ਜੈਤੋ ’ਚ ਪੰਡਿਤ ਜਵਾਹਰ ਲਾਲ ਨਹਿਰੂ ਦਾ ਜਨਮ ਦਿਨ ਮਨਾਇਆ
ਪੱਤਰ ਪ੍ਰੇਰਕ
ਜੈਤੋ, 14 ਨਵੰਬਰ
ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦਾ ਅੱਜ ਜਨਮ ਦਿਨ ‘ਬਾਲ ਦਿਵਸ’ ਦੇ ਰੂਪ ਵਿੱਚ ਸਥਾਨਕ ਨਹਿਰੂ ਯਾਦਗਾਰ ’ਤੇ ਫ਼ਰੀਡਮ ਫ਼ਾਈਟਰਜ਼ ਉੱਤਰਾਧਿਕਾਰੀ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਦੇ ਆਗੂ ਰਾਮ ਰਾਜ ਸੇਵਕ ਦੀ ਅਗਵਾਈ ਹੇਠ ਮਨਾਇਆ ਗਿਆ। ਸ੍ਰੀ ਸੇਵਕ ਅਤੇ ਹੋਰਨਾਂ ਬੁਲਾਰਿਆਂ ਨੇ ਪੰਡਤ ਨਹਿਰੂ ਵੱਲੋਂ ਆਜ਼ਾਦੀ ਸੰਗਰਾਮ ਦੀ ਘਾਲਣਾ ਨੂੰ ਯਾਦ ਕਰਦਿਆਂ ਦੂਰਅੰਦੇਸ਼ ਆਗੂ ਦੱਸਿਆ। ਉਨ੍ਹਾਂ ਕਿਹਾ ਕਿ ਜਦੋਂ ਬ੍ਰਿਟਿਸ਼ ਹਕੂਮਤ ਦੀ ਦਹਿਸ਼ਤ ਅੱਗੇ ਕੋਈ ਕੁਸਕਦਾ ਤੱਕ ਨਹੀਂ ਸੀ, ਉਸ ਵਕਤ ਨਹਿਰੂ ਵਰਗੇ ਦੇਸ਼ ਭਗਤਾਂ ਨੇ ਆਜ਼ਾਦੀ ਦੇ ਪਰਚਮ ਨੂੰ ਉੱਚਾ ਕਰਕੇ ਲਹਿਰਾਈ ਰੱਖਿਆ। ਉਨ੍ਹਾਂ ਦੇਸ਼ ਅੰਦਰ ਪਸਰੀ ਗਰੀਬੀ, ਅਰਾਜਕਤਾ ਅਤੇ ਭ੍ਰਿਸ਼ਟਾਚਾਰ ਵਰਗੀਆਂ ਅਲਾਮਤਾਂ ਲਈ ਸਿਆਸੀ ਪ੍ਰਬੰਧ ਨੂੰ ਕਸੂਰਵਾਰ ਦੱਸਿਆ। ਉਨ੍ਹਾਂ ਕਿਹਾ ਕਿ ਸ੍ਰੀ ਨਹਿਰੂ ਦੇ ਵਿਚਾਰ ਪਹਿਲਾਂ ਜਿੰਨੇ ਹੀ ਪ੍ਰਸੰਗਕ ਹਨ ਅਤੇ ਨਵੀਂ ਪੀੜ੍ਹੀ ਨੂੰ ਉਨ੍ਹਾਂ ਵਿਚਾਰਾਂ ਤੋਂ ਪ੍ਰੇਰਣਾ ਲੈ ਕੇ ਦੇਸ਼ ਦੀ ਅਗਵਾਈ ਕਰਨੀ ਚਾਹੀਦੀ ਹੈ। ਇਸ ਮੌਕੇ ਕਈ ਅਹਿਮ ਸ਼ਖ਼ਸੀਅਤਾਂ ਨੂੰ ਸ੍ਰੀ ਸੇਵਕ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਨੌਜਵਾਨ ਕਾਂਗਰਸੀ ਆਗੂ ਵਿਸ਼ਾਲ ਡੋਡ (ਘੰਟੀ), ਸਮਾਜ ਸੇਵੀ ਅਸ਼ੋਕ ਧੀਰ, ਮਾ. ਅੰਗਰੇਜ਼ ਸਿੰਘ, ਰਿਟਾ. ਮੁੱਖ ਅਧਿਆਪਕ ਬਲਦੇਵ ਸਿੰਘ ਸਮੇਤ ਬਹੁਤ ਸਾਰੇ ਪਤਵੰਤੇ ਮੌਜੂਦ ਸਨ।
ਜੈਤੋ ਮੋਰਚੇ ’ਚ ਗ੍ਰਿਫ਼ਤਾਰ ਹੋਏ ਸਨ ਨਹਿਰੂ਼
ਇਹ ਸਮਾਗਮ ਅੱਜ ਜੈਤੋ ਦੇ ਕਿਲੇ ਵਿਚਲੇ ਉਸ ਬੰਦੀਖਾਨੇ ਸਾਹਮਣੇ ਹੋਇਆ, ਜਿੱਥੇ ਜੈਤੋ ਦੇ ਇਤਿਹਾਸਕ ਮੋਰਚੇ ਮੌਕੇ 1924 ਵਿੱਚ ਜੈਤੋ ਆਏ ਜਵਾਹਰ ਲਾਲ ਨਹਿਰੂ ਨੂੰ ਬਰਤਾਨਵੀ ਹਕੂਮਤ ਵੱਲੋਂ ਗ੍ਰਿਫ਼ਤਾਰ ਕਰਕੇ ਬੰਦ ਕੀਤਾ ਗਿਆ ਸੀ।