ਜੰਗਲੀ ਬਾਂਦਰ ਦੀ ਆਮਦ ਕਾਰਨ ਸ਼ਹਿਰ ’ਚ ਦਹਿਸ਼ਤ
ਪੱਤਰ ਪ੍ਰੇਰਕ
ਫ਼ਤਹਿਗੜ੍ਹ ਪੰਜਤੂਰ, 19 ਨਵੰਬਰ
ਇੱਥੇ ਸ਼ਹਿਰ ਵਿੱਚ ਆਏ ਇੱਕ ਭਟਕੇ ਜੰਗਲੀ ਬਾਂਦਰ ਕਾਰਨ ਲੋਕਾਂ ਵਿੱਚ ਦਹਿਸ਼ਤ ਹੈ। ਲੋਕਾਂ ਨੇ ਬਾਂਦਰ ਨੂੰ ਕਸਬੇ ਦੇ ਅੰਦਰਲੇ ਹਿੱਸੇ ਵਿੱਚ ਘਰਾਂ ਨੇੜੇ ਘੁੰਮਦਾ ਦੇਖ ਇੱਕ-ਦੂਸਰੇ ਨੂੰ ਸੁਚੇਤ ਕੀਤਾ। ਇਸ ਤੋਂ ਬਾਅਦ ਬਾਂਦਰ ਨੂੰ ਕਸਬੇ ਤੋਂ ਬਾਹਰ ਧਰਮਕੋਟ-ਜੋਗੇਵਾਲਾ ਮੁੱਖ ਸੜਕ ’ਤੇ ਸਥਿਤ ਜਨਤਕ ਸੈਰਗਾਹ ਵਿੱਚ ਵੀ ਦੇਖਿਆ ਗਿਆ। ਹਾਲਾਂਕਿ ਬਾਂਦਰ ਨੇ ਕਿਸੇ ਨੂੰ ਵੀ ਕੋਈ ਨੁਕਸਾਨ ਨਹੀਂ ਪਹੁੰਚਿਆ ਪਰ ਉਸ ਦੀ ਹਾਲਤ ਦੇਖ ਕੇ ਮਹਿਸੂਸ ਹੁੰਦਾ ਹੈ ਕਿ ਉਹ ਆਵਾਰਾ ਕੁੱਤਿਆਂ ਦੇ ਹਮਲੇ ਦਾ ਸ਼ਿਕਾਰ ਹੋਇਆ ਹੈ। ਪੰਛੀਆਂ ਦੀ ਰੱਖ ਹਰੀਕੇ ਇੱਥੋਂ ਨਜ਼ਦੀਕ ਹੋਣ ਕਾਰਨ ਇਸ ਬਾਂਦਰ ਦੇ ਉਥੋਂ ਭਟਕ ਕੇ ਆਉਣ ਦਾ ਖ਼ਦਸ਼ਾ ਹੈ। ਇਸ ਤੋਂ ਪਹਿਲਾਂ ਵੀ ਬਾਂਦਰ ਅਤੇ ਲੰਗੂਰ ਕਈ ਵਾਰ ਭਟਕ ਕੇ ਇੱਥੇ ਆ ਚੁੱਕੇ ਹਨ। ਸਮਾਜਸੇਵੀ ਜਗਤਾਰ ਸਿੰਘ, ਵਾਤਾਵਰਨ ਪ੍ਰੇਮੀ ਦਿਲਬਾਗ ਸਿੰਘ ਅਤੇ ਮਨਪ੍ਰੀਤ ਸਿੰਘ ਮਣੀ ਨੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਬਾਂਦਰ ਨੂੰ ਕਾਬੂ ਕਰ ਕੇ ਲੋਕਾਂ ਦੀ ਜਾਨ ਬਚਾਈ ਜਾਵੇ ਤੇ ਬਾਂਦਰ ਨੂੰ ਸੁਰੱਖਿਅਤ ਥਾਂ ਭੇਜਿਆ ਜਾਵੇ।