ਪਾਂਡਵ ਵਣ
ਸਮਰਜੀਤ ਸਿੰਘ ਸ਼ਮੀ
ਅੱਜ ਸਵੇਰ ਤੋਂ ਹੀ ਫ਼ਿਜ਼ਾਵਾਂ ਵਿੱਚ ਕੋਈ ਮਹਿਕ ਜਿਹੀ ਘੁਲ਼ੀ ਜਾਪ ਰਹੀ ਸੀ। ਰੁੱਖਾਂ-ਝਾੜੀਆਂ ਵਿੱਚ ਰਹਿੰਦੇ ਪੰਛੀਆਂ ਦੇ ਗੀਤ, ਬੀਂਡਿਆਂ ਦਾ ਸ਼ੋਰ, ਆਪਣੀ ਹੀ ਧੁਨ ਵਿੱਚ ਵਗਦੇ ਦਰਿਆ ਦੇ ਪਾਣੀਆਂ ਦੀ ਆਵਾਜ਼ ਕਿਸੇ ਨੂੰ ਵੀ ਕੀਲ ਸਕਦੀ ਸੀ। ਪੱਛੋਂ ਦੀ ਪੌਣ ਦੇ ਰੁਮਕਣ ਨਾਲ ਭੀਮ ਦੇ ਚਿਹਰੇ ਉੱਤੇ ਲਮਕਦੀ ਵਾਲ਼ਾਂ ਦੀ ਲਟ ਕਿਸੇ ਜੇਤੂ ਫ਼ੌਜ ਦੇ ਝੰਡੇ ਵਾਂਗ ਲਹਿਰਾ ਰਹੀ ਸੀ। ਉਸ ਦੇ ਬੁੱਲ੍ਹਾਂ ’ਤੇ ਆਨੰਦਮਈ ਮੁਸਕੁਰਾਹਟ ਨੇ ਜਿਵੇਂ ਘਰ ਪਾ ਲਿਆ ਹੋਵੇ। ਆਪਣੇ ਭਰਾ ਨੂੰ ਇੰਝ ਮਸਤ ਹਾਥੀ ਵਾਂਗ ਬੈਠਾ ਵੇਖ ਅਰਜੁਨ ਕੋਲੋਂ ਰਿਹਾ ਨਾ ਗਿਆ। ਉਸ ਨੇ ਸ਼ਰਾਰਤ ਨਾਲ ਇੱਕ ਤੀਰ ਛੱਡਿਆ ਜਿਸ ਨੇ ਫੁੱਲਾਂ ਲੱਦੇ ਰੁੱਖ ਤੋਂ ਭੀਮ ਦੇ ਸਿਰ ’ਤੇ ਫੁੱਲਾਂ ਦੀ ਬਾਰਿਸ਼ ਜਿਹੀ ਕਰ ਦਿੱਤੀ।
ਉਸ ਨੇ ਉਸੇ ਮਸਤ ਅੰਦਾਜ਼ ਵਿੱਚ ਅਰਜੁਨ ਵੱਲ ਤੱਕਿਆ ਤੇ ਫਿਰ ਖ਼ਿਆਲਾਂ ਵਿੱਚ ਖੋ ਗਿਆ।
‘‘ਵੱਡੇ ਬਾਈ, ਕੌਣ ਹੈ ਜਿਸ ਦੇ ਖ਼ਿਆਲਾਂ ਨੇ ਤੁਹਾਨੂੰ ਇੰਝ ਆਪਣੇ ਜਾਲ਼ ਵਿੱਚ ਜਕੜ ਲਿਆ ਹੈ? ਤੁਹਾਨੂੰ ਆਸਮਾਨ ਵਿੱਚ ਖਰਗੋਸ਼ਾਂ ਵਾਂਗ ਦੌੜਦੇ ਬੱਦਲਾਂ, ਫੁੱਲਾਂ, ਭੌਰਿਆਂ ਅਤੇ ਭਰਾਵਾਂ ਤੋਂ ਬੇਖ਼ਬਰ ਕਰ ਦਿੱਤਾ ਹੈ।’’
‘‘ਹੈ ਕੋਈ। ਪਰ ਮੈਂ ਹੈਰਾਨ ਹੋ ਜਾਂਦਾ ਹਾਂ ਅਰਜੁਨ। ਤੂੰ ਮੇਰੇ ਚਿਹਰੇ ਨੂੰ ਪੜ੍ਹ ਕੇ ਕਿਵੇਂ ਸਭ ਕੁਝ ਜਾਣ ਲੈਂਦਾ ਹੈਂ?’’
‘‘ਹੁਣ ਤਾਂ ਮੈਥੋਂ ਸਬਰ ਨਹੀਂ ਹੋ ਰਿਹਾ। ਕੀ ਤੁਹਾਨੂੰ ਹਸਤਿਨਾਪੁਰ ਦੀ ਯਾਦ ਆ ਰਹੀ ਹੈ? ਆਪਣਾ ਅਗਿਆਤਵਾਸ ਖ਼ਤਮ ਹੋਣ ਵਾਲ਼ਾ ਹੈ। ਸਾਨੂੰ ਆਪਣੀ ਬੁੱਕਲ਼ ਵਿੱਚ ਪਨਾਹ ਦੇਣ ਵਾਲਾ ਸਾਡਾ ਸਾਥੀ ਇਹ ਵਣ ਜ਼ਿਆਦਾ ਦੇਰ ਤੱਕ ਸਾਥੀ ਨਹੀਂ ਰਹੇਗਾ। ਛੇਤੀ ਹੀ ਅਸੀਂ ਸਭ ਆਪਣੇ ਮਹਿਲਾਂ ਵਿੱਚ ਹੋਵਾਂਗੇ।’’
‘‘ਨਹੀਂ, ਅਰਜੁਨ। ਇਹ ਰਾਜਧਾਨੀ ਜਾਂ ਦੁਰਯੋਧਨ ਦੀ ਗੱਲ ਨਹੀਂ। ਇਹ ਤਾਂ ਮੇਰੇ ਦਿਲ ਵਿੱਚ ਖੁੱਭੇ ਕਿਸੇ ਸੁੰਦਰੀ ਦੇ ਨੈਣਾਂ ਦੇ ਤੀਰ ਹਨ।’’
‘‘ਅਹਾ! ਕਮਾਲ ਕਮਾਲ! ਪ੍ਰੇਮ ਬਾਣ ਨੇ ਮਹਾਂਰਥੀ ਦੇ ਰਥ ਨੂੰ ਬੇਵੱਸ ਕਰ ਦਿੱਤਾ ਹੈ। ਫਿਰ ਦੇਰ ਕਿਸ ਗੱਲ ਦੀ ਹੈ? ਚਲੋਂ ਮਾਂ ਨੂੰ ਇਹ ਸ਼ੁੱਭ ਸੰਦੇਸ਼ ਦਿੰਦੇ ਹਾਂ। ਮੁੱਦਤ ਮਗਰੋਂ ਆਪਣੇ ਪਰਿਵਾਰ ਵਿੱਚ ਇੱਕ ਚੰਗੀ ਖ਼ਬਰ ਆਈ ਹੈ। ਜਿਸ ਦੇ ਗੁਰਜ ਦੀ ਨੋਕ ਹੇਠ ਵੱਡੇ ਵੱਡੇ ਯੋਧਿਆਂ ਦੀ ਆਕੜ ਨੱਕ ਰਗੜਦੀ ਹੈ, ਉਸ ਮਹਾਂਬਲੀ ਨੂੰ ਕਿਸ ਦੀ ਉਡੀਕ ਹੈ? ਚਲੋ ਚੱਲੀਏ ਅਤੇ ਤੁਹਾਡੇ ਦਿਲ ਦੀ ਰਾਣੀ ਨੂੰ ਘਰ ਲੈ ਆਈਏ।’’
‘‘ਘਰ ਹੀ ਤਾਂ ਨਹੀਂ ਹੈ ਆਪਣੇ ਕੋਲ ਅਰਜੁਨ। ਜ਼ਰਾ ਵੇਖ ਕਿਹੜੇ ਹਾਲ ਵਿੱਚ ਰਹਿ ਰਹੇ ਹਾਂ। ਸਾਡਾ ਤਾਂ ਆਪਣਾ ਕੋਈ ਟਿਕਾਣਾ ਨਹੀਂ, ਅਜਿਹੇ ਵਿੱਚ ਜ਼ਿੰਦਗੀ ਅੱਗੇ ਕਿਵੇਂ ਤੁਰ ਸਕਦੀ ਹੈ?’’
‘‘ਵਾਹ, ਮਹਾਂਬਲੀ ਨੂੰ ਕਬੀਲਦਾਰੀ ਦੀਆਂ ਗੱਲਾਂ ਕਰਦਿਆਂ ਵੇਖ ਕੇ ਕਿੰਨਾ ਅਜੀਬ ਲੱਗਦਾ ਹੈ। ਤੁਸੀਂ ਬੇਫ਼ਿਕਰ ਰਹੋ। ਮਾਂ ਨਾਲ ਮੈਂ ਗੱਲ ਕਰਾਂਗਾਂ। ਉਸ ਸੁੰਦਰੀ ਦਾ ਨਾਂ ਤਾਂ ਦੱਸੋ ਬਾਈ ਜੀ...’’
