ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜੀ ਦੀ ਡਾਇਰੀ

08:54 AM Aug 23, 2023 IST

ਸੁਰਿੰਦਰ ਸਿੰਘ ਰਾਏ

“ਕਾਕਾ, ਜਾਹ ਦੁਕਾਨ ਤੋਂ ਇੱਕ ਡਾਇਰੀ ਫੜ ਕੇ ਲਿਆ।” ਮੇਰੇ ਬੀ.ਐੱਸਸੀ. ਪਾਸ ਕਰਨ ਤੋਂ ਬਾਅਦ ਇੱਕ ਦਿਨ ਸਵੇਰ ਵੇਲੇ ਪਿਤਾ ਜੀ ਨੇ ਮੈਨੂੰ ਆਖਿਆ। ਮੈਂ ਉਨ੍ਹਾਂ ਦਾ ਆਖਾ ਮੰਨ ਸਾਈਕਲ ਚੁੱਕਿਆ ਤੇ ਝੱਟ ਦੁਕਾਨ ਤੋਂ ਇੱਕ ਦਸ ਰੁਪਏ ਦੀ ਡਾਇਰੀ ਖ਼ਰੀਦ ਲਿਆਇਆ। ਮੈਂ ਸਮਝਦਾ ਸੀ ਕਿ ਸ਼ਾਇਦ ਡਾਇਰੀ ਉਨ੍ਹਾਂ ਨੇ ਆਪਣੇ ਲਈ ਮੰਗਵਾਈ ਏ, ਪਰ ਉਨ੍ਹਾਂ ਨੇ ਡਾਇਰੀ ਤੇ ਪੈੱਨ ਲੈ ਕੇ ਮੈਨੂੰ ਆਪਣੇ ਕੋਲ ਬੁਲਾ ਲਿਆ। ਕੋਸੀ-ਕੋਸੀ ਧੁੱਪ ਵਿੱਚ ਮੈਂ ਉਨ੍ਹਾਂ ਕੋਲ ਮੰਜੇ ’ਤੇ ਹੀ ਬੈਠ ਗਿਆ। ਫਿਰ ਉਨ੍ਹਾਂ ਆਪਣੀ ਨਿੱਜੀ ਡਾਇਰੀ ਵਿੱਚੋਂ ਕੁਝ ਚੋਣਵੇਂ ਵਿਚਾਰ ਮੈਨੂੰ ਲਿਖਵਾਉਣੇ ਸ਼ੁਰੂ ਕੀਤੇ। ਉਹ ਬੋਲਦੇ ਗਏ ਤੇ ਮੈਂ ਆਪਣੀ ਡਾਇਰੀ ਵਿੱਚ ਲਿਖਦਾ ਗਿਆ।
ਜਿਉਂ-ਜਿਉਂ ਪਿਤਾ ਜੀ ਲਿਖਵਾਉਂਦੇ ਗਏ ਤਿਉਂ-ਤਿਉਂ ਲਿਖਣ ਵਿੱਚ ਮੇਰੀ ਦਿਲਚਸਪੀ ਵੀ ਵਧਦੀ ਗਈ। ਇਸ ਤਰ੍ਹਾਂ ਉਨ੍ਹਾਂ ਮੈਨੂੰ ਲਗਭਗ ਸੌ ਡੇਢ ਸੌ ਵਿਚਾਰ ਲਿਖਾ ਦਿੱਤੇ। ਫਿਰ ਆਖਿਆ, “ਕਾਕਾ, ਤੂੰ ਹੁਣ ਆਪਣੀ ਮੁੱਢਲੀ ਪੜ੍ਹਾਈ ਪੂਰੀ ਕਰ ਲਈ ਏ ਤੇ ਸਮਝਣ ਦੇ ਯੋਗ ਹੋ ਗਿਐਂ। ਇਸ ਕਰਕੇ ਮੈਂ ਤੈਨੂੰ ਇਹ ਵਿਚਾਰ ਲਿਖਾਏ ਨੇ। ਇਹ ਬੜੀਆਂ ਕੰਮ ਦੀਆਂ ਗੱਲਾਂ ਨੇ। ਇਨ੍ਹਾਂ ਨੂੰ ਆਪਣੇ ਮਨ ਵਿੱਚ ਵਿਚਾਰੀਦਾ ਤੇ ਯਾਦ ਰੱਖੀਦੈ।” ਸਮਾਂ ਬੀਤਣ ਨਾਲ ਇਹ ਵਿਚਾਰ ਮੈਨੂੰ ਹੋਰ ਵੀ ਵਧੇਰੇ ਸੋਹਣੇ ਲੱਗਣ ਲੱਗ ਪਏ। ਜ਼ਿੰਦਗੀ ’ਚ ਜਦੋਂ ਵੀ ਮੈਨੂੰ ਕੋਈ ਛੋਟੀ-ਮੋਟੀ ਸਮੱਸਿਆ ਆਉਂਦੀ ਤਾਂ ਮੈਂ ਉਸ ਡਾਇਰੀ ਨੂੰ ਪੜ੍ਹ ਲੈਂਦਾ ਤੇ ਫਿਰ ਮੈਨੂੰ ਕੋਈ ਨਾ ਕੋਈ ਅਜਿਹਾ ਵਿਚਾਰ ਜ਼ਰੂਰ ਮਿਲ ਜਾਂਦਾ, ਜੋ ਮੇਰੇ ਲਈ ਇੱਕ ਟੌਨਿਕ ਵਾਂਗ ਕੰਮ ਕਰਦਾ।
ਇਸ ਡਾਇਰੀ ਦੇ ਕਾਰਨ ਮੈਨੂੰ ਵੀ ਨਵੇਂ-ਨਵੇਂ ਵਿਚਾਰ ਲਿਖਣ ਦੀ ਆਦਤ ਪੈ ਗਈ। ਆਪਣੀ ਜਾਂ ਦੂਜਿਆਂ ਦੀ ਗਲਤੀ ਤੋ ਮੈਨੂੰ ਜੋ ਵੀ ਸਿੱਖਿਆ ਮਿਲਦੀ, ਮੈਂ ਉਸ ਨੂੰ ਇੱਕ ਵਿਚਾਰ ਦੇ ਰੂਪ ਵਿੱਚ ਝੱਟ ਡਾਇਰੀ ’ਤੇ ਲਿਖ ਲੈਂਦਾ। ਦਸ ਕੁ ਸਾਲਾਂ ਵਿੱਚ ਮੈਂ ਆਪਣੇ ਤਜਰਬੇ ਦੇ ਆਧਾਰ ’ਤੇ ਤਿੰਨ-ਚਾਰ ਸੌ ਦੇ ਕਰੀਬ ਨਿੱਜੀ ਵਿਚਾਰ ਇਸ ਡਾਇਰੀ ਉੱਤੇ ਹੋਰ ਲਿਖ ਲਏ। ਮੈਂ ਉਸ ਡਾਇਰੀ ਨੂੰ ਬੜੀ ਸਾਂਭ-ਸਾਂਭ ਕੇ ਰੱਖਦਾ। ਜਿਵੇਂ ਉਸ ਨਾਲ ਮੇਰਾ ਜਜ਼ਬਾਤੀ ਮੋਹ ਪੈ ਗਿਆ ਹੋਵੇ। ਜਦੋਂ ਵੀ ਮੈਂ ਆਪਣੀ ਅਲਮਾਰੀ ਖੋਲ੍ਹਦਾ ਤਾਂ ਉਸ ਡਾਇਰੀ ਨੂੰ ਪੜ੍ਹੇ ਬਗੈਰ ਨਾ ਰਹਿੰਦਾ। ਜੇ ਪੜ੍ਹਨ ਲਈ ਟਾਈਮ ਨਾ ਵੀ ਹੁੰਦਾ ਤਾਂ ਉਸ ਨੂੰ ਵੇਖ ਕੇ ਹੀ ਸਰੂਰ ਮਿਲ ਜਾਂਦਾ।

“ਦਾਦੀ ਮਾਂ, ਤੂੰ ਮੇਰੇ ਨਾਲ ਕਈ ਦਿਨਾਂ ਤੋਂ ਵਟੀ-ਵਟੀ ਜਈ ਰਹਿੰਨੀ ਐਂ। ਮੈਂ ਤਾਂ ਤੈਨੂੰ ਕਦੇ ਕੁਝ ਨਹੀਂ ਆਖਿਆ।” ਆਪਣੀ ਦਾਦੀ ਨੂੰ ਨਾਰਾਜ਼ ਹੋਈ ਵੇਖ ਇੱਕ ਦਿਨ ਮੈਂ ਉਸ ਨੂੰ ਪੁੱਛ ਹੀ ਲਿਆ।
“ਉਸ ਮੁੰਡੇ ਨਾਲ ਕਿਆ ਬੋਲਣਾ, ਜਿਹੜਾ ਕਦੇ ਆਖਾ ਈ ਨਾ ਮੰਨੇ।” ਮੇਰੀ ਗੱਲ ਸੁਣ ਦਾਦੀ ਝੱਟ ਬੋਲੀ।
“ਮਾਂ, ਮੈਂ ਤੇਰਾ ਕਿਹੜਾ ਆਖਾ ਨ੍ਹੀਂ ਮੰਨਿਆ?” ਮੈਂ ਪੁੱਛਿਆ।
“ਆਹਾਂ, ਪਰਸੋਂ-ਚੌਥੇ ਮੇਰੀ ਰੂਹ ਬਰਫ਼ੀ ਖਾਣ ਨੂੰ ਕਰਦੀ ਤੀ। ਮੈਂ ਤੈਨੂੰ ਸ਼ਹਿਰ ਜਾਣ ਲੱਗੇ ਆਪਣੇ ਲਈ ਦੋ-ਟੁੱਕ ਬਰਫ਼ੀ ਲਿਆਉਣ ਲਈ ਆਖਿਆ ਤਾਂ ਉਹ ਤਾਂ ਤੂੰ ਲੈ ਕੇ ਨ੍ਹੀਂ ਆਇਆ। ਬੋਲਣਾ ਤੇਰੇ ਨਾਲ ਕੀ ਆ।” ਦਾਦੀ ਮਾਂ ਨੇ ਨੱਕ ਵੱਟਦਿਆਂ ਆਖਿਆ।
“ਦਾਦੀ ਮਾਂ, ਤੈਂ ਮੈਨੂੰ ਆਖਿਆ ਸੀ?” ਮੈਂ ਪੁੱਛਿਆ। “ਹੋਰ ਮੈਂ ਝੂਠ ਬੋਲਦੀ ਆਂ।” ਉਹ ਖਿੱਝ ਕੇ ਬੋਲੀ।
“ਦਾਦੀ ਮਾਂ, ਮੈਨੂੰ ਚੇਤਾ ਭੁੱਲ ਗਿਆ। ਮੈਂ ਕੱਲ੍ਹ ਸ਼ਹਿਰ ਗਿਆ, ਤੇਰੇ ਲਈ ਬਰਫ਼ੀ ਜ਼ਰੂਰ ਲੈ ਕੇ ਆਊਂ।” ਮੇਰੇ ਇੰਨਾ ਆਖਣ ’ਤੇ ਦਾਦੀ ਖ਼ੁਸ਼ ਹੋ ਗਈ। ਫਿਰ ਮੈਂ ਉਸ ਕੋਲ ਬੈਠਾ ਉਸ ਦੀਆਂ ਲੱਤਾਂ ਘੁੱਟਣ ਲੱਗ ਪਿਆ। ਉਹ ਹੋਰ ਖ਼ੁਸ਼ ਹੋ ਗਈ। ਖ਼ੁਸ਼ ਹੋ ਕੇ ਮੇਰੇ ਨਾਲ ਆਮ ਵਾਂਗ ਗੱਲਾਂ ਕਰਨ ਲੱਗ ਪਈ, ਜਿਵੇਂ ਉਹ ਮੇਰੇ ’ਤੇ ਪੂਰੀ ਮਿਹਰਬਾਨ ਹੋ ਗਈ ਹੋਵੇ। ਉਹ ਗੱਲਾਂ ਦੀ ਲੜੀ ਟੁੱਟਣ ਹੀ ਨਹੀਂ ਸੀ ਦੇ ਰਹੀ। ਉਸ ਦੀਆਂ ਹੱਡਬੀਤੀਆਂ ਤੇ ਤਜਰਬੇ ਵਾਲੀਆਂ ਗੱਲਾਂ ਸੁਣ-ਸੁਣ ਮੈਨੂੰ ਬੜਾ ਆਨੰਦ ਆ ਰਿਹਾ ਸੀ। ਗੱਲਾਂ ਸੁਣਦੇ ਮੈਨੂੰ ਇਉਂ ਲੱਗ ਰਿਹਾ ਸੀ, ਜਿਵੇਂ ਮੈਂ ਮਖੀਲ ’ਚੋਂ ਸ਼ਹਿਦ ਚੋਅ ਰਿਹਾ ਹੋਵਾਂ। ਉਹਦੀਆਂ ਗੱਲਾਂ ਵਿੱਚੋਂ ਮੈਨੂੰ ਜੋ ਕੰਮ ਦੀ ਗੱਲ ਲੱਗਦੀ, ਮੈਂ ਝੱਟ ਨੋਟ ਕਰ ਲੈਂਦਾ। ਮੈਂ ਦਾਦੀ ਨੂੰ ਐਨਾ ਧਿਆਨ ਨਾਲ ਸੁਣ ਰਿਹਾ ਸੀ, ਉਹ ਖ਼ੁਸ਼ ਹੋ ਕੇ ਲੰਮਾ ਸਮਾਂ ਗੱਲਾਂ ਸੁਣਾਈ ਗਈ, ਪਰ ਮੈਂ ਆਪਣੇ ਅੰਦਰ ਦੀ ਚਲਾਕੀ ਉਸ ਨੂੰ ਬਿਲਕੁਲ ਜ਼ਾਹਰ ਨਾ ਹੋਣ ਦਿੱਤੀ।
“ਸ਼ਿੰਦਰ, ਤੈਨੂੰ ਮੈਂ ਇੱਕ ਪੁਰਾਣੀ ਕਹਾਵਤ ਸੁਣਾਉਣੀ ਐ।” ਗੱਲ ਕਰਦੇ-ਕਰਦੇ ਉਸ ਆਖਿਆ।
“ਇੱਕ ਵਾਰ ਇੱਕ ਕਾਉਣੀ ਆਪਣੇ ਛੋਟੇ ਜਿਹੇ ਬੱਚੇ ਨੂੰ ਸਮਝਾ ਰਹੀ ਤੀ ਬਈ ਕਾਕਾ, ਜਦੋਂ ਆਪਣੇ ਆਲ੍ਹਣੇ ਤੋਂ ਬਾਹਰ ਜਾਈਦਾ ਤਾਂ ਚੌਹੀਂ ਪਾਸੀਂ ਨਿਗ੍ਹਾ ਰੱਖੀਦੀ ਆ। ਪਹਿਲਾਂ ਉਡਾਰੀ ਮਾਰ ਕੇ ਬਨੇਰੇ ਉੱਤੇ ਬੈਠੀਦਾ, ਫਿਰ ਬੜੀ ਚੁਸਤੀ ਨਾਲ ਆਲਾ-ਦੁਆਲਾ ਵੇਖ ਕੇ ਰੋਟੀ ਦਾ ਟੁਕੜਾ ਚੁੱਕੀਦਾ। ਚੁੱਪ-ਚਾਪ ਟੁਕੜਾ ਚੁੱਕ ਕੇ ਕਾਹਲੀ-ਕਾਹਲੀ ਉੱਡ ਜਾਈਦਾ। ਲੋਕ ਬੜੇ ਸ਼ੈਤਾਨ ਹੁੰਦੇ ਆ। ਕੋਈ ਰੋੜਾ ਮਾਰ ਸਕਦੈ, ਕੋਈ ਢੀਮ। ਲੋਕਾਂ ਦੇ ਹੱਥਾਂ ਵੱਲ ਵੀ ਵੇਖੀਦਾ।”
ਫਿਰ ਆਪਣੀ ਮਾਂ ਦੀ ਗੱਲ ਸੁਣ ਕੇ ਬੱਚਾ ਕਾਂ ਬੋਲਿਆ, “ਮਾਂ, ਜੇ ਢੀਮ ਕਿਸੇ ਦੀ ਬੁੱਕਲ ਵਿੱਚ ਹੋਵੇ, ਤਾਂ ਫਿਰ?”
