ਪੰਨੀਵਾਲਾ ਮੋਰੀਕਾ: ਮਾਈਨਰ ਵਿੱਚ 25 ਫੁੱਟ ਚੌੜਾ ਪਾੜ ਪਿਆ
ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 30 ਅਗਸਤ
ਪੰਜਾਬ ਵਿੱਚ ਬਰਸਾਤੀ ਪਾਣੀ ਦਾ ਦਬਾਅ ਵਧਣ ’ਤੇ ਪੰਜਾਬ ਸਿੰਚਾਈ ਵਿਭਾਗ ਵੱਲੋਂ ਕੋਟਲਾ ਬ੍ਰਾਂਚ ਵਿੱਚ ਪਾਣੀ ਹਰਿਆਣਾ ਵੱਲ ਛੱਡਣ ਦਾ ਖਾਮਿਆਜ਼ਾ ਹਰਿਆਣਵੀ ਪਿੰਡ ਪੰਨੀਵਾਲਾ ਮੋਰੀਕਾ ਦੇ ਕਿਸਾਨਾਂ ਅਤੇ ਗਰੀਬਾਂ ਨੂੰ ਭੁਗਤਣਾ ਪਿਆ। ਬੀਤੀ ਰਾਤ ਪੰਨੀਵਾਲਾ ਮੋਰੀਕਾ ਵਿਖੇ ਕੋਟਲਾ ਬ੍ਰਾਂਚ ਦਾ ਪੱਕਾ ਰਜਵਾਹਾ (ਮਾਈਨਰ ਨੰਬਰ 1) ਵਿੱਚ ਕਰੀਬ 25 ਫੁੱਟ ਚੌੜਾ ਪਾੜ ਪੈ ਗਿਆ, ਜਿਸ ਨਾਲ ਕਰੀਬ ਚਾਰ ਸੌ ਏਕੜ ਰਕਬੇ ਵਿੱਚ ਝੋਨੇ ਦੀ ਫ਼ਸਲ ਦੀ ਡੇਢ-ਦੋ ਫੁੱਟ ਪਾਣੀ ਭਰ ਗਿਆ। ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਪਿੰਡ ਦੀ ਫ਼ਿਰਨੀ ਤੱਕ ਪੁੱਜ ਗਿਆ। ਪਿੰਡ ਵਾਸੀਆਂ ਨੇ ਬਚਾਅ ਕਾਰਜ ਵਿੱਢ ਕੇ ਪਾਣੀ ਦਾ ਵਹਾਅ ਛੱਪੜ ਵੱਲ ਕਰ ਦਿੱਤਾ। ਡੱਬਵਾਲੀ ਦੇ ਵਿਧਾਇਕ ਅਮਿਤ ਸਿਹਾਗ ਨੇ ਮੌਕੇ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਤੁਰੰਤ ਪਾੜ ਭਰਨ ਦੇ ਨਿਰਦੇਸ਼ ਦਿੱਤੇ। ਕਿਸਾਨ ਰੁਪਿੰਦਰ ਸਿੰਘ ਸਰਾ ਨੇ ਕਿਹਾ ਕਿ ਬੀਤੀ ਦੇਰ ਰਾਤ ਕੋਟਲਾ ਬ੍ਰਾਂਚ ਵਿੱਚ ਪਾਣੀ ਦਾ ਦਬਾਅ ਵਧਣ ਕਰਕੇ ਮਾਈਨਰ ‘ਚ ਪਾੜ ਪਿਆ ਹੈ ਜਿਸ ਲਈ ਪੰਜਾਬ ਅਤੇ ਹਰਿਆਣਾ ਦੇ ਨਹਿਰੀ ਵਿਭਾਗ ਦੀ ਲਾਪਰਵਾਹੀ ਜ਼ਿੰਮੇਵਾਰ ਹੈ। ਰੁਪਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਪਿਛਲੇ ਦਸ ਸਾਲਾਂ ਵਿੱਚ ਇਹ ਮਾਈਨਰ 5-6 ਵਾਰ ਟੁੱਟ ਚੁੱਕੀ ਹੈ। ਇਸ ਨੂੰ ਤੁਰੰਤ ਨਵਾਂ ਬਣਾਇਆ ਜਾਣਾ ਚਾਹੀਦਾ ਹੈ।