‘‘ਹਿਡੰਬਾ... ਹਿਡੰਬਾ ਦੇਵੀ। ਇਹ ਨਾਂ ਲੈਂਦਿਆਂ ਹੀ ਮੇਰੇ ਮਨ ਵਿੱਚ ਅਨੇਕਾਂ ਕੋਇਲਾਂ ਗਾ ਉੱਠਦੀਆਂ ਹਨ। ਇਹ ਸਾਰਾ ਜੰਗਲ ਹੀ ਇੱਕ ਗੀਤ ਬਣ ਜਾਂਦਾ ਹੈ। ਪ੍ਰੇਮ ਗੀਤ... ਉਹ ਪਰਮ ਸੁੰਦਰੀ ਇਸ ਜੰਗਲ ਦੇ ਸਰਦਾਰ ਦੀ ਭੈਣ ਹੈ। ਉਸ ਦਾ ਘਰ ਸਾਹਮਣੇ ਵਾਲੀ ਪਹਾੜੀ ’ਤੇ ਹੈ। ਉਹ ਆਪਣੀਆਂ ਸਹੇਲੀਆਂ ਨਾਲ ਏਥੇ ਸਾਡੇ ਖ਼ੂਹ ’ਤੇ ਪਾਣੀ ਭਰਨ ਆਉਂਦੀ ਏ। ਲੱਗਦਾ ਹੈ ਜਿਵੇਂ ਉਹ ਆਪਣੇ ਘੜੇ ਵਿੱਚ ਮੇਰੀ ਰੂਹ ਨੂੰ ਹੀ ਬੰਦ ਕਰ ਕੇ ਲੈ ਗਈ ਏ। ਰੂਹ ਤੋਂ ਬਿਨਾਂ ਇਸ ਦੇਹ ਦਾ ਕੀ ਕਰਨਾ ਹੈ ਅਰਜੁਨ...!’’
ਭੀਮ ਆਪਣੀ ਹੀ ਰਵਾਨੀ ਵਿੱਚ ਬੋਲਦਾ ਜਾ ਰਿਹਾ ਸੀ...
‘‘ਸੱਚ ਜਾਣੀਂ ਅਰਜੁਨ, ਮੇਰੇ ਵੀਰ... ਜਦੋਂ ਆਪਣੀ ਟੋਲੀ ਨਾਲ ਪਹਾੜ ਤੋਂ ਉੱਤਰਦੀ ਹੈ ਤਾਂ ਇੰਝ ਲੱਗਦਾ ਹੈ ਜਿਵੇਂ ਕੋਈ ਪਹਾੜੀ ਨਦੀ ਮਾਰੂਥਲਾਂ ਨੂੰ ਸਰਸ਼ਾਰ ਕਰਨ ਲਈ ਸਵਰਗ ਤੋਂ ਧਰਤੀ ’ਤੇ ਆ ਰਹੀ ਹੋਵੇ। ਉਹ ਪੋਲੇ ਪੋਲੇ ਪੱਬ ਢਾਕ ’ਤੇ ਘੜਾ ਟਿਕਾ ਖੂਹ ਦੀਆਂ ਪੌੜੀਆਂ ਉੱਤਰਦੀ ਸਾਖ਼ਸ਼ਾਤ ਕੋਈ ਅਪਸਰਾ ਜਾਪਦੀ ਹੈ। ਉਸ ਦਾ ਹਾਸਾ, ਅਠਖ਼ੇਲੀਆਂ ਵੇਖ ਮੈਂ ਜ਼ਿੰਦਗੀ ਦੇ ਸਭ ਦੁੱਖ ਵਿਸਾਰ ਚੁੱਕਾ ਹਾਂ।’’
ਦੋਵੇਂ ਭਰਾ ਕਿੰਨੀ ਦੇਰ ਜੰਗਲ ਦੀ ਰਾਜਕੁਮਾਰੀ ਬਾਰੇ ਗੱਲਾਂ ਕਰਦੇ ਰਹੇ। ਉਨ੍ਹਾਂ ਦੇ ਸਿਰ ਉੱਤੋਂ ਪੰਛੀਆਂ ਦੀਆਂ ਕਿੰਨੀਆਂ ਡਾਰਾਂ ਲੰਘੀਆਂ, ਕੌਣ ਜਾਣਦਾ ਹੈ?