ਤਾਂ ਕਾਉਣੀ ਝੱਟ ਬੋਲੀ, “ਕਾਕਾ, ਹੁਣ ਤੂੰ ਉਡਾਰੂ ਹੋ ਗਿਆਂ। ਹੁਣ ਤੈਨੂੰ ਸਮਝਾਉਣ ਦੀ ਲੋੜ ਨਹੀਂ ਐਂ। ਕਾਉਣੀ ਬੇਫਿਕਰ ਬੱਚੇ ਨੂੰ ਇਕੱਲਾ ਛੱਡ ਕੇ ਕਿਧਰੇ ਉੱਡ ਗਈ।” ਮੈਨੂੰ ਦਾਦੀ ਮਾਂ ਦੀ ਇਹ ਕਹਾਣੀ ਬਹੁਤ ਪਸੰਦ ਆਈ। ਇਸ ਕਹਾਣੀ ਵਿੱਚੋਂ ਮੈਨੂੰ ਢੇਰ ਸਾਰੀ ਸਿੱਖਿਆ ਮਿਲ ਗਈ।
“ਸ਼ਿੰਦਰ, ਹੁਣ ਮੈਂ ਥੱਕ ਗਈ ਆਂ। ਜਾਹ ਮੇਰੇ ਲਈ ਗਰਮ-ਗਰਮ ਚਾਹ ਦਾ ਇੱਕ ਕੱਪ ਲੈ ਕੇ ਆ। ਪੱਤੀ ਥੋੜ੍ਹੀ ਜਿਹੀ ਤੇਜ਼ ਰੱਖੀਂ।” ਇਹ ਕਹਾਣੀ ਸੁਣਾ ਕੇ ਉਸ ਮੈਨੂੰ ਆਖਿਆ। ਮੈਂ ਝੱਟ ਰਸੋਈ ਵਿੱਚ ਗਿਆ ਤੇ ਦਾਦੀ ਲਈ ਚਾਹ ਤੇ ਬਿਸਕੁਟ ਲੈ ਕੇ ਆ ਗਿਆ।
“ਸ਼ਿੰਦਰ, ਹੁਣ ਤੂੰ ਜਾ ਕੇ ਆਪਣਾ ਕੁਝ ਪੜ੍ਹ ਲੈ। ਤੇਰੀ ਮੰਮੀ ਆਖੂਗੀ, ਮੁੰਡਾ ਵਿਹਲਾ ਬੈਠਾ ਊਂਈ ਆਪਣਾ ਟੈਮ ਖਰਾਬ ਕਰੀ ਜਾਂਦਾ ਐ। ਕੋਈ ਘਰ ਦਾ ਕੰਮ ਨ੍ਹੀਂ ਕਰਦਾ। ਐਵੇਂ ਮੈਨੂੰ ਵੀ ਕੁਝ ਬੁਰਾ-ਭਲਾ ਆਖੂ। ਭਾਈ ਨੂੰਹਾਂ ਤੋਂ ਡਰਨਾ ਈ ਪੈਂਦਾ ਐ।” ਫਿਰ ਦਾਦੀ ਨੇ ਮੁਸਕੜੀ ਜਿਹੇ ਹੱਸਦਿਆਂ ਮਜ਼ਾਕ ਵਿੱਚ ਆਖਿਆ।
“ਦਾਦੀ, ਤੂੰ ਮੇਰੀ ਮੰਮੀ ਤੋਂ ਨਾ ਡਰਿਆ ਕਰ। ਮੈਂ ਤੇਰੇ ਨਾਲ ਆਂ।” ਮੇਰੇ ਇਵੇਂ ਆਖਣ ’ਤੇ ਦਾਦੀ ਮੂੰਹ ਦੀਆਂ ਝੁਰੜੀਆਂ ਵਿੱਚੋਂ ਦੀ ਨਿੰਮਾ-ਨਿੰਮਾ ਜਿਹਾ ਮੁਸਕਰਾਈ, ਜਿਵੇਂ ਮੈਨੂੰ ਵੀ ਟਿੱਚ ਜਾਣਿਆ ਹੋਵੇ।
“ਅਖ਼ਬਾਰਾਂ ਵੇਚ ਲਓ। ਰੱਦੀ ਵੇਚ ਲਓ।” ਇੰਨੇ ਨੂੰ ਗਲੀ ਵਿੱਚੋਂ ਰੱਦੀ ਖ਼ਰੀਦਣ ਵਾਲੇ ਦੀ ਆਵਾਜ਼ ਮੇਰੀ ਦਾਦੀ ਦੇ ਕੰਨੀਂ ਪਈ। ਉਹ ਮੰਜੇ ਤੋਂ ਝੱਬਦੇ ਉੱਠੀ ਤੇ ਘਰ ਦੇ ਕਾਗਜ਼ ਪੱਤਰਾਂ ਤੇ ਅਖ਼ਬਾਰਾਂ ਦੀ ਰੱਦੀ ਚੁੱਕ ਰੱਦੀ ਖ਼ਰੀਦਣ ਵਾਲੇ ਭਾਈ ਕੋਲ ਪਹੁੰਚ ਗਈ। ਪਹਿਲਾਂ ਵਾਂਗ ਹੀ ਘਰ ਦੇ ਟੁੱਟੇ-ਫੁੱਟੇ ਸਾਮਾਨ ਤੇ ਅਖ਼ਬਾਰਾਂ ਦੀ ਰੱਦੀ ਤੋਂ ਜੋ ਉਸ ਨੂੰ ਵੱਟਕ ਹੋਈ, ਉਹ ਉਸ ਨੇ ਆਪਣੇ ਕੋਲ ਈ ਰੱਖ ਲਈ। ਇੰਨੇ ਕੁ ਪੈਸਿਆਂ ਨਾਲ ਉਹ ਖ਼ੁਸ਼ ਹੋ ਗਈ।
“ਸ਼ਿੰਦਰ, ਅਹਿ ਫੜ ਦਸ ਰੁਪਈਏ। ਇਹਦੀ ਸ਼ਾਮ ਨੂੰ ਮੇਰੇ ਲਈ ਸ਼ਹਿਰੋਂ ਬਰਫ਼ੀ ਲੈ ਕੇ ਆਈਂ।” ਉਸ ਵੱਟੇ ਪੈਸਿਆਂ ਵਿੱਚੋਂ ਦਸ ਰੁਪਏ ਫੜਾਉਂਦਿਆਂ ਮੈਨੂੰ ਆਖਿਆ।
“ਦਾਦੀ ਮਾਂ, ਇਹ ਪੈਸੇ ਆਪਣੀ ਜੇਬ੍ਹ ਵਿੱਚ ਪਾ ਲੈ। ਮੈਂ ਤੈਨੂੰ ਆਪਣੇ ਪੈਸਿਆਂ ਦੀ ਬਰਫ਼ੀ ਲੈ ਕੇ ਆਊਂਗਾ।”
“ਦੇਖੀਂ ਕਿਤੇ ਪਹਿਲਾਂ ਵਾਂਗ ਚੇਤਾ ਨਾ ਭੁਲਾ ਦਈਂ।” ਉਸ ਨੇ ਬੜੇ ਗੌਰ ਨਾਲ ਮੈਨੂੰ ਆਖਿਆ ਤੇ ਫਿਰ ਮੈਂ ਆਪਣੇ ਕਮਰੇ ਅੰਦਰ ਗਿਆ। ਜੋ ਅੱਜ ਦਾਦੀ ਤੋਂ ਸਿੱਖਿਆ ਸੀ, ਝੱਟ ਦੇਣੀ ਆਪਣੀ ਡਾਇਰੀ ਵਿੱਚ ਲਿਖ ਲਿਆ। ਮੈਨੂੰ ਜਦੋਂ ਕੋਈ ਹੋਰ ਕੰਮ ਨਾ ਹੁੰਦਾ ਤਾਂ ਸੁੱਤੇ ਸਿੱਧ ਮੈਂ ਆਪਣੀ ਡਾਇਰੀ ਪੜ੍ਹਨ ਬੈਠ ਜਾਂਦਾ। ਕਈ ਵਿਚਾਰ ਤਾਂ ਪਿਤਾ ਜੀ ਦੇ ਲਿਖਾਏ ਹੋਏ ਸਨ ਤੇ ਕਈ ਮੈਂ ਖ਼ੁਦ ਲਿਖੇ ਹੋਏ ਸਨ। ਜਿਉਂ-ਜਿਉਂ ਉਮਰ ਵਿੱਚ ਵਡੇਰਾ ਹੁੰਦਾ ਗਿਆ ਤਾਂ ਮੈਂ ਵਿਚਾਰਾਂ ਦੀ ਡੂੰਘਾਈ ਵਿੱਚ ਜਾਣ ਦੀ ਕੋਸ਼ਿਸ਼ ਕਰਦਾ ਰਹਿੰਦਾ। ਜੋ ਵਿਚਾਰ ਮੈਨੂੰ ਪਹਿਲਾਂ ਸਮਝ ਨਹੀਂ ਸਨ ਲੱਗੇ ਜਾਂ ਜਿਨ੍ਹਾਂ ਦੇ ਅਰਥ ਮੇਰੀ ਸਮਝ ਤੋਂ ਬਾਹਰ ਸਨ, ਉਹ ਹੌਲੀ-ਹੌਲੀ ਵਡੇਰੀ ਉਮਰ ਵਿੱਚ ਸਮਝ ਆਉਣ ਲੱਗ ਪਏ ਸਨ। ਵਾਰ-ਵਾਰ ਵਿਚਾਰ ਪੜ੍ਹ ਕੇ ਮੈਨੂੰ ਅਜੀਬ ਜਿਹੀ ਖ਼ੁਸ਼ੀ ਤੇ ਆਨੰਦ ਮਿਲਦਾ। ਜਿਵੇਂ ਰੂਹ ਖਿੜ ਜਾਂਦੀ ਹੋਵੇ। ਪੜ੍ਹਦਾ-ਪੜ੍ਹਦਾ ਮੈਂ ਆਪਣੇ ਲਿਖੇ ਵਿਚਾਰਾਂ ਦੀ ਕਾਂਟ-ਛਾਂਟ ਵੀ ਕਰਦਾ ਰਹਿੰਦਾ ਤੇ ਸੋਧ ਵੀ ਕਰ ਲੈਂਦਾ। ਸਮਾਂ ਬੀਤਣ ਨਾਲ ਮੈਨੂੰ ਬਹੁਤ ਸਾਰੇ ਵਿਚਾਰ ਜ਼ੁਬਾਨੀ ਯਾਦ ਹੋ ਗਏ ਸਨ। ਫਿਰ ਕੁਝ ਕੁ ਸਾਲਾਂ ਬਾਅਦ ਮੈਂ ਡਾਇਰੀ ਦੀ ਸੰਭਾਲ ਪ੍ਰਤੀ ਲਾਪਰਵਾਹ ਹੋ ਗਿਆ। ਉਸ ਦੀ ਜਿਲਦ ਉੱਖੜਨੀ ਸ਼ੁਰੂ ਹੋ ਗਈ ਤੇ ਫਿਰ ਟਾਵੇਂ-ਟਾਵੇਂ ਵਰਕੇ ਵੀ ਉੱਖੜਨ ਲੱਗੇ। ਪਹਿਲਾਂ-ਪਹਿਲ ਮੈਂ ਥੋੜ੍ਹਾ ਬਹੁਤ ਗੂੰਦ ਵਗੈਰਾ ਲਾ ਕੇ ਉਸ ਨੂੰ ਠੀਕ ਕਰ ਲੈਂਦਾ, ਪਰ ਫਿਰ ਵੀ ਮੈਂ ਉਸ ਡਾਇਰੀ ਪ੍ਰਤੀ ਅਵੇਸਲਾ ਹੀ ਰਹਿੰਦਾ। ਕੁਝ ਸਮੇਂ ਬਾਅਦ ਉਸ ਦੀ ਜਿਲਦ ਫਟ ਕੇ ਡਾਇਰੀ ਤੋਂ ਵੱਖ ਹੋ ਗਈ। ਉਹ ਡਾਇਰੀ ਹੁਣ ਬਿਨਾਂ ਜਿਲਦ ਤੋਂ ਕਾਗਜ਼ਾਂ ਦੀ ਇੱਕ ਸਾਧਾਰਨ ਜਿਹੀ ਕਾਪੀ ਜਾਪਦੀ ਸੀ। ਫਿਰ ਵੀ ਮੈਂ ਉਸ ਨੂੰ ਸੰਭਾਲ ਕੇ ਰੱਖਣ ਦੀ ਕੋਸ਼ਿਸ਼ ਕਰਦਾ, ਪਰ ਓਨੀ ਜ਼ਿੰਮੇਵਾਰੀ ਨਾਲ ਨਹੀਂ, ਜਿੰਨੀ ਪਹਿਲਾਂ ਕਰਿਆ ਕਰਦਾ ਸੀ।
ਸਮਾਂ ਬੀਤਣ ਨਾਲ ਮੈਂ ਡਾਇਰੀ ਪ੍ਰਤੀ ਹੋਰ ਵੀ ਲਾਪਰਵਾਹ ਹੋ ਗਿਆ ਕਿਉਂਕਿ ਵਾਰ-ਵਾਰ ਇਨ੍ਹਾਂ ਵਿਚਾਰਾਂ ਨੂੰ ਹੀ ਪੜ੍ਹਨ ਨਾਲ ਮੇਰਾ ਮਨ ਉਕਤਾ ਗਿਆ ਸੀ। ਕਦੇ-ਕਦੇ ਮੈਂ ਇਹ ਵੀ ਸੋਚ ਲੈਂਦਾ ਸੀ ਕਿ ਇਨ੍ਹਾਂ ਸਾਰਿਆਂ ਦਾ ਪਤਾ ਹੀ ਏ, ਕੋਈ ਨਵੀਂ ਗੱਲ ਪੜ੍ਹੋ। ਉਸ ਡਾਇਰੀ ਦੀ ਜਿਲਦ ਤਾਂ ਕਦੋਂ ਦੀ ਫਟ ਚੁੱਕੀ ਸੀ, ਪਰ ਮੈਂ ਬੇਫਿਕਰੀ ਵਿੱਚ ਹੀ ਡਾਇਰੀ ਉੱਤੇ ਨਵੀਂ ਜਿਲਦ ਮੜ੍ਹਾਉਣ ਲਈ ਕਦੇ ਗੰਭੀਰ ਨਹੀਂ ਸੀ ਹੋਇਆ। ਕਦੇ ਉਹ ਮੇਰੇ ਬੈੱਡ ਦੇ ਸਿਰਹਾਣੇ ਹੇਠਾਂ ਪਈ ਰਹਿੰਦੀ ਤੇ ਕਦੇ ਬੈੱਡ ਦੇ ਨੇੜੇ ਪਏ ਛੋਟੇ ਮੇਜ਼ ਹੇਠਾਂ ਗਿਰ ਜਾਂਦੀ।
“ਕਾਕਾ, ਐਹ ਤੇਰੀ ਇੱਕ ਡੈਰੀ ਜਿਹੀ ਆ। ਇਹ ਤੈਥੋਂ ਸੰਭਾਲ ਕੇ ਨ੍ਹੀਂ ਰੱਖ ਹੁੰਦੀ। ਉੱਦਾਂ ਤੂੰ ਸਾਰੀ ਦਿਹਾੜੀ ਇਹਦੇ ਦੁਆਲੇ ਹੋਇਆ ਰਹਿੰਨੈਂ।” ਇੱਕ ਦਿਨ ਮੇਰੀ ਮੰਮੀ ਨੇ ਉਹ ਡਾਇਰੀ ਟੇਬਲ ਹੇਠੋਂ ਚੁੱਕ ਕੇ ਮੈਨੂੰ ਫੜਾਉਂਦਿਆਂ ਝਿੜਕ ਕੇ ਆਖਿਆ, ਪਰ ਮੰਮੀ ਦੀ ਇਸ ਗੱਲ ਵੱਲ ਮੈਂ ਗੌਰ ਨਾ ਕੀਤਾ। ਮੈਂ ਉਸ ਡਾਇਰੀ ਪ੍ਰਤੀ ਅਵੇਸਲਾ ਹੀ ਰਿਹਾ। ਕੁਝ ਦਿਨਾਂ ਬਾਅਦ ਉਹ ਡਾਇਰੀ ਅਚਾਨਕ ਹੀ ਕਿਧਰੇ ਅਲੋਪ ਹੋ ਗਈ। ਮੈਂ ਕਈ ਦਿਨ ਉਹ ਡਾਇਰੀ ਚੁੱਪ-ਚਾਪ ਆਪਣੇ ਕਮਰੇ ਵਿੱਚ ਭਾਲਦਾ ਰਿਹਾ। ਮੈਂ ਸਾਰੀ ਅਲਮਾਰੀ ਫਰੋਲ ਮਾਰੀ। ਬੈੱਡ ਉੱਤੇ ਵਿਛੀ ਚਾਦਰ ਤੇ ਸਿਰਹਾਣੇ ਨੂੰ ਝਾੜ-ਝਾੜ ਵੇਖਿਆ। ਮੰਜੇ ਅਤੇ ਮੇਜ਼ ਦੇ ਹੇਠਾਂ ਵੇਖਿਆ। ਇਸ ਭੁਲੇਖੇ ਵਿੱਚ ਕਿ ਮੈਥੋਂ ਕਿਸੇ ਹੋਰ ਕਮਰੇ ਵਿੱਚ ਨਾ ਰੱਖੀ ਗਈ ਹੋਵੇ, ਮੈਂ ਘਰ ਦੇ ਸਾਰੇ ਕਮਰਿਆਂ ਦਾ ਕੋਨਾ-ਕੋਨਾ ਟੋਹ ਮਾਰਿਆ। ਮੇਰੇ ਲੱਖ ਯਤਨਾਂ ਦੇ ਬਾਵਜੂਦ ਉਹ ਡਾਇਰੀ ਮੈਨੂੰ ਨਾ ਲੱਭੀ। ਆਪਣੀ ਕਿਸੇ ਜ਼ਰੂਰੀ ਚੀਜ਼ ਦੇ ਖੋ ਜਾਣ ਤੋਂ ਬਾਅਦ ਬੰਦੇ ਨੂੰ ਕਈ ਵਾਰ ਉਸ ਦੀ ਮਹੱਤਤਾ ਬੜਾ ਸਤਾਉਂਦੀ ਏ। ਬਸ ਮੇਰੇ ਨਾਲ ਵੀ ਇਵੇਂ ਹੀ ਵਾਪਰ ਰਿਹਾ ਸੀ। ਮੈਨੂੰ ਅੱਚੋਤਾਈ ਲੱਗੀ ਪਈ ਸੀ। ਮੈਂ ਕਈ ਦਿਨ ਚੁੱਪ-ਚਾਪ ਗੰਭੀਰ ਜਿਹਾ ਹੋਇਆ ਉਸ ਡਾਇਰੀ ਦੀ ਭਾਲ ਕਰਦਾ ਰਿਹਾ। ਸਾਰੀ ਦਿਹਾੜੀ ਮੈਂ ਪਰੇਸ਼ਾਨ ਹੋਇਆ ਫਿਰਦਾ ਰਹਿੰਦਾ, ਜਿਵੇਂ ਕੋਈ ਬਿੱਲੀ ਆਪਣੇ ਗੁਆਚੇ ਹੋਏ ਬਲੂੰਗੜੇ ਨੂੰ ਭਾਲਦੀ ਹੋਵੇ। ਦਿਨ ਪ੍ਰਤੀ ਦਿਨ ਮੇਰੀ ਪਰੇਸ਼ਾਨੀ ਵਧਦੀ ਗਈ। ਮੇਰੇ ਪੁੱਛਣ ’ਤੇ ਮੰਮੀ ਤੇ ਦਾਦੀ ਮਾਂ ਨੇ ਵੀ ਅਣਜਾਣਤਾ ਜ਼ਾਹਰ ਕੀਤੀ। ਮੈਂ ਡਾਹਢਾ ਪਰੇਸ਼ਾਨ ਹੋ ਗਿਆ।
ਮੇਰੀ ਪਰੇਸ਼ਾਨੀ ਕਾਰਨ ਘਰ ਦਾ ਮਾਹੌਲ ਵੀ ਕੁੜੱਤਣ ਵਾਲਾ ਬਣ ਗਿਆ ਸੀ। ਸਾਰਾ ਦਿਨ ਮੇਰੇ ਚਿਹਰੇ ’ਤੇ ਨਿਰਾਸ਼ਤਾ ਛਾਈ ਰਹਿੰਦੀ। ਮੈਨੂੰ ਇਉਂ ਜਾਪਦਾ ਜਿਵੇਂ ਮੇਰੀ ਜ਼ਿੰਦਗੀ ਭਰ ਦੀ ਕਮਾਈ ਰੁੜ੍ਹ ਗਈ ਹੋਵੇ। ਫਿਰ ਸੋਚਦੇ-ਸੋਚਦੇ ਖ਼ਿਆਲ ਆਇਆ ਕਿ ਕੁਝ ਦਿਨ ਪਹਿਲਾਂ ਮੇਰੀ ਦਾਦੀ ਮਾਂ ਨੇ ਅਖ਼ਬਾਰਾਂ ਦੀ ਰੱਦੀ ਵੇਚੀ ਏ ਤੇ ਸ਼ਾਇਦ ਰੱਦੀ ਦੇ ਭੁਲੇਖੇ ਮੇਰੀ ਡਾਇਰੀ ਵੀ ਉਸ ਵਿੱਚ ਨਾ ਚਲੀ ਗਈ ਹੋਵੇ। ਮੇਰੀ ਸਮਝ ਅਨੁਸਾਰ ਡਾਇਰੀ ਗੁੰਮ ਹੋ ਜਾਣ ਦਾ ਇੱਕੋ ਇੱਕ ਕਾਰਨ ਇਹੀ ਹੋ ਸਕਦਾ ਸੀ, ਹੋਰ ਘਰ ਵਿੱਚੋਂ ਡਾਇਰੀ ਜਾਣੀ ਵੀ ਕਿੱਥੇ ਏ? ਮੈਨੂੰ ਮੇਰੀ ਇਸ ਸ਼ੰਕਾ ’ਤੇ ਪੱਕਾ ਯਕੀਨ ਹੋ ਗਿਆ।
“ਦਾਦੀ ਮਾਂ, ਆਹ ਫੜ ਬਰਫ਼ੀ। ਮੈਂ ਤੇਰੇ ਲਈ ਅੱਜ ਤਾਜ਼ੀ ਸ਼ਹਿਰੋਂ ਲਿਆਂਦੀ ਏ।” ਇੱਕ ਦਿਨ ਮੈਂ ਸ਼ਹਿਰੋਂ ਲਿਆਂਦੀ ਬਰਫ਼ੀ ਫੜਾਉਂਦਿਆਂ ਦਾਦੀ ਮਾਂ ਨੂੰ ਆਖਿਆ।
“ਪੁੱਤ, ਜਿਊਂਦਾ ਵਸਦਾ ਰਹਿ। ਤੂੰ ਤਰੱਕੀਆਂ ਮਾਣੇ। ਮੇਰੀ ਉਮਰ ਵੀ ਤੈਨੂੰ ਲੱਗ ਜਾਵੇ।” ਦਾਦੀ ਬਰਫ਼ੀ ਵੇਖਦਿਆਂ ਹੀ ਖ਼ੁਸ਼ ਹੋ ਕੇ ਬੋਲੀ। ਮੈਨੂੰ ਦਾਦੀ ਦੀ ਇਸ ਕਮਜ਼ੋਰੀ ਦਾ ਪਤਾ ਸੀ।
“ਦਾਦੀ, ਤੂੰ ਕਿਧਰੇ ਮੇਰੀ ਡਾਇਰੀ ਵੇਖੀ ਆ?” ਖ਼ੁਸ਼ ਹੋਈ ਵੇਖ ਮੈਂ ਉਸ ਨੂੰ ਵਰਚਾ ਕੇ ਪੁੱਛਿਆ।
“ਨਾ ਪੁੱਤ, ਮੈਂ ਤਾਂ ਤੇਰੀ ਡੈਰੀ ਕਿਤੇ ਨ੍ਹੀਂ ਵੇਖੀ। ਹੈੱਥੇ ਕਿਤੇ ਕੱਪੜਿਆਂ-ਕੁੱਪੜਿਆਂ ’ਚ ਈ ਪਈ ਹੋਣੀ ਆ। ਜਦੋਂ ਮੈਨੂੰ ਲੱਭੂਗੀ ਤਾਂ ਤੈਨੂੰ ਫੜਾ ਦਊਂ।” ਮੇਰੀ ਗੱਲ ਸੁਣਦੇ ਹੀ ਦਾਦੀ ਬੋਲੀ। ਡਾਇਰੀ ਨਾ ਮਿਲਣ ਕਾਰਨ ਮੈਂ ਹੋਰ ਵੀ ਪਰੇਸ਼ਾਨ ਹੋ ਗਿਆ। ਜਦੋਂ ਮੈਨੂੰ ਚੇਤੇ ਆਉਂਦਾ ਕਿ ਮੇਰੀ ਤਾਂ ਵਰ੍ਹਿਆਂ ਦੀ ਮਿਹਨਤ ਉਸ ਡਾਇਰੀ ਵਿੱਚ ਸੀ ਤਾਂ ਮੈਨੂੰ ਰਾਤ ਭਰ ਨੀਂਦ ਨਾ ਆਉਂਦੀ। ਬੇਵਸੀ ਸਾਹਮਣੇ ਮੈਂ ਲਾਚਾਰ ਸਾਂ। ਮੈਨੂੰ ਕੋਈ ਹੱਲ ਨਿਕਲਦਾ ਨਜ਼ਰ ਨਹੀਂ ਸੀ ਆ ਰਿਹਾ। “ਪਿਤਾ ਜੀ, ਤੁਸੀਂ ਕਿਤੇ ਮੇਰੀ ਡਾਇਰੀ ਵੀ ਵੇਖੀ ਏ?” ਆਪਣੇ ਮਨ ਦੀ ਸ਼ੰਕਾ ਨਿਵਾਰਨ ਲਈ ਇੱਕ ਦਿਨ ਮੈਂ ਪਿਤਾ ਜੀ ਨੂੰ ਪੁੱਛਿਆ।
“ਇੱਥੇ ਕਿਤੇ ਪਈ ਹੋਣੀ ਏਂ। ਹੋਰ ਤੇਰੀ ਡਾਇਰੀ ਘਰ ਵਿੱਚੋਂ ਕਿਧਰੇ ਉੜ ਗਈ ਏ।” ਉਹ ਬੇਧਿਆਨੇ ਜਿਹੇ ਬੋਲੇ, ਜਿਵੇਂ ਉਨ੍ਹਾਂ ਦੀਆਂ ਨਜ਼ਰਾਂ ਵਿੱਚ ਮੈਂ ਹੁਣ ਉਡਾਰੂ ਹੋ ਗਿਆ ਹੋਵਾਂ। ਫਿਰ ਮੇਰੇ ਮਨ ’ਚ ਅਚਾਨਕ ਖ਼ਿਆਲ ਆਇਆ ਕਿ ਕਿਉਂ ਨਾ ਰੱਦੀ ਖ਼ਰੀਦਣ ਵਾਲੇ ਭਾਈ ਤੋਂ ਡਾਇਰੀ ਬਾਰੇ ਪਤਾ ਕੀਤਾ ਜਾਵੇ। ਹੋ ਸਕਦੈ, ਉਸ ਨੇ ਡਾਇਰੀ ਸਾਂਭ ਕੇ ਰੱਖੀ ਹੋਵੇ, ਕਿਉਂਕਿ ਫਟੀ ਪੁਰਾਣੀ ਹੋਣ ਕਾਰਨ ਉਹ ਰੱਦੀ ਵਿੱਚ ਵੀ ਵਿਕਣਯੋਗ ਨਹੀਂ ਸੀ। ਇਹ ਸੋਚ ਕੇ ਮੇਰੇ ਮਨ ’ਚ ਕੁਝ ਹੌਸਲਾ ਬੱਝਿਆ, ਜਿਵੇਂ ਕੋਈ ਆਸ ਦੀ ਕਿਰਨ ਪੁੰਗਰ ਪਈ ਹੋਵੇ। ਮੈਂ ਆਪਣਾ ਸਕੂਟਰ ਚੁੱਕਿਆ ਤੇ ਵਾਹੋ-ਦਾਹੀ ਉਸ ਕੋਲ ਪਹੁੰਚ ਗਿਆ ਤੇ ਜਾਂਦਿਆਂ ਹੀ ਉਸ ਨੂੰ ਪੁੱਛਿਆ, “ਬਾਈ ਨਰੈਣੇ, ਕੁਝ ਦਿਨ ਹੋਏ ਤੂੰ ਮੇਰੀ ਦਾਦੀ ਮਾਂ ਤੋਂ ਅਖ਼ਬਾਰਾਂ ਦੀ ਰੱਦੀ ਖ਼ਰੀਦੀ ਸੀ ਨਾ?”
“ਹਾਂ ਕਾਕੂ, ਖ਼ਰੀਦੀ ਤੀ। ਸਾਡਾ ਤਾਂ ਕਸਬ ਈ ਰੱਦੀ ਖਰੀਦਣਾ ਏਂ। ਹੋਰ ਹਮਾਤੜਾਂ ਨੇ ਕਰਨਾ ਵੀ ਕੀ ਆ, ਬੱਚੂ।”
“ਬਾਈ, ਓਹਦੇ ਵਿੱਚ ਮੇਰੀ ਇੱਕ ਕੀਮਤੀ ਚੀਜ਼ ਸੀ, ਵੇਖੀ ਓਹ?”
“ਨਾ ਬਈ ਨਾ ਬੱਚੂ, ਸਹੁੰ ਤੇਰੀ। ਮੈਂ ਤਾਂ ਕੋਈ ਕੀਮਤੀ ਚੀਜ਼ ਨ੍ਹੀਂ ਦੇਖੀ। ਜੇ ਹੁੰਦੀ ਵੀ, ਮੈਂ ਝੱਟ ਮੋੜ ਦਿੰਦਾ। ਤੇਰੀ ਦਾਦੀ ਮੈਨੂੰ ਚੰਗੀ ਤਰ੍ਹਾਂ ਜਾਣਦੀ ਆ। ਚਾਲੀ ਸਾਲਾਂ ਤੋਂ ਮੈਂ ਇਹੀ ਕਿੱਤਾ ਕਰਦਾ ਹਾਂ। ਉਹਨੂੰ ਜਾ ਕੇ ਪੁੱਛ ਲਈਂ, ਬਈ ਨਰੈਣਾਂ ਚੋਰ ਆ? ਅਸੀਂ ਤਾਂ ਮਿਹਨਤ ਮਜ਼ਦੂਰੀ ਕਰਨ ਵਾਲੇ ਲੋਕ ਆਂ, ਬੱਚੂ।”
“ਨਹੀਂ ਬਾਈ, ਮੈਂ ਤੈਨੂੰ ਚੋਰ ਨ੍ਹੀਂ ਆਖਦਾ। ਮੈਂ ਤਾਂ ਸਰਸਰੀ ਪੁੱਛਦਾਂ।”
“ਮੈਂ ਵੀ ਸਚਾਈ ਦੱਸਦਾਂ। ਲੋਕ ਚੀਜ਼ਾਂ ਹੋਦਰੇ ਗੁਆ ਆਉਂਦੇ ਆ ਤੇ ਸ਼ੱਕ ਕਰਦੇ ਆ ਹਮਾਤੜਾਂ ’ਤੇ। ਬੱਚੂ ਕੀਮਤੀ ਚੀਜ਼ਾਂ ਥੋਤੋਂ ਘਰ ਵਿੱਚ ਸਾਂਭ ਕੇ ਨ੍ਹੀਂ ਰੱਖ ਹੁੰਦੀਆਂ? ਕੋਈ ਗਹਿਣਾ ਤਾ ਜਾਂ ਪੈਸਾ-ਪੂਸਾ?” ਨਰੈਣਾ ਡਰ ਕਾਰਨ ਥੋੜ੍ਹਾ ਜਿਹਾ ਤੈਸ਼ ਵਿੱਚ ਆ ਕੇ ਬੋਲਿਆ।
“ਬਾਈ ਨਰੈਣੇ, ਮੈਂ ਤੇਰੇ ’ਤੇ ਕੋਈ ਸ਼ੱਕ ਨ੍ਹੀਂ ਕਰਦਾ। ਮੈਂ ਤਾਂ ਇਹ ਪੁੱਛਣ ਆਇਆਂ ਕਿ ਤੂੰ ਰੱਦੀ ਵਿੱਚ ਮੇਰੀ ਕੋਈ ਛੋਟੀ ਜਿਹੀ ਡਾਇਰੀ ਤਾਂ ਨਹੀਂ ਵੇਖੀ?” ਮੈਂ ਥੋੜ੍ਹਾ ਮਿੱਠਾ ਜਿਹਾ ਹੋ ਕੇ ਆਖਿਆ।
“ਇੱਕ ਫਟੀ ਹੋਈ ਕਾਪੀ ਜਿਹੀ?”
“ਹਾਂ... ਉਹੀ...ਉਹੀ।” ਮੈਂ ਡਾਇਰੀ ਮਿਲ ਜਾਣ ਦੀ ਖ਼ੁਸ਼ੀ ਵਿੱਚ ਭਾਵੁਕ ਹੋ ਕੇ ਬੋਲਿਆ।
“ਹਾਂ, ਥੀ। ਉਹ ਤਾਂ ਮੈਂ ਰੱਦੀ ਵਿੱਚੋਂ ਬਾਹਰ ਕੱਢ ਦਿੱਤੀ ਤੀ। ਸਾਡਾ ਮਾਲਕ ਉੱਦਾਂ ਦੀ ਫਟੀ ਪੁਰਾਣੀ ਰੱਦੀ ਨ੍ਹੀਂ ਖ਼ਰੀਦਦਾ।”
ਨਰੈਣੇ ਦੀ ਇਹ ਗੱਲ ਸੁਣ ਕੇ ਡਾਇਰੀ ਮਿਲਣ ਦੀ ਮੇਰੀ ਉਮੀਦ ਹੋਰ ਵੀ ਪੱਕੀ ਹੋ ਗਈ। ਮੈਂ ਮਨੋਂ-ਮਨੀਂ ਖ਼ੁਸ਼ੀ ਵਿੱਚ ਝੂਮ ਉੱਠਿਆ। ਮੈਂ ਭਾਵੁਕਤਾ ਦੀ ਬਜਾਏ ਨਰੈਣੇ ਨਾਲ ਹਮਦਰਦੀ ਵਿੱਚ ਗੱਲਾਂ ਕਰਨ ਲੱਗ ਪਿਆ। ਮੈਂ ਉਸ ਨੂੰ ਖ਼ੁਸ਼ ਕਰਨ ਲਈ ਉਸ ਵੱਲ ਵੀਹ ਰੁਪਏ ਦਾ ਨੋਟ ਵਧਾਇਆ ਤਾਂ ਕਿ ਉਹ ਖ਼ੁਸ਼ ਹੋ ਕੇ ਛੇਤੀ-ਛੇਤੀ ਮੈਨੂੰ ਮੇਰੀ ਡਾਇਰੀ ਦੇ ਦੇਵੇ।
“ਬਸ ਡੈਰੀ ਦੀ ਗੱਲ ਤੀ? ਮੈਂ ਕਿਹਾ ਪਤਾ ਨ੍ਹੀਂ, ਕੀ ਗੁਆਚ ਗਿਆ ਇਸ ਕਾਕੂ ਦਾ? ਆ ਜਾਂਦੇ ਆ ਮੂੰਹ ਚੱਕ ਕੇ। ਛੋਟੀ ਜਿਹੀ ਗੱਲ ਨਾਲ ਈ ਬੰਦੇ ਨੂੰ ਪਰੇਸ਼ਾਨੀ ’ਚ ਪਾ ਦਿੰਦੇ ਆ ਲੋਕ ਆ ਕੇ। ਕਿਆ ਭੰਗ ਪੀਤੀ ਹੋਈ ਆ ਇਨ੍ਹਾਂ ਲੋਕਾਂ ਨੇ। ਤੂੰ ਪਹਿਲਾਂ ਈ ਦੱਸ ਦਿੰਦਾ ਭਈ ਮੇਰੀ ਡੈਰੀ ਗੁਆਚੀ ਆ।” ਨਰੈਣਾ ਗੁੱਸੇ ਵਿੱਚ ਬਹੁਤ ਕੁਝ ਬੋਲ ਗਿਆ।
ਪਰ ਮੈਂ ਉਹਦੇ ਸਾਹਮਣੇ ਇੱਕ ਸ਼ਰੀਫ਼ ਜਿਹਾ ਮੁੰਡਾ ਬਣ ਕੇ ਸਿਰ ਨੀਵਾਂ ਪਾਈ ਖ਼ਾਮੋਸ਼ ਖੜ੍ਹਾ ਰਿਹਾ ਤਾਂ ਕਿ ਕਿਤੇ ਨਰੈਣਾ ਮੇਰੇ ਕੁਝ ਬੋਲਣ ਨਾਲ ਨਾਰਾਜ਼ ਹੀ ਨਾ ਹੋ ਜਾਵੇ ਤੇ ਮੈਨੂੰ ਡਾਇਰੀ ਦੇਣ ਤੋਂ ਹੀ ਜਵਾਬ ਨਾ ਦੇ ਦੇਵੇ। ਉਹ ਮੇਰੀ ਚੁੱਪ ਦੀ ਮਜਬੂਰੀ ਦਾ ਲਾਭ ਉਠਾ ਕੇ ਹੋਰ ਵੀ ਬਹੁਤ ਕੁਝ ਬੋਲ ਗਿਆ। ਮੈਂ ਆਪਣੇ ਗੌਂ ਲਈ ਤਰਸ ਦਾ ਪਾਤਰ ਬਣ ਕੇ ਉਸ ਦੇ ਸਾਹਮਣੇ ਖੜ੍ਹਾ ਸਾਂ। ਮੇਰੇ ਹੱਥ ’ਚ ਫੜੇ ਵੀਹ ਦੇ ਨੋਟ ਵੱਲ ਉਹ ਵੇਖ ਵੀ ਨਹੀਂ ਸੀ ਰਿਹਾ। ਮੈਂ ਸੋਚਿਆ ਕਿ ਪੈਸੇ ਘੱਟ ਹੋਣ ਦੇ ਕਾਰਨ ਸ਼ਾਇਦ ਉਹ ਨਹੀਂ ਫੜ ਰਿਹਾ। ਮੈਂ ਝਟਪਟ ਦਸ ਰੁਪਏ ਦਾ ਇੱਕ ਹੋਰ ਨੋਟ ਜੇਬ ’ਚੋਂ ਕੱਢਿਆ ਤੇ ਉਸ ਨੂੰ ਖ਼ੁਸ਼ ਕਰਨ ਲਈ ਤੀਹ ਰੁਪਏ ਅੱਗੇ ਵਧਾਏ, ਪਰ ਉਹ ਤਾਂ ਤੀਹ ਰੁਪਏ ਵੀ ਨਹੀਂ ਫੜ ਰਿਹਾ ਸੀ ਤੇ ਮੇਰੇ ਵੱਲ ਹੈਰਤ ਭਰੀਆਂ ਨਜ਼ਰਾਂ ਨਾਲ ਤੱਕੀ ਜਾ ਰਿਹਾ ਸੀ।
“ਤੂੰ ਮੈਨੂੰ ਉਸ ਡੈਰੀ ਦੇ ਇੰਨੇ ਪੈਸੇ ਦਿੰਨਾ ਏਂ।” ਉਹ ਹੜਹੜਾਇਆ।
“ਨਹੀਂ ਨਹੀਂ, ਮੈਂ ਤਾਂ ਤੁਹਾਡਾ ਮਾਣ ਹੀ ਕਰ ਰਿਹਾਂ ਜੀ। ਉਹਦੀ ਤਾਂ ਕੀਮਤ ਬਹੁਤ ਏ ਮੇਰੇ ਲਈ।” ਮੈਂ ਇਕਦਮ ਜਵਾਬ ਦਿੱਤਾ।
“ਬੱਚੂ, ਇਹ ਪੈਸੇ ਪਹਿਲਾਂ ਆਪਣੀ ਜੇਬ ’ਚ ਪਾ। ਇਮਾਨਦਾਰੀ ਵੀ ਕੋਈ ਚੀਜ਼ ਹੁੰਦੀ ਆ। ਨਰੈਣਾ ਵਿਕਾਊ ਨ੍ਹੀਂ ਐ। ਤੂੰ ਮੈਨੂੰ ਥੋੜ੍ਹੇ ਜਿਹੇ ਪੈਸੇ ਦਿਖਾਲ ਕੇ ਖਰੀਦਣਾ ਚਾਹੁੰਨਾਂ?” ਇਹ ਆਖਦੇ ਹੋਏ ਉਸ ਨੇ ਮੇਰੇ ਵੱਲ ਘੂਰ ਕੇ ਵੇਖਿਆ। ਮੈਂ ਉਸ ਦੇ ਨਾਰਾਜ਼ ਹੋ ਜਾਣ ਦੇ ਡਰ ਤੋਂ ਪੈਸੇ ਆਪਣੀ ਜੇਬ ਵਿੱਚ ਪਾ ਲਏ। ਫਿਰ ਮੈਂ ਉਸ ਕੋਲ ਬੈਠ ਕੇ ਉਸ ਦੇ ਗੋਡੇ ਘੁੱਟਣ ਲੱਗ ਪਿਆ ਕਿ ਸ਼ਾਇਦ ਇਹ ਬਜ਼ੁਰਗ ਕਬਾੜੀਆਂ ਮਿਹਰਬਾਨ ਹੋ ਕੇ ਛੇਤੀ ਤੋਂ ਛੇਤੀ ਮੈਨੂੰ ਡਾਇਰੀ ਦੇ ਦੇਵੇ। ਪਰ ਉਹ ਮੇਰੀ ਨਿਮਰਤਾ ਤੇ ਬੇਵਸੀ ਤੋਂ ਬਿਲਕੁਲ ਅਣਜਾਣ ਸੀ। ਫਿਰ ਮੈਂ ਮਚਲਾ ਜਿਹਾ ਹੋ ਕੇ ਬੜੀ ਹਲੀਮੀ ਨਾਲ ਪੁੱਛ ਹੀ ਲਿਆ, “ਬਾਈ ਜੀ, ਹੁਣ ਮੈਨੂੰ ਉਹ ਮੇਰੀ ਡਾਇਰੀ ਦੇ ਦਿਓ ਤੇ ਅਹਿ ਲਓ ਛੋਟਾ ਜਿਹਾ ਮਾਣ।” ਮੈਂ ਪੰਜਾਹ ਦਾ ਨੋਟ ਉਸ ਵੱਲ ਵਧਾਉਂਦੇ ਹੋਏ ਆਖਿਆ।
“ਬੱਚੂ, ਉਹ ਡੈਰੀ ਤਾਂ ਮੈਂ ਕੱਲ੍ਹ ਰੱਦੀ ਦੇ ਉਸ ਢੇਰ ਵਿੱਚ ਸੁੱਟ ਦਿੱਤੀ ਤੀ। ਸਵੇਰੇ ਸਵੇਰੇ ਠੰਢ ਵੇਲੇ ਬੱਚੇ ਤੇ ਬੁੱਢੇ ’ਕੱਠੇ ਹੋ ਕੇ ਅੱਗ ਲਾ ਕੇ ਉੱਥੇ ਸੇਕਦੇ ਹੁੰਦੇ ਆ। ਭਲਾ ਮੇਰੇ ਕਿਸ ਕੰਮ ਦੀ ਤੀ ਉਹ।” ਨਰੈਣਾ ਬੋਲਿਆ। ਨਰੈਣੇ ਦੀ ਇਹ ਗੱਲ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਮੈਨੂੰ ਇੰਜ ਜਾਪ ਰਿਹਾ ਸੀ, ਜਿਵੇਂ ਉਸ ਢੇਰ ਵਿੱਚ ਬਲਦੀ ਅੱਗ ਦੀਆਂ ਲਪਟਾਂ ਮੇਰੇ ਚਾਰੇ ਪਾਸੇ ਪਸਰ ਰਹੀਆਂ ਹੋਣ। ਮੇਰੇ ਹੋਸ਼ ਹਵਾਸ਼ ਉੱਡ ਗਏ। ਮੈਂ ਸਕੂਟਰ ਸਟਾਰਟ ਕੀਤਾ ਤੇ ਕਾਹਲੀ-ਕਾਹਲੀ ਘਰ ਵਾਪਸ ਆ ਗਿਆ। ਮੇਰਾ ਗੁੱਸਾ ਠੰਢਾ ਨਹੀਂ ਸੀ ਹੋ ਰਿਹਾ ਤੇ ਮੇਰਾ ਦਿਲ ਕਰਦਾ ਸੀ ਕਿ ਮੈਂ ਦਾਦੀ ਮਾਂ ’ਤੇ ਝਪਟ ਕੇ ਪੈ ਜਾਵਾਂ ਜਿਸ ਨੇ ਮੇਰੀ ਡਾਇਰੀ ਨੂੰ ਭੁਲੇਖੇ ਨਾਲ ਅਖ਼ਬਾਰਾਂ ਦੀ ਰੱਦੀ ਵਿੱਚ ਹੀ ਵੇਚ ਦਿੱਤਾ ਸੀ।
“ਰੱਦੀ ਵੇਚਣ ਲੱਗੇ ਵੇਖ ਤਾਂ ਲਈਦਾ ਕਿ ਕਿਤੇ ਉਸ ਵਿੱਚ ਕੋਈ ਕੰਮ ਦੀ ਚੀਜ਼ ਤਾਂ ਨਹੀਂ ਏਂ, ਐਵੇਂ ਅੰਨ੍ਹੇਵਾਹ ਜੋ ਹੱਥ ਆਇਆ, ਚੁੱਕ ਕੇ ਵੇਚ ਦਿੰਦੇ ਓ।” ਮੈਂ ਗੁੱਸੇ ਭਰਿਆ ਘਰ ਜਾ ਕੇ ਉੱਚੀ ਦੇਣੀਂ ਚਿਲਾਇਆ। ਦਾਦੀ ਮਾਂ ਸਮਝ ਗਈ ਕਿ ਇਹ ਮੈਨੂੰ ਹੀ ਸੁਣਾਇਆ ਏ ਕਿਉਂਕਿ ਘਰ ਦੀ ਰੱਦੀ ਉਹ ਹੀ ਵੇਚਦੀ ਹੁੰਦੀ ਸੀ।
“ਕੀ ਵੇਚ ਦਿੱਤਾ ਵੇ ਤੇਰਾ ਅਸੀਂ?” ਦਾਦੀ ਮਾਂ ਇਕਦਮ ਅਹੁਲ ਕੇ ਬੋਲੀ।
“ਤੁਸੀਂ ਮੇਰੀ ਡਾਇਰੀ ਰੱਦੀ ਵਿੱਚ ਵੇਚ ਦਿੱਤੀ ਆ।”
“ਮੈਂ ਕਾਹਨੂੰ ਤੇਰੀ ਡੈਰੀ ਵੇਚਣੀ ਆਂ। ਮੈਂ ਤਾਂ ਅਖ਼ਬਾਰਾਂ ਵੇਚੀਆਂ। ਆਪਣੀ ਮੰਮੀ ਨੂੰ ਜਾ ਕੇ ਪੁੱਛ ਲੈ, ਜੇ ਨਹੀਂ ਯਕੀਨ।”
“ਮੈਂ ਮੰਮੀ ਨੂੰ ਕਾਹਨੂੰ ਪੁੱਛਾਂ, ਰੱਦੀ ਤਾਂ ਤੂੰ ਵੇਚੀ ਆ।”
“ਵੇ ਡੈਰੀ ਤਾਂ ਮੈਂ ਤੇਰੀ ਵੇਖੀ ਵੀ ਨ੍ਹੀਂ। ਜਾ ਕੇ ਕਬਾੜੀਏ ਨੂੰ ਪੁੱਛ ਲੈ, ਜੇ ਮੈਂ ਵੇਚੀ ਹੋਵੇ ਤਾਂ?”
