਿਹਾ ਕਿ ਯਾਦਵ ਭਾਰਤੀ ਨਾਗਰਿਕ ਹੈ, ਜੋ ‘ਅਮਾਨਤ’ ਉਪ ਨਾਮ ਹੇਠ ਇਸ ਕੇਸ ਦੇ ਸਹਿ-ਸਾਜ਼ਿਸ਼ਘਾੜੇ ਤੇ ਭਾਰਤੀ ਨਾਗਰਿਕ ਨਿਖਿਲ ਗੁਪਤਾ ਨਾਲ ਗੱਲਬਾਤ ਕਰਦਾ ਸੀ। ਐੱਫਬੀਆਈ ਨੇ ਕਿਹਾ ਕਿ ਯਾਦਵ ਨੇ ਕਤਲ ਦੀ ਸਾਜ਼ਿਸ਼ ਨੂੰ ਅੰਜਾਮ ਦੇਣ ਲਈ ਪੰਨੂ ਦਾ ਰਿਹਾਇਸ਼ੀ ਸਿਰਨਾਵਾਂ, ਫੋਨ ਨੰਬਰ ਤੇ ਪਛਾਣ ਲਈ ਹੋਰ ਜਾਣਕਾਰੀ ਮੁਹੱਈਆ ਕਰਵਾਈ ਸੀ। ਏਜੰਸੀ ਮੁਤਾਬਕ ਯਾਦਵ ਤੇ ਗੁਪਤਾ ਨੇ ਭਾੜੇ ਦੇ ਕਾਤਲ ਨੂੰ ਦਿੱਤੀ 15000 ਡਾਲਰ ਦੀ ਐਡਵਾਂਸ ਪੇਮੈਂਟ ਦਾ ਪ੍ਰਬੰਧ ਕੀਤਾ ਸੀ। ਉੁਂਝ ਸੌਦਾ 1 ਲੱਖ ਡਾਲਰ ਵਿਚ ਹੋਇਆ ਸੀ। ਅਮਰੀਕੀ ਜ਼ਿਲ੍ਹਾ ਕੋਰਟ ਨੇ ਯਾਦਵ ਖਿਲਫਾ਼ ਗ੍ਰਿਫ਼ਤਾਰੀ ਵਾਰੰਟ 10 ਅਕਤੂੁਬਰ ਨੂੰ ਜਾਰੀ ਕੀਤਾ ਸੀ। ਉਧਰ ਅਮਰੀਕੀ ਸੰਘੀ ਵਕੀਲਾਂ ਨੇ ਵੀਰਵਾਰ ਨੂੰ ਨਿਊ ਯਾਰਕ ਦੀ ਕੋਰਟ ਵਿਚ ਦਾਖਲ 18 ਸਫ਼ਿਆਂ ਦੇ ਦੂਜੇ ਦੋਸ਼ਪੱਤਰ ਵਿਚ ਦਾਅਵਾ ਕੀਤਾ ਹੈ ਕਿ ਪਿਛਲੇ ਸਾਲ ਗਰਮੀਆਂ ਵਿਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰੀ ਫੇਰੀ ਦੇ ਨੇੜੇ ਤੇੜੇ ਅਮਰੀਕੀ ਨਾਗਰਿਕ ਤੇ ਸਿੱਖ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਨੂੰ ਕਤਲ ਕੀਤੇ ਜਾਣ ਦੀ ਸਾਜ਼ਿਸ਼ ਵਿਚ ਭਾਰਤ ਦੀ ਖੁਫ਼ੀਆ ਏਜੰਸੀ ‘ਰਾਅ’ ਦਾ ਅਧਿਕਾਰੀ ਵਿਕਾਸ ਯਾਦਵ ਸ਼ਾਮਲ ਸੀ। ਉਨ੍ਹਾਂ ਕਿਹਾ ਕਿ ਯਾਦਵ ਕੈਬਨਿਟ ਸਕੱਤਰੇਤ, ਜਿੱਥੇ ਭਾਰਤ ਦੀ ਵਿਦੇਸ਼ ਖੁਫ਼ੀਆ ਸੇਵਾ, ਰਿਸਰਚ ਤੇ ਅਨੈਲੇਸਿਸ ਵਿੰਗ (ਰਾਅ) ਦਾ ਦਫ਼ਤਰ ਹੈ, ਵਿਚ ਮੁਲਾਜ਼ਮ ਸੀ। ਦੋਸ਼ਪੱਤਰ ਨਾਲ ਯਾਦਵ ਦੀਆਂ ਫੌਜੀ ਵਰਦੀ ਵਿਚ ਅਤੇ ਕਾਰ ਵਿਚ ਦੋ ਵਿਅਕਤੀਆਂ ਨਾਲ ਡਾਲਰਾਂ ਦਾ ਲੈਣ-ਦੇਣ ਕਰਦਿਆਂ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਹਨ। ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਦੀਪ ਜੈਸਵਾਲ ਨੇ ਲੰਘੇ ਦਿਨ ਸਪਸ਼ਟ ਕਰ ਦਿੱਤਾ ਸੀ ਕਿ ਯਾਦਵ ਨੂੰ ਸੇਵਾ ਤੋਂ ਹਟਾਇਆ ਜਾ ਚੁੱਕਾ ਹੈ ਤੇ ਉਹ ਹੁਣ ਭਾਰਤ ਸਰਕਾਰ ਦਾ ਹਿੱਸਾ ਨਹੀਂ ਹੈ। ਦੋਸ਼ਪੱਤਰ ਵਿਚ ਯਾਦਵ ਉੱਤੇ ਭਾੜੇ ਦੇ ਕਾਤਲ ਦੀਆਂ ਸੇਵਾਵਾਂ ਲੈਣ ਤੇ ਮਨੀ ਲਾਂਡਰਿੰਗ ਦੀ ਸਾਜ਼ਿਸ਼ ਸਣੇ ਕੁੱਲ ਤਿੰਨ ਦੋਸ਼ ਲਾਏ ਗਏ ਹਨ। ਨਿਆਂ ਵਿਭਾਗ ਨੇ ਕਿਹਾ ਕਿ ਯਾਦਵ ਇਸ ਵੇਲੇ ਫਰਾਰ ਹੈ ਜਦੋਂਕਿ ਉਸ ਦੇ ਸਹਿ-ਸਾਜ਼ਿਸ਼ਘਾੜੇ ਨਿਖਿਲ ਗੁਪਤਾ ਨੂੰ ਪਿਛਲੇ ਸਾਲ ਚੈੱਕ ਗਣਰਾਜ ਵਿਚ ਗ੍ਰਿਫ਼ਤਾਰ ਕੀਤੇ ਜਾਣ ਮਗਰੋਂ ਅਮਰੀਕਾ ਦੇ ਸਪੁਰਦ ਕਰ ਦਿੱਤਾ ਗਿਆ ਹੈ। ਉਹ ਇਸ ਵੇਲੇ ਅਮਰੀਕਾ ਦੀ ਜੇਲ੍ਹ ਵਿਚ ਬੰਦ ਹੈ। ਅਮਰੀਕੀ ਅਟਾਰਨੀ ਜਨਰਲ ਮੈਰਿਕ ਬੀ.ਗਾਰਲੈਂਡ ਨੇ ਕਿਹਾ, ‘‘ਅੱਜ ਦੇ ਦੋਸ਼ਾਂ ਤੋਂ ਸਾਫ਼ ਹੈ ਕਿ ਨਿਆਂ ਵਿਭਾਗ ਅਮਰੀਕੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ, ਉਨ੍ਹਾਂ ਦੀ ਜਾਨ ਜੋਖ਼ਮ ਵਿਚ ਪਾਉਣ ਤੇ ਉਨ੍ਹਾਂ ਦੇ ਅਧਿਕਾਰਾਂ ਨੂੰ ਕਮਜ਼ੋਰ ਕਰਨ ਦੀ ਕਿਸੇ ਵੀ ਕੋਸ਼ਿਸ਼ ਨੂੰ ਸਵੀਕਾਰ ਨਹੀਂ ਕਰੇਗਾ।’’ ਐੱਫਬੀਆਈ ਡਾਇਰੈਕਟਰ ਕ੍ਰਿਸਟੋਫ਼ਰ ਰੇਅ ਨੇ ਕਿਹਾ, ‘‘ਮੁਲਜ਼ਮ, ਜੋ ਭਾਰਤ ਸਰਕਾਰ ਦਾ ਮੁਲਾਜ਼ਮ ਹੈ, ਨੇ ਹੋਰਨਾਂ ਅਪਰਾਧੀਆਂ ਨਾਲ ਸਾਜ਼ਿਸ਼ ਘੜ ਕੇ ਇਕ ਅਮਰੀਕੀ ਨਾਗਰਿਕ ਨੂੰ ਅਮਰੀਕੀ ਧਰਤੀ ’ਤੇ ਮਾਰਨ ਦੀ ਕੋਸ਼ਿਸ਼ ਕੀਤੀ।’’
ਭਾਰਤ ਸਰਕਾਰ ਇਸ ਘਟਨਾ ਵਿਚ ਕਿਸੇ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕਰਦੀ ਰਹੀ ਹੈ। ਉਂਝ ਅਮਰੀਕਾ ਵੱਲੋਂ ਲਾਏ ਉਪਰੋਕਤ ਦੋਸ਼ਾਂ ਤੋਂ ਬਾਅਦ ਨਵੀਂ ਦਿੱਲੀ ਨੇ ਮਾਮਲੇ ਦੀ ਜਾਂਚ ਲਈ ਜਾਂਚ ਕਮੇਟੀ ਜ਼ਰੂਰ ਬਣਾਈ ਹੈ, ਜੋ ਇਸ ਵੇਲੇ ਵਾਸ਼ਿੰਗਟਨ ਡੀਸੀ ਵਿਚ ਹੈ। ਅਮਰੀਕੀ ਨਿਆਂ ਵਿਭਾਗ ਨੇ ਇਸ ਮਾਮਲੇ ਵਿਚ ਭਾਰਤ ਤੋਂ ਮਿਲੇ ਸਹਿਯੋਗ ’ਤੇ ਤਸੱਲੀ ਜਤਾਈ ਹੈ। ਅਮਰੀਕੀ ਨਿਆਂ ਵਿਭਾਗ ਨੇ ਪੰਨੂ ਮਾਮਲੇ ਵਿਚ ਦੂਜਾ ਦੋਸ਼ਪੱਤਰ ਅਜਿਹੇ ਮੌਕੇ ਦਾਖ਼ਲ ਕੀਤਾ ਹੈ, ਜਦੋਂ ਪਿਛਲੇ 48 ਘੰਟਿਆਂ ਤੋਂ ਵਾਸ਼ਿੰਗਟਨ ਡੀਸੀ ਵਿਚ ਮੌਜੂਦ ਭਾਰਤੀ ਜਾਂਚ ਦਲ ਵੱਲੋਂ ਐੇੱਫਬੀਆਈ, ਨਿਆਂ ਵਿਭਾਗ ਤੇ ਵਿਦੇਸ਼ ਵਿਭਾਗ ਨਾਲ ਇਸ ਮਾਮਲੇ ’ਤੇ ਬੈਠਕਾਂ ਦਾ ਸਿਲਸਿਲਾ ਜਾਰੀ ਹੈ।
ਅਠਾਰਾਂ ਸਫ਼ਿਆਂ ਦੇ ਦੂਜੇ ਦੋਸ਼ਪੱਤਰ ਵਿਚ ਸਾਂਝੀਆਂ ਕੀਤੀਆਂ ਤਸਵੀਰਾਂ ਵਿਚੋਂ ਡਾਲਰਾਂ ਦੇ ਲੈੈਣ-ਦੇਣ ਵਾਲੀ ਤਸਵੀਰ 9 ਜੂਨ 2023 ਦੀ ਦੱਸੀ ਜਾਂਦੀ ਹੈ। ਸੰਘੀ ਵਕੀਲਾਂ ਦਾ ਦਾਅਵਾ ਹੈ ਕਿ ਗੁਪਤਾ ਤੇ ਯਾਦਵ ਦੀ ਤਰਫ਼ੋ ਇਹ ਪੈਸਾ ਪੰਨੂ ਦੀ ਹੱਤਿਆ ਲਈ ਦਿੱਤਾ ਗਿਆ ਸੀ। ਦੋਸ਼ ਪੱਤਰ ਮੁਤਾਬਕ ਯਾਦਵ ਨੇ ਆਪਣੇ ਸਹਿ-ਸਾਜ਼ਿਸ਼ਘਾੜੇ ਨਿਖਿਲ ਗੁਪਤਾ ਨਾਲ ਮਿਲ ਕੇ ਸਿੱਖ ਵੱਖਵਾਦੀ ਆਗੂ ਨੂੰ 2023 ਦੀਆਂ ਗਰਮੀਆਂ ’ਚ ਕਤਲ ਕਰਨ ਦੀ ਸਾਜ਼ਿਸ਼ ਘੜੀ ਸੀ। ਗੁਪਤਾ ਨੇ ਅੱਗੇ ਕਿਸੇ ਵਿਅਕਤੀ ਨੂੰ 1 ਲੱਖ ਡਾਲਰ ਵਿਚ ਪੰਨੂ ਦੇ ਕਤਲ ਦੀ ਸੁਪਾਰੀ ਦਿੱਤੀ। ਹੱਤਿਆਰੇ ਨੂੰ 9 ਜੂਨ 2023 ਨੂੰ 15000 ਡਾਲਰ ਦੀ ਐਡਵਾਂਸ ਅਦਾਇਗੀ ਕੀਤੀ ਗਈ ਸੀ। ਇਸੇ ਮਹੀਨੇ ਰਾਸ਼ਟਰਪਤੀ ਜੋਅ ਬਾਇਡਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਇਤਿਹਾਸਕ ਫੇਰੀ ਲਈ ਸੱਦਾ ਦਿੱਤਾ ਸੀ। ਦੋਵਾਂ ਆਗੂਆਂ ਦੀ ਮਿਲਣੀ 