ਪਰ ਓਧਰ, ਪਹਾੜੀ ਉੱਤੇ ਇੱਕ ਘਰ ਵਿੱਚ ਸ਼ੋਰ ਹੈ। ਇਹ ਤਾਂ ਹਿਡੰਬਾ ਦੇਵੀ ਦਾ ਘਰ ਹੈ। ਪਹਾੜੀ ਦੀ ਟੀਸੀ ’ਤੇ ਇੱਕ ਛੰਨ। ਹਿਡੰਬਾ ਦਾ ਭਰਾ ਹਿਡੰਬੀ ਬਹੁਤ ਬੇਚੈਨ ਜਾਪ ਰਿਹਾ ਸੀ। ਉਸ ਨੂੰ ਚੰਨ ਤਾਰੇ, ਸੰਗੀਤ, ਗਿਆਨ, ਧਿਆਨ, ਮਾਣ, ਤਾਣ, ਕੁਝ ਵੀ ਚੰਗਾ ਨਹੀਂ ਲੱਗ ਰਿਹਾ ਸੀ। ਉਸ ਦੇ ਡੌਲ਼ੇ ਫ਼ਰਕ ਰਹੇ ਸਨ।
‘‘ਅਸੀਂ ਇਲਾਕੇ ਦੇ ਚੌਧਰੀ ਹਾਂ। ਉਹ ਲੋਕ ਪਤਾ ਨਹੀਂ ਕੌਣ ਨੇ? ਨਾ ਘਰ ਨਾ ਦਰ। ਦੇਖ ਭੈਣੇ, ਤੇਰੇ ਲਈ ਜਾਨ ਦੇ ਸਕਦਾ ਹਾਂ। ਤੈਥੋਂ ਬਿਨਾਂ ਮੇਰਾ ਕੋਈ ਨਹੀਂ, ਨਾ ਹੀ ਕੋਈ ਤੇਰੇ ਤੋਂ ਵਧ ਕੇ ਹੈ। ਪਰ ਸੋਚ ਕੇ ਤਾਂ ਵੇਖ। ਵਿਆਹ ਕੋਈ ਗੁੱਡੇ ਗੁੱਡੀਆਂ ਦੀ ਖੇਡ ਨਹੀਂ। ਉਮਰਾਂ ਦਾ ਸੌਦਾ ਹੈ। ਪ੍ਰੇਮ ਪਿਆਰ ਤਾਂ ਜ਼ਿੰਮੇਵਾਰੀ ਦੇ ਰਤਾ ਕੁ ਸੇਕ ਨਾਲ ਉੱਡਪੁੱਡ ਜਾਵੇਗਾ। ਆਪਣੇ ਮਨ ਉੱਤੇ ਛਾਈ ਇਸ ਆਵਾਰਾ ਬੱਦਲੀ ਨੂੰ ਹਟਾ ਕੇ ਵੇਖ। ਉਹ ਮੁਸਾਫ਼ਰ ਨੇ, ਪਰ ਕਿਹੜੇ ਸਫ਼ਰ ’ਤੇ ਨੇ, ਪਤਾ ਨਹੀਂ। ਮੈਂ ਸੁਣਿਆ ਹੈ ਉਹ ਲੋਕ ਸਾਨੂੰ ਰਾਖ਼ਸ਼ ਆਖਦੇ ਨੇ। ਸਿਰਫ਼ ਇਸ ਲਈ ਕਿਉਂਕਿ ਅਸੀਂ ਜੰਗਲ ਦੀ ਸੰਤਾਨ ਹਾਂ? ਇਹ ਜੰਗਲ ਸਾਡਾ ਘਰ ਹੈ। ਅਸੀਂ ਰੁੱਖਾਂ, ਪੰਛੀਆਂ, ਜਨੌਰਾਂ, ਨਦੀਆਂ ਨੂੰ ਰੱਬ ਵਾਂਗ ਪੂਜਦੇ ਹਾਂ। ਕੀ ਕੁਦਰਤ ਨੂੰ ਪੂਜਣ ਨਾਲ ਅਸੀਂ ਇਨਸਾਨ ਹੀ ਨਹੀਂ ਰਹੇ? ਨਾ ਹਿਡੰਬਾ ਮੇਰੀ ਭੈਣ, ਨਾ ... ਸੋਚ ਕੇ ਤਾਂ ਵੇਖ, ਉਨ੍ਹਾਂ ਦੀ ਅਕਲ, ਸ਼ਕਲ, ਡੀਲ ਡੌਲ, ਰਹਿਣ ਸਹਿਣ ਕੁਝ ਵੀ ਤਾਂ ਸਾਡੇ ਨਾਲ ਨਹੀਂ ਮਿਲਦਾ।’’
ਭਰਾ ਦਾ ਹਰ ਸ਼ਬਦ ਭਾਵੇਂ ਅਪਣੱਤ ਅਤੇ ਫ਼ਿਰਕਮੰਦੀ ਨਾਲ਼ ਭਰਿਆ ਸੀ, ਪਰ ਸ਼ਬਦ ਵਿਅਰਥ ਜਾ ਰਹੇ ਸਨ। ਜਿਵੇਂ ਕੋਈ ਸ਼ਿਕਾਰੀ ਹਨੇਰੇ ਵਿੱਚ ਤੀਰ ਚਲਾ ਰਿਹਾ ਹੋਵੇ। ਜਿਵੇਂ ਕੋਈ ਭਟਕਦੀ ਬੱਦਲੀ ਮਾਰੂਥਲ ਵਿੱਚ ਵਰ੍ਹ ਗਈ ਹੋਵੇ।
ਹਿਡੰਬੀ ਦੀ ਪੂਰੇ ਇਲਾਕੇ ਵਿੱਚ ਅਜਿੱਤ ਪਹਿਲਵਾਨ ਵਜੋਂ ਚੜ੍ਹਤ ਬਣੀ ਹੋਈ ਸੀ। ਉਸ ਉੱਤੇ ਕੁਦਰਤ ਮਿਹਰਬਾਨ ਸੀ। ਉਸ ਦੀ ਚਾਲ-ਢਾਲ, ਚੁਸਤੀ ਫ਼ੁਰਤੀ, ਦਾਅ ਪੇਚ, ਦਬਦਬਾ ਬਾਕਮਾਲ ਸਨ। ਪਰ ਉਸ ਨੂੰ ਹਿਡੰਬਾ ਦੀ ਫ਼ਿਕਰ ਹੋ ਰਹੀ ਸੀ। ਉਸ ਦੇ ਮਨ ਦੇ ਅੰਬਰ ਤੇ ਸੋਚਾਂ ਦਾ ਸੂਰਜ ਚੜ੍ਹਦਾ ਲਹਿੰਦਾ ਉਸ ਨੂੰ ਬੇਚੈਨ ਕਰ ਰਿਹਾ ਸੀ। ਚਿੰਤਾ ਨੇ ਉਸ ਦੇ ਪੈਰਾਂ ਹੇਠ ਅੱਗ ਮਚਾ ਰੱਖੀ ਸੀ।
ਕਿਸ ਨੇ ਬਣਾਈ ਇਹ ਪਿਆਰ ਦੀ ਖੇਡ? ਕੀ ਸੱਚਮੁਚ ਇਹ ਪਿਆਰ ਹੈ? ਹਿਡੰਬਾ ਨੂੰ ਤਾਂ ਮੈਂ ਨਜ਼ਰ ਵੀ ਨਹੀਂ ਆ ਰਿਹਾ ਤੇ ਲੋਕ ਕਹਿੰਦੇ ਨੇ ਮੈਂ ਵੱਡਾ ਮੱਲ ਹਾਂ! ਪਿੰਡ ਦੇ ਗਵੱਈਏ ਜਦੋਂ ਇਸ਼ਕ ਮੁਸ਼ਕ ਵਾਲੇ ਗੀਤ ਹੇਕਾਂ ਲਾ ਲਾ ਕੇ ਗਾਉਂਦੇ ਤਾਂ ਬਹੁਤ ਸਵਾਦਲੇ ਲੱਗਦੇ ਸਨ। ਉਹ ਉਨ੍ਹਾਂ ਨੂੰ ਦਿਲ ਖੋਲ੍ਹ ਕੇ ਇਨਾਮ ਦਿੰਦਾ। ਹੁਣ ਆਪਣੇ ਘਰ ਦੇ ਅੰਦਰ ਇਸ਼ਕ ਦੀ ਨਦੀ ਨੇ ਤਬਾਹੀ ਮਚਾ ਦਿੱਤੀ ਸੀ। ਭੁੱਖ ਤੇਹ ਸਭ ਗ਼ਾਇਬ, ਸਾਹਮਣੇ ਪਈ ਸੱਤ ਪਕਵਾਨੀ ਵੀ ਬੇਸੁਆਦ ਲੱਗ ਰਹੀ ਸੀ। ਕਿਸੇ ਵੈਦ ਕੋਲ ਇਸ ਦਾ ਇਲਾਜ ਨਹੀਂ ਸੀ, ਕਿਉਂਕਿ ਇਹ ਕੋਈ ਰੋਗ ਹੀ ਨਹੀਂ ਸੀ, ਸ਼ਾਇਦ।
ਘੋਲ਼ ਹੀ ਤਾਂ ਏ ਇਹ ਜ਼ਿੰਦਗੀ, ਬਸ ਦਾਅ ਸਹੀ ਲਗਣਾ ਚਾਹੀਦਾ ਹੈ ਤਾਂ ਬਾਜ਼ੀ ਆਪਣੀ ਹੋ ਸਕਦੀ ਹੈ।
ਹਿਡੰਬਾ ਦੇ ਮਨ ਦੀ ਨਦੀ ਵਿੱਚ ਅੰਤਾਂ ਦਾ ਸ਼ੋਰ ਸੀ। ਸੋਚਾਂ ਦੀਆਂ ਲਹਿਰਾਂ ਤੋਂ ਉੱਠੀ ਧੁੰਦ ਵਿੱਚ ਕੇਵਲ ਇੱਕ ਚਿਹਰਾ ਚੰਨ ਬਣ ਕੇ ਚਮਕ ਰਿਹਾ ਸੀ। ਭੀਮ!
ਭਰਾ ਦੀਆਂ ਗੱਲਾਂ ਸੱਚ ਨੇ। ਪਰ ਪਿਆਰ ਉੱਤੇ ਕਾਹਦਾ ਜ਼ੋਰ? ਉਸ ਦਿਨ ਖੂਹ ’ਤੇ ਭੀਮ ਨੂੰ ਵੇਖਿਆ ਤਾਂ ਇੰਝ ਜਾਪਿਆ ਜਿਵੇਂ ਕੁਦਰਤ ਰਾਣੀ ਨੇ ਅਰਸ਼ਾਂ ਤੋਂ ਮੇਰੇ ਲਈ ਹੀ ਇਸ ਜੰਗਲ ਵਿੱਚ ਭੇਜਿਆ ਹੋਵੇ। ਪਹਾੜ ਜਿੱਡਾ ਜੁੱਸਾ, ਮਸਤ ਨੈਣ ਅਤੇ ਬੇਪਰਵਾਹੀ ਵਿੱਚ ਝੂਲਦਾ ਭੀਮ ... ਉਸ ਦੀ ਨਜ਼ਰ ਨੇ ਮੇਰੀ ਨਜ਼ਰ ਨੂੰ ਪੈਰਾਂ ਵਿੱਚ ਬੇੜੀ ਵਾਂਗ ਜਕੜ ਲਿਆ। ਉਹ ਬੇੜੀ ਝਾਂਜਰ ਬਣ ਗਈ ਹੈ, ਝਾਂਜਰ ਜਿਸ ਦੀ ਝਣਕਾਰ ਜੰਗਲ, ਬੇਲੇ ਝੂਮਣ ਲਾ ਦਿੱਤੇ ਹਨ। ਪਤਾ ਨਹੀਂ ਇਹ ਕੌਣ ਹੈ, ਕਿੱਥੋਂ ਆਇਆ ਹੈ ... ਇਨ੍ਹਾਂ ਸਵਾਲਾਂ ਦਾ ਕੋਈ ਮਤਲਬ ਨਹੀਂ ਰਹਿ ਗਿਆ ਸੀ। ਮੇਰਾ ਦਿਲ ਤਾਂ ਭੀਮ ਦੇ ਨਾਮ ਨਾਲ ਧੜਕ ਰਿਹਾ ਹੈ। ਉਸ ਮੁਲਾਕਾਤ ਮਗਰੋਂ ਉਹ ਵੀ ਤਾਂ ਜੜ ਹੋ ਗਿਆ ਸੀ।
ਹਿਡੰਬੀ ਦਾ ਖ਼ਿਆਲ ਆਉਂਦਿਆਂ ਹੀ ਉਹ ਉਦਾਸ ਹੋ ਜਾਂਦੀ। ਇਹ ਕਿਹੋ ਜਿਹੀ ਮੁਸ਼ਕਿਲ ਹੈ? ਮੇਰੀ ਹਾਲਤ ਉਸ ਨਦੀ ਵਾਂਗ ਹੋ ਗਈ ਹੈ ਜੋ ਸਾਗਰ ਨੂੰ ਵੀ ਮਿਲਣਾ ਚਾਹੁੰਦੀ ਹੈ ਅਤੇ ਰਿਸ਼ਤਿਆਂ ਦੇ ਅਦਿੱਸ ਤੇ ਮਹੀਨ ਬੰਨ੍ਹ ਨੂੰ ਵੀ ਤੋੜਨਾ ਨਹੀਂ ਚਾਹੁੰਦੀ। ਪਰ ਇਹ ਕਿੰਝ ਹੋ ਸਕਦਾ ਹੈ? ਉਸ ਨੇ ਵੇਖਿਆ ਹੈ ਜਦੋਂ ਕੋਈ ਨਦੀ ਕਿਸੇ ਬੰਨ੍ਹ ਨੂੰ ਤੋੜਦੀ ਹੈ ਤਾਂ ਕਿੰਨੀ ਹਲਚਲ ਹੁੰਦੀ ਹੈ। ਲਹਿਰਾਂ ਵਿੱਚ ਕਿੰਨੀ ਬੇਚੈਨੀ ਅਤੇ ਸ਼ੋਰ ਹੁੰਦਾ ਹੈ। ਪਰ ਫਿਰ ਸਭ ਸ਼ਾਂਤ ਹੋ ਜਾਂਦਾ ਹੈ, ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਨਦੀ ਅਤੇ ਜ਼ਿੰਦਗੀ ਵੀ ਕਦੇ ਰੁਕਦੀ ਹੈ?