“ਮਾਂ, ਮੈਨੂੰ ਕਬਾੜੀਏ ਨੇ ਈ ਦੱਸਿਆ ਕਿ ਇੱਕ ਫਟੀ ਹੋਈ ਡਾਇਰੀ ਅਖ਼ਬਾਰਾਂ ਦੀ ਰੱਦੀ ਵਿੱਚ ਪਈ ਸੀ। ਉਹ ਉਸ ਨੇ ਕੱਢ ਕੇ ਢੇਰ ’ਤੇ ਸੁੱਟ ਦਿੱਤੀ।”
“ਭਲਾ ਕਾਕਾ, ਤੇਰਾ ਫਰਜ਼ ਨ੍ਹੀਂ ਬਣਦਾ ਕਿ ਮੈਂ ਆਪਣੀਆਂ ਚੀਜ਼ਾਂ ਸੰਭਾਲ ਕੇ ਰੱਖਾਂ। ਭੁਲੇਖੇ ਨਾਲ ਅਖ਼ਬਾਰਾਂ ਵਿੱਚ ਜਾ ਵੀ ਸਕਦੀ ਆ, ਪਰ ਆਪਣੀ ਗ਼ਲਤੀ ਵੀ ਮੰਨ ਲਈ ਦੀ ਆ। ਚਾਰ-ਪੰਜ ਸਾਲ ਤੋਂ ਤਾਂ ਮੈਂ ਦੇਖਦੀ ਪਈ ਆਂ, ਕਿਤੇ ਉਹ ਬੈੱਡ ਹੇਠਾਂ ਤੇ ਕਿਤੇ ਮੇਜ਼ ਥੱਲੇ ਰੁਲਦੀ ਹੁੰਦੀ ਸੀ। ਕਿੰਨੀ ਵਾਰ ਮੈਂ ਤੈਨੂੰ ਚੁੱਕ ਕੇ ਫੜਾਈ ਆ। ਵਰਕੇ ਉਹਦੇ ਉੱਖੜੇ ਪਏ ਸੀ ਤੇ ਜਿਲਦ ਤੂੰ ਬਨ੍ਹਾ ਨ੍ਹੀਂ ਸਕਿਆ। ਹੁਣ ਤੂੰ ਐਵੇਂ ਆਪਣੀ ਦਾਦੀ ਨਾਲ ਔਖਾ ਭਾਰਾ ਹੋਈ ਜਾਨੈਂ।” ਮੇਰੀ ਮੰਮੀ ਵੀ ਆਪਣੀ ਸੱਸ ਦਾ ਪੱਖ ਪੂਰਦਿਆਂ ਵਿਚਾਲਿਓਂ ਬੋਲੀ।
ਦਸ ਕੁ ਦਿਨ ਘਰ ਦਾ ਮਾਹੌਲ ਅਸ਼ਾਂਤ ਰਿਹਾ। ਮੈਂ ਘਰ ਵਿੱਚ ਕਿਸੇ ਜੀਅ ਨਾਲ ਸਿੱਧੇ ਮੂੰਹ ਗੱਲ ਨਾ ਕਰਦਾ। ਰੋਜ਼ ਸੁਬ੍ਹਾ ਸ਼ਾਮ ਮੇਰੀ ਦਾਦੀ ਮਾਂ ਨਾਲ ਨੋਕ-ਝੋਕ ਹੋ ਹੀ ਜਾਂਦੀ। ਇੱਕ ਦਿਨ ਸਵੇਰੇ ਸੁਵਖਤੇ ਹੀ ਮੇਰੀ ਦਾਦੀ ਮਾਂ ਨਾਲ ਤੂੰ-ਤੂੰ ਮੈਂ-ਮੈਂ ਫਿਰ ਸ਼ੁਰੂ ਹੋ ਗਈ।
“ਖ਼ਬਰਦਾਰ ਜੇ ਮੇਰੇ ਕਮਰੇ ਦੀ ਰੱਦੀ ਫੇਰ ਵੇਚੀ ਤੇ। ਮੈਂ ਆਪਣਾ ਕਮਰਾ ਆਪੇ ਸਾਫ਼ ਕਰ ਲਿਆ ਕਰਾਂਗਾ। ਕਿਸੇ ਨੇ ਮੇਰੇ ਕਮਰੇ ਵਿੱਚ ਨ੍ਹੀਂ ਵੜਨਾ।” ਮੈਂ ਦਬਕੇ ਭਰੇ ਅੰਦਾਜ਼ ਵਿੱਚ ਦਾਦੀ ਮਾਂ ਨੂੰ ਸੁਣਾਉਂਦੇ ਹੋਏ ਉੱਚੀ ਦੇਣੀ ਆਖਿਆ।
“ਵੇ ਗੱਲ ਸੁਣ, ਪਹਿਲਾਂ ਤੂੰ ਬੋਲਣ ਦੀ ਤਮੀਜ਼ ਤਾਂ ਸਿੱਖ ਲੈ। ਵੱਡਿਆਂ ਸਾਹਮਣੇ ਕਿੱਦਾਂ ਬੋਲੀਦਾ। ਨਾਲੇ ਪੜ੍ਹਾਈ ਵੀ ਕਿਤੇ ਗੁਆਚੀ ਆ। ਉਹ ਤੇਰੀ ਡੈਰੀ ਜਿਹੀ ਪੰਜੀ ਦੀ ਨ੍ਹੀਂ ਹੋਈ ਹੋਣੀਂ। ਦਸ ਦਿਨ ਦਾ ਤੈਂ ਘਰ ਵਿੱਚ ਕਲੇਸ਼ ਪਾਇਆ ਹੋਇਐ। ਪਤਾ ਨ੍ਹੀਂ, ਤੈਂ ਉਸ ਡੈਰੀ ਵਿੱਚੋਂ ਕੀ ਪੜ੍ਹਿਐ?” ਦਾਦੀ ਮਾਂ ਨੇ ਅੱਗੋਂ ਬੜੇ ਠਰੰਮੇ ਨਾਲ ਜਵਾਬ ਦਿੱਤਾ। ਸ਼ਰਮਿੰਦਾ ਜਿਹਾ ਹੋ ਕੇ ਮੈਂ ਸਕੂਟਰ ਸਟਾਰਟ ਕੀਤਾ ਤੇ ਸ਼ਹਿਰ ਜਾ ਕੇ ਇੱਕ ਹੋਰ ਨਵੀਂ ਡਾਇਰੀ ਖ਼ਰੀਦ ਲਈ। ਵਾਪਸ ਮੁੜਦੇ ਵਕਤ ਮੇਰੇ ਦਿਮਾਗ਼ ਵਿੱਚ ਪਿਤਾ ਜੀ ਦੇ ਲਿਖਾਏ ਕੁਝ ਵਿਚਾਰ ਚੱਕਰ ਕੱਟਣ ਲੱਗੇ, “ਬੱਚੇ ਨੂੰ ਬੋਲਣਾ ਸਿੱਖਣ ਲਈ ਦੋ ਸਾਲ ਲੱਗਦੇ ਨੇ ਤੇ ਆਦਮੀ ਨੂੰ ਆਪਣੀ ਜ਼ੁਬਾਨ ਸੰਭਾਲਣਾ ਸਿੱਖਣ ਲਈ ਸਾਰੀ ਉਮਰ। ਸਾਰਾ ਕੁਝ ਪੜ੍ਹਨ ਪੜ੍ਹਾਉਣ ਤੋਂ ਬਾਅਦ ਜੋ ਅਨੁਭਵ ਸਾਨੂੰ ਗ੍ਰਹਿਣ ਹੁੰਦਾ ਹੈ, ਉਹ ਹੀ ਸਾਡੀ ਅਸਲੀ ਪੜ੍ਹਾਈ ਹੁੰਦੀ ਏ।” ਮੈਂ ਅੱਜ ਫਿਰ ਇਨ੍ਹਾਂ ਵਿਚਾਰਾਂ ਦੇ ਅਰਥਾਂ ਵਿੱਚ ਹੀ ਗੁਆਚ ਗਿਆ ਸਾਂ।
ਹੁਣ ਮੈਨੂੰ ਇਉਂ ਜਾਪ ਰਿਹਾ ਸੀ ਜਿਵੇਂ ਮੈਂ ਅਜੇ ਦਾਦੀ ਮਾਂ ਦੀਆਂ ਨਜ਼ਰਾਂ ਵਿੱਚ ਉਡਾਰੂ ਨਹੀਂ ਸੀ ਹੋਇਆ ਤੇ ਮੈਨੂੰ ਅਜੇ ਬਹੁਤ ਕੁਝ ਸਿੱਖਣ ਦੀ ਲੋੜ ਹੋਵੇ। ਮੈਨੂੰ ਉਸ ਦੀ ਕਈ ਸਾਲ ਪਹਿਲਾਂ ਜ਼ੁਬਾਨੀ ਸੁਣਾਈ ਕਹਾਣੀ - ‘ਕਾਉਣੀ ਤੇ ਉਸ ਦਾ ਬੱਚਾ’ ਯਾਦ ਆ ਰਹੀ ਸੀ।
ਸੰਪਰਕ: 61431696030
Advertisement

Advertisement