22 ਜੂਨ ਨੂੰ ਹੋਈ। ਦੋਸ਼ਪੱਤਰ ਮੁਤਾਬਕ ਯਾਦਵ ਨੇ ਗੁਪਤਾ ਨੂੰ ਕਿਹਾ ਕਿ ਉਹ ਭਾੜੇ ਦੇ ਕਾਤਲ ਉੱਤੇ ਪ੍ਰਧਾਨ ਮੰਤਰੀ ਮੋਦੀ ਦੀ ਇਸ ਸਰਕਾਰੀ ਫੇਰੀ ਤੋਂ ਪਹਿਲਾਂ ਕੰਮ ਪੂਰਾ ਕਰਨ ਲਈ ਜ਼ੋਰ ਪਾਏ। -ਪੀਟੀਆਈ
ਨਿੱਝਰ ਵਿਦੇਸ਼ੀ ਦਹਿਸ਼ਤਗਰਦ ਸੀ, ਜਿਸ ਨੇ ਸਿਆਸੀ ਸ਼ਰਨ ਲਈ ਜਾਅਲੀ ਦਸਤਾਵੇਜ਼ ਵਰਤੇ: ਬਰਨੀਅਰ
ਓਟਵਾ: ਕੈਨੇਡਾ ਵਿਚ ਵਿਰੋਧੀ ਪਾਰਟੀ ਦੇ ਆਗੂ ਮੈਕਸੀਮ ਬਰਨੀਅਰ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ’ਤੇ ਦੋਸ਼ ਲਾਇਆ ਕਿ ਉਹ ਹੋਰਨਾਂ ਵਿਵਾਦਾਂ/ਮਸਲਿਆਂ ਤੋਂ ਧਿਆਨ ਭਟਕਾਉਣ ਲਈ ਹੀ ਸਿੱਖ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਨੂੰ ਵਰਤ ਰਹੇ ਹਨ। ਪੀਪਲਜ਼ ਪਾਰਟੀ ਆਫ਼ ਕੈਨੇਡਾ ਦੇ ਆਗੂ ਬਰਨੀਅਰ ਨੇ ਟਰੂਡੋ ਸਰਕਾਰ ਨੂੰ ਸਲਾਹ ਦਿੱਤੀ ਕਿ ਉਹ ਅਤੀਤ ਵਿਚ ਹੋਈ ਪ੍ਰਸ਼ਾਸਕੀ ਗ਼ਲਤੀ ਨੂੰ ਦਰੁਸਤ ਕਰਦਿਆਂ ਮਰਨ ਉਪਰੰਤ ਖ਼ਾਲਿਸਤਾਨੀ ਦਹਿਸ਼ਤਗਰਦ (ਨਿੱਝਰ) ਦੀ ਨਾਗਰਿਕਤਾ ਵਾਪਸ ਲੈ ਲਏ। ਬਰਨੀਅਰ ਨੇ ਕਿਹਾ ਕਿ ਖ਼ਾਲਿਸਤਾਨੀ ਦਹਿਸ਼ਤਗਰਦ, ਜੋ ਇਸ ਪੂਰੇ ਵਿਵਾਦ ਵਿਚ ਕੇਂਦਰੀ ਧੁਰਾ ਹੈ, ਵਿਦੇਸ਼ੀ ਦਹਿਸ਼ਤਗਰਦ ਸੀ ਜਿਸ ਨੂੰ 2007 ਵਿਚ ਕਿਸੇੇ ਤਰ੍ਹਾਂ ਨਾਗਰਿਕਤਾ ਦਿੱਤੀ ਗਈ ਸੀ। ਉਂਝ ਬਰਨੀਅਰ ਨੇ ਕਿਹਾ ਕਿ ਰੌਇਲ ਕੈਨੇਡੀਅਨ ਮਾਊਂਟਿਡ ਪੁਲੀਸ (ਆਰਸੀਐੱਮਪੀ) ਤੇ ਲਿਬਰਲ ਸਰਕਾਰ ਵੱਲੋਂ ਕੈਨੇਡੀਅਨ ਧਰਤੀ ’ਤੇ ਅਪਰਾਧਿਕ ਸਰਗਰਮੀਆਂ ਵਿਚ ਭਾਰਤੀ ਡਿਪਲੋਮੈਟਾਂ ਦੀ ਸ਼ਮੂਲੀਅਤ ਸਬੰਧੀ ਲਾਏ ਦੋਸ਼, ਜੇ ਸੱਚ ਹਨ ਤਾਂ ਇਹ ਬਹੁਤ ਗੰਭੀਰ ਮਾਮਲਾ ਹੈ ਤੇ ਇਸ ਨਾਲ ਉਸੇ ਰੋਕ ਨਜਿੱਠਿਆ ਜਾਣਾ ਚਾਹੀਦਾ ਹੈ। -ਪੀਟੀਆਈ