‘‘ਵੇਖ ਭੈਣੇ, ਮੈਨੂੰ ਲੱਗਦਾ ਹੈ ਕਿ ਸਾਡੇ ਪਿਆਰ ਅਤੇ ਪਰਿਵਾਰ ਨੂੰ ਕਿਸੇ ਦੀ ਨਜ਼ਰ ਲੱਗ ਗਈ ਹੈ। ਕੀ ਭੀਮ ਸੱਚੀਂ ਬਹੁਤ ਸ਼ਕਤੀਸ਼ਾਲੀ ਹੈ?’’
‘‘ਹਾਂ ਵੀਰ। ਉਸ ਨੂੰ ਹਰਾਉਣਾ ਅਸੰਭਵ ਹੈ।’’
‘‘ਅਸੰਭਵ! ਜੇ ਇੰਝ ਹੈ ਤਾਂ ਇੰਝ ਹੀ ਸਹੀ। ਅੱਜ ਤੱਕ ਅਜਿਹਾ ਨਹੀਂ ਹੋਇਆ ਕਿ ਕਿਸੇ ਮੱਲ ਨੇ ਮੇਰੀ ਪਿੱਠ ਲਾਈ ਹੋਵੇ। ਮੈਂ ਉਸ ਨੂੰ ਚੁਣੌਤੀ ਦੇਵਾਂਗਾ। ਜੇਕਰ ਉਸ ਨੇ ਮੇਰੀ ਪਿੱਠ ਲਗਾ ਦਿੱਤੀ ਤਾਂ ਹੀ ਉਹ ਤੇਰਾ ਪਤੀ ਬਣਨ ਦਾ ਹੱਕਦਾਰ ਹੋਵੇਗਾ। ਵਰਨਾ ਤੈਨੂੰ ਮੇਰੀ ਸਹੁੰ, ਉਸ ਨੂੰ ਭੁੱਲ ਜਾਵੀਂ!’’
‘‘ਠੀਕ ਹੈ। ਮਨਜ਼ੂਰ ਹੈ।’’
‘‘ਉਸ ’ਤੇ ਐਨਾ ਭਰੋਸਾ!’’
ਹਿਡੰਬਾ ਨੇ ਸ਼ਬਦਾਂ ਦੀ ਹਨੇਰੀ ਨੂੰ ਰੋਕ ਲਿਆ ਅਤੇ ਵਿਸ਼ਵਾਸ ਨਾਲ ਭਰੀਆਂ ਨਜ਼ਰਾਂ ਨਾਲ ਹਿਡੰਬੀ ਵੱਲ ਤੱਕਿਆ। ਹਿਡੰਬੀ ਦੀ ਰੂਹ ਨੂੰ ਝੁਣਝੁਣੀ ਜਿਹੀ ਆ ਗਈ।
ਪਾਂਡੂਆਂ ਵੱਲੋਂ ਵੀ ਸੁਨੇਹਾ ਆ ਗਿਆ ਸੀ। ਕੁੰਤੀ ਮਾਤਾ ਨੇ ਬੜੀ ਰੀਝ ਨਾਲ ਹਿਡੰਬੀ ਦੇ ਘਰ ਆਪਣੇ ਲਾਡਲੇ ਭੀਮ ਲਈ ਹਿਡੰਬਾ ਦੇਵੀ ਦਾ ਹੱਥ ਮੰਗਿਆ। ਮਾਂ ਨੂੰ ਮਨਾਉਣ ਦੀ ਜ਼ਿੰਮੇਵਾਰੀ ਅਰਜੁਨ ਨੇ ਲਈ ਸੀ। ਉਸ ਦਾ ਨਿਸ਼ਾਨਾ ਕਦੇ ਖ਼ਾਲੀ ਨਹੀਂ ਸੀ ਗਿਆ ਤੇ ਇਹ ਤੀਰ ਵੀ ਟਿਕਾਣੇ ’ਤੇ ਲੱਗਿਆ। ਹਾਲਾਂਕਿ ਮਾਂ ਨੂੰ ਇਹ ਰਿਸ਼ਤਾ ਆਪਣੇ ਖ਼ਾਨਦਾਨ ਦੇ ਮੇਚ ਦਾ ਨਹੀਂ ਜਾਪ ਰਿਹਾ ਸੀ। ਬੇਸ਼ੱਕ, ਇਸ ਜੰਗਲ ਨੇ ਉਸ ਦੇ ਪਰਿਵਾਰ ਨੂੰ ਪਨਾਹ ਦਿੱਤੀ ਪਰ ਜੰਗਲੀ ਲੋਕਾਂ ਨਾਲ ਰਿਸ਼ਤਾ ਜੋੜਨਾ ਹੋਰ ਗੱਲ ਸੀ। ਇਸ ਉਵੇਂ ਹੀ ਸੀ ਜਿਵੇਂ ਇਮਾਰਤ ਦੀ ਉਸਾਰੀ ਹੋਣ ਤੋਂ ਬਾਅਦ ਮਜ਼ਦੂਰ ਦਾ ਉਸ ਨਾਲ ਕੋਈ ਸਬੰਧ ਨਹੀਂ ਰਹਿੰਦਾ। ਪੁੱਤਰ ਮੋਹ ਅੱਗੇ ਮਾਪਿਆਂ ਨੂੰ ਝੁਕਣਾ ਪੈਂਦਾ ਹੈ। ਆਖ਼ਰ ਆਪਣੇ ਪੁੱਤਰਾਂ ਦੀ ਮਾਤਾ ਅਤੇ ਪਿਤਾ ਦੋਵੇਂ ਉਹ ਆਪ ਹੀ ਸੀ। ਇਸ ਜੰਗਲ ਵਿੱਚ ਉਨ੍ਹਾਂ ਦਾ ਹੋਰ ਹੈ ਵੀ ਕੌਣ? ਇੱਥੋਂ ਦੇ ਸਰਦਾਰਾਂ ਨਾਲ ਰਿਸ਼ਤਾ ਫ਼ਾਇਦੇ ਵਾਲਾ ਸੌਦਾ ਸੀ।
ਹਿਡੰਬੀ ਨੇ ਆਪਣੀ ਸ਼ਰਤ ਅੱਗੇ ਰੱਖ ਦਿੱਤੀ। ਸ਼ਰਤ ਮਨਜ਼ੂਰ ਹੋ ਗਈ। ਦੋ ਸਾਨ੍ਹਾਂ ਦਾ ਭੇੜ ਹੋਣ ਵਾਲ਼ਾ ਸੀ, ਇੱਕ ਨੂੰ ਵਰ ਦੀ ਤੇ ਇੱਕ ਨੂੰ ਘਰ ਦੀ ਲੜਾਈ ਸੀ। ਕਹਿੰਦੇ ਹਨ ਕਿ ਮੁਹੱਬਤ ਵਿੱਚ ਹਾਰਨ ਵਾਲਾ ਹੀ ਅਸਲ ਜੇਤੂ ਹੁੰਦਾ ਹੈ ਪਰ ਹਾਰਨਾ ਕੌਣ ਚਾਹੁੰਦਾ ਹੈ?
ਮਿੱਥੇ ਦਿਨ ਦੰਗਲ ਸ਼ੁਰੂ ਹੋਇਆ। ਪੰਜ ਭਰਾ ਅਤੇ ਉਨ੍ਹਾਂ ਦੀ ਮਾਤਾ ਪੂਰੀ ਭੀੜ ਵਿੱਚ ਵੱਖਰੇ ਹੀ ਚਮਕ ਰਹੇ ਸਨ। ਭੀੜ ਵਿੱਚ ਮਿਹਨਤਕਸ਼ ਲੋਕ ਸਨ ਜਿਨ੍ਹਾਂ ਦੇ ਪਿੰਡੇ ਜ਼ਿੰਮੇਵਾਰੀਆਂ ਦੀ ਧੁੱਪ ਨੇ ਲੂਹ ਛੱਡੇ ਸਨ। ਕੀ ਇਸੇ ਰੰਗ ਰੂਪ ਕਰਕੇ ਇਨ੍ਹਾਂ ਨੂੰ ਰਾਖ਼ਸ਼ ਆਖਿਆ ਜਾ ਰਿਹਾ ਸੀ?
ਆਪਣੀ ਮਾਂ ਅਤੇ ਚਾਰਾਂ ਭਰਾਵਾਂ ਕੋਲੋਂ ਆਗਿਆ ਲੈ ਕੇ ਭੀਮ ਅਖਾੜੇ ਵਿੱਚ ਆਇਆ ਅਤੇ ