For the best experience, open
https://m.punjabitribuneonline.com
on your mobile browser.
Advertisement

ਪੰਨੂ ਮਾਮਲਾ: ਚੈੱਕ ਗਣਰਾਜ ਨੇ ਨਿਖਿਲ ਗੁਪਤਾ ਨੂੰ ਅਮਰੀਕਾ ਦੇ ਸਪੁਰਦ ਕੀਤਾ

07:59 AM Jun 18, 2024 IST
ਪੰਨੂ ਮਾਮਲਾ   ਚੈੱਕ ਗਣਰਾਜ ਨੇ ਨਿਖਿਲ ਗੁਪਤਾ ਨੂੰ ਅਮਰੀਕਾ ਦੇ ਸਪੁਰਦ ਕੀਤਾ
Advertisement

ਵਾਸ਼ਿੰਗਟਨ: ਚੈੱਕ ਗਣਰਾਜ ਨੇ ਭਾਰਤੀ ਨਾਗਰਿਕ ਨਿਖਿਲ ਗੁਪਤਾ (52) ਨੂੰ ਅਮਰੀਕਾ ਦੇ ਸਪੁਰਦ ਕਰ ਦਿੱਤਾ ਹੈ। ਗੁਪਤਾ ਉੱਤੇ ਸਿੱਖ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਨੂੰ ਅਮਰੀਕੀ ਧਰਤੀ ’ਤੇ ਕਤਲ ਕਰਨ ਦੀ ਕਥਿਤ ਸਾਜ਼ਿਸ਼ ਵਿਚ ਸ਼ਾਮਲ ਹੋਣ ਦਾ ਦੋਸ਼ ਹੈ। ਪੰਨੂ ਕੋਲ ਅਮਰੀਕਾ ਤੇ ਕੈਨੇਡਾ ਦੀ ਦੋਹਰੀ ਨਾਗਰਿਕਤਾ ਹੈ। ਗੁਪਤਾ ਨੂੰ ਅਮਰੀਕੀ ਸਰਕਾਰ ਦੀ ਗੁਜ਼ਾਰਿਸ਼ ’ਤੇ ਪਿਛਲੇ ਸਾਲ ਚੈੱਕ ਗਣਰਾਜ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਚੈੱਕ ਗਣਰਾਜ ਦੀ ਸੰਵਿਧਾਨਕ ਕੋਰਟ ਨੇ ਗੁਪਤਾ ਦੀ ਅਮਰੀਕਾ ਨੂੰ ਹਵਾਲਗੀ ਖਿਲਾਫ਼ ਦਾਇਰ ਪਟੀਸ਼ਨ ਪਿਛਲੇ ਮਹੀਨੇ ਰੱਦ ਕਰ ਦਿੱਤੀ ਸੀ। ਅਮਰੀਕੀ ਸੰਘੀ ਵਕੀਲਾਂ ਨੇ ਕੋਰਟ ਵਿਚ ਦਾਅਵਾ ਕੀਤਾ ਸੀ ਕਿ ਗੁੁਪਤਾ ਇਕ ਭਾਰਤੀ ਅਧਿਕਾਰੀ ਦੀਆਂ ਹਦਾਇਤਾਂ ਮੁਤਾਬਕ ਕੰਮ ਕਰ ਰਿਹਾ ਸੀ। ਉਧਰ ਭਾਰਤ ਨੇ ਅਜਿਹੇ ਕਿਸੇ ਕੇਸ ਵਿਚ ਸ਼ਮੂਲੀਅਤ ਤੋਂ ਇਨਕਾਰ ਕਰਦਿਆਂ ਦੋਸ਼ਾਂ ਦੀ ਜਾਂਚ ਲਈ ਉੱਚ ਪੱਧਰੀ ਜਾਂਚ ਕਮੇਟੀ ਬਣਾਈ ਸੀ। ਗੁਪਤਾ ਨੂੰ ਹਾਲ ਦੀ ਘੜੀ ਬਰੁਕਲਿਨ ਦੇ ਸੰਘੀ ਮੈਟਰੋਪਾਲਿਟਨ ਡਿਟੈਨਸ਼ਨ ਸੈਂਟਰ ਵਿਚ ਰੱਖਿਆ ਗਿਆ ਹੈ ਤੇ ਉਸ ਨੂੰ ਅੱਜ ਨਿਊ ਯਾਰਕ ਦੀ ਫੈਡਰਲ ਕੋਰਟ ਵਿਚ ਪੇਸ਼ ਕੀਤਾ ਗਿਆ, ਜਿੱਥੇ ਉਸ ਨੇ ਆਪਣੇ ’ਤੇ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਰੋਜ਼ਨਾਮਚਾ ‘ਦਿ ਵਾਸ਼ਿੰਗਟਨ ਪੋਸਟ’ ਦੀ ਰਿਪੋਰਟ ਮੁਤਾਬਕ ਗੁਪਤਾ ਨੂੰ ਸ਼ਨਿੱਚਰਵਾਰ/ਐਤਵਾਰ ਨੂੰ ਨਿਊਯਾਰਕ ਲਿਆਂਦਾ ਗਿਆ ਹੈ ਤੇ ਕਾਨੂੰਨ ਮੁਤਾਬਕ ਮੁਲਜ਼ਮ ਦੀ ਕਿਸੇ ਦੂਜੇ ਮੁਲਕ ਤੋਂ ਸਪੁਰਦਗੀ ਹਾਸਲ ਕਰਨ ਮਗਰੋਂ ਦੇਸ਼ ਵਿਚ ਆਮਦ ਦੇ 24 ਘੰਟਿਆਂ ਅੰਦਰ ਉਸ ਨੂੰ ਕੋਰਟ ਵਿਚ ਪੇਸ਼ ਕਰਨਾ ਹੁੰਦਾ ਹੈ। ਸੰਘੀ ਵਕੀਲਾ ਂ ਨੇ ਚੈੱਕ ਗਣਰਾਜ ਦੀ ਕੋਰਟ ਵਿਚ ਦਾਅਵਾ ਕੀਤਾ ਸੀ ਕਿ ਗੁਪਤਾ ਨੇ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਲਈ ਇਕ ਪੇਸ਼ੇਵਰ ਦੀ ਮਦਦ ਲਈ ਸੀ ਤੇ ਉਸ ਨੂੰ ਐਡਵਾਂਸ 15000 ਡਾਲਰ ਦੀ ਅਦਾਇਗੀ ਕੀਤੀ ਸੀ। ਗੁਪਤਾ ਨੇ ਹਾਲਾਂਕਿ ਆਪਣੇ ਅਟਾਰਨੀ ਜ਼ਰੀਏ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਸੀ ਕਿ ਉਸ ’ਤੇ ‘ਪੱਖਪਾਤੀ ਢੰਗ ਨਾਲ ਦੋਸ਼’ ਲਾਏ ਗਏ ਹਨ। ਦਿ ਵਾਸ਼ਿੰਗਟਨ ਪੋਸਟ ਨੇ ਕਿਹਾ, ‘‘ਗੁਪਤਾ ਦੀ ਅਟਾਰਨੀ ਰੋਹਿਨੀ ਮੂਸਾ ਨੇ ਭਾਰਤ ਦੀ ਸੁਪਰੀਮ ਕੋਰਟ ਵਿਚ ਦਾਇਰ ਪਟੀਸ਼ਨ ਵਿਚ ਲਿਖਿਆ ਸੀ ਕਿ ਉਸ ਦੇ ਮੁਵੱਕਿਲ ਤੋਂ ਕੀਤੀ ਜਾ ਰਹੀ ਪੁੱਛ-ਪੜਤਾਲ ਗੈਰਵਾਜਬ ਹੈ ਕਿਉਂਕਿ ਪਟੀਸ਼ਨਕਰਤਾ ਨੂੰ ਪੀੜਤ (ਪੰਨੂ) ਦੀ ਹੱਤਿਆ ਦੀ ਕਥਿਤ ਸਾਜ਼ਿਸ਼ ਨਾਲ ਜੋੜਨ ਲਈ ਰਿਕਾਰਡ ’ਤੇ ਕੁਝ ਨਹੀਂ ਹੈ।’’ ਰਿਪੋਰਟ ਮੁਤਾਬਕ, ‘‘ਮੂਸਾ ਨੇ ਸ਼ਿਕਾਇਤ ਕੀਤੀ ਸੀ ਕਿ ਗੁਪਤਾ ਦੀ ਡਿਟੈਨਸ਼ਨ ਦੇ ਸ਼ੁਰੂਆਤੀ ਪੜਾਅ ਵਿਚ ਚੈੱਕ ਗਣਰਾਜ ਸਰਕਾਰ ਵੱਲੋਂ ਨਿਯੁਕਤ ਕੀਤੇ ਅਟਾਰਨੀ ਨੇ ‘ਅਮਰੀਕੀ ਏਜੰਸੀਆਂ ਦੇ ਬੇਲੋੜੇ ਦਬਾਅ ਹੇਠ’ ਉਸ ਨੂੰ ਉਲਟ ਕਾਨੂੰਨੀ ਸਲਾਹ ਦਿੱਤੀ ਸੀ।’’ ਗੁਪਤਾ ਨੂੰ ਅਮਰੀਕਾ ਦੇ ਹਵਾਲੇ ਅਜਿਹੇ ਮੌਕੇ ਕੀਤਾ ਗਿਆ ਹੈ ਜਦੋਂ ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਨ ਭਾਰਤ ਦੌਰੇ ’ਤੇ ਹਨ। ਦਿ ਵਾਸ਼ਿੰਗਟਨ ਪੋਸਟ ਨੇ ਇਸ ਸਾਲ ਅਪਰੈਲ ਵਿਚ ਆਪਣੀ ਇਕ ਰਿਪੋਰਟ ’ਚ ਦਾਅਵਾ ਕੀਤਾ ਸੀ ਕਿ ਗੁਰਪਤਵੰਤ ਪੰਨੂ ਦੇ ਕਤਲ ਦੀ ਸਾਜ਼ਿਸ਼ ਘੜਨ ਪਿੱਛੇ ਭਾਰਤ ਦੀ ਖੁਫੀਆ ਏਜੰਸੀ ‘ਰਾਅ’ ਦੇ ਅਧਿਕਾਰੀ ਵਿਕਰਮ ਯਾਦਵ ਦਾ ਹੱਥ ਸੀ। ਰਿਪੋਰਟ ਵਿਚ ਇਹ ਗੱਲ ਵੀ ਕਹੀ ਗਈ ਸੀ ਕਿ ਇਸ ਪੂਰੇ ਅਪਰੇਸ਼ਨ ਨੂੰ ‘ਰਾਅ’ ਮੁਖੀ ਸਾਮੰਤ ਗੋਇਲ ਨੇ ਮਨਜ਼ੂਰੀ ਦਿੱਤੀ ਸੀ। ਭਾਰਤ ਦਾ ਵਿਦੇਸ਼ ਮੰਤਰਾਲਾ ਹਾਲਾਂਕਿ ਪੰਨੂ ਦੇ ਕਤਲ ਦੀ ਸਾਜ਼ਿਸ਼ ਵਿਚ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਸਬੰਧੀ ਦਾਅਵਿਆਂ ਨੂੰ ‘ਗੈਰਵਾਜਬ ਤੇ ਬੇਬੁਨਿਆਦ’ ਦੱਸ ਕੇ ਖਾਰਜ ਕਰ ਚੁੱਕਾ ਹੈ। ਭਾਰਤ ਨੇ ਜਨਤਕ ਤੌਰ ’ਤੇ ਕਿਹਾ ਸੀ ਕਿ ਉਹ ਅਮਰੀਕਾ ਵੱਲੋਂ ਇਸ ਮਾਮਲੇ ਵਿਚ ਸਾਂਝੇ ਕੀਤੇ ਸਬੂਤਾਂ ਦੀ ਉੱਚ ਪੱਧਰੀ ਜਾਂਚ ਕਰ ਰਿਹਾ ਹੈ। -ਪੀਟੀਆਈ

Advertisement

Advertisement
Author Image

Advertisement
Advertisement
×