ਕੇਂਦਰੀ ਜੇਲ੍ਹ ’ਚ ਖਿਡੌਣਾ ਡਰੋਨ ਡਿੱਗਣ ਕਾਰਨ ਦਹਿਸ਼ਤ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 12 ਜੂਨ
ਉੱਚ ਸੁਰੱਖਿਆ ਵਾਲੀ ਅੰਮ੍ਰਿਤਸਰ ਕੇਂਦਰੀ ਜੇਲ੍ਹ ‘ਚ ਐਤਵਾਰ ਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ ਕਥਿਤ ਇਕ ਖਿਡੌਣਾ ਡਰੋਨ ਡਿੱਗਣ ਕਾਰਨ ਦਹਿਸ਼ਤ ਵਾਲਾ ਮਾਹੌਲ ਪੈਦਾ ਹੋ ਗਿਆ। ਇਸ ਘਟਨਾ ਤੋਂ ਬਾਅਦ ਕੇਂਦਰੀ ਜੇਲ੍ਹ ਦੇ ਅਹਾਤੇ ਵਿੱਚ ਤਾਇਨਾਤ ਨੀਮ ਫ਼ੌਜੀ ਬਲਾਂ ਨੂੰ ਤੁਰੰਤ ਚੌਕਸ ਕਰ ਦਿੱਤਾ ਗਿਆ। ਅਮਲੇ ਵੱਲੋਂ ਜੇਲ੍ਹ ਵਿਚ ਤਲਾਸ਼ੀ ਮੁਹਿੰਮ ਚਲਾਈ ਗਈ। ਜੇਲ੍ਹ ‘ਚ ਗੈਂਗਸਟਰਾਂ ਤੇ ਅਤਿਵਾਦੀਆਂ ਵੱਲੋਂ ਕਿਸੇ ਕਿਸਮ ਦੇ ਹਮਲੇ ਦੇ ਸ਼ੱਕ ਦੇ ਮੱਦੇਨਜ਼ਰ ਪੰਜਾਬ ਪੁਲੀਸ ਨੂੰ ਵੀ ਚੌਕਸ ਕੀਤਾ ਗਿਆ ਹੈ।
ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਪੁਲੀਸ ਦੇ ਅਧਿਕਾਰੀ ਕੇਂਦਰੀ ਜੇਲ੍ਹ ਵਿੱਚ ਪਹੁੰਚ ਗਏ। ਪੁਲੀਸ ਵੱਲੋਂ ਸ਼ਹਿਰ ਦੇ ਸਾਰੇ ਪ੍ਰਵੇਸ਼ ਦੁਆਰ ਅਤੇ ਬਾਹਰ ਨਿਕਲਣ ਵਾਲੇ ਰਸਤਿਆਂ ਨੂੰ ਸੀਲ ਕਰ ਦਿੱਤਾ ਗਿਆ ਸੀ। ਵੇਰਵਿਆਂ ਮੁਤਾਬਕ ਰਾਤ 2 ਵਜੇ ਦੇ ਕਰੀਬ ਅਮਲੇ ਨੂੰ ਜੇਲ੍ਹ ਵਿਚ ਇਕ ਖਿਡੌਣਾ ਡਰੋਨ ਮਿਲਿਆ, ਜਿਸ ਦੀ ਸੂਚਨਾ ਮਿਲਣ ਮਗਰੋਂ ਤੁਰੰਤ ਪੁਲੀਸ ਟੀਮਾਂ ਨੇ ਨੇੜਲੇ ਆਬਾਦੀ ਵਾਲੇ ਖੇਤਰ ਦੀ ਤਲਾਸ਼ੀ ਲਈ। ਪਤਾ ਲੱਗਾ ਕਿ ਖਿਡੌਣਾ ਡਰੋਨ ਦੋ ਬੱਚਿਆਂ ਦੁਆਰਾ ਉਡਾਇਆ ਗਿਆ ਸੀ। ਇਹ ਕਾਬੂ ਤੋਂ ਬਾਹਰ ਹੋ ਗਿਆ ਅਤੇ ਕੇਂਦਰੀ ਜੇਲ੍ਹ ਵਿੱਚ ਡਿੱਗ ਗਿਆ। ਪੁਲੀਸ ਨੇ ਬੱਚਿਆਂ ਦੇ ਪਿਤਾ ਨੂੰ ਹਿਰਾਸਤ ‘ਚ ਲੈ ਕੇ ਉਸ ਦੇ ਪਿਛੋਕੜ ਦੀ ਜਾਂਚ ਕੀਤੀ। ਉਸ ਖ਼ਿਲਾਫ਼ ਮਾਮਲਾ ਦਰਜ ਹੋਣ ਦੀ ਸੰਭਾਵਨਾ ਹੈ। ਫਿਲਹਾਲ ਪੁਲੀਸ ਅਤੇ ਜੇਲ੍ਹ ਪ੍ਰਸ਼ਾਸਨ ਇਸ ਘਟਨਾ ਬਾਰੇ ਚੁੱਪ ਹੈ। ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਕੇਂਦਰੀ ਜੇਲ੍ਹ ਫਤਿਹਪੁਰ ਇਲਾਕੇ ਦੀ ਸੰਘਣੀ ਆਬਾਦੀ ਵਿੱਚ ਬਣੀ ਹੋਈ ਹੈ। ਇਹ ਜੇਲ੍ਹ ਪਹਿਲਾਂ ਹਵਾਈ ਅੱਡਾ ਰੋਡ ‘ਤੇ ਹੁੰਦੀ ਸੀ। ਇਸ ਨੂੰ 2016 ‘ਚ ਫਤਿਹਪੁਰ ਜੇਲ੍ਹ ਕੰਪਲੈਕਸ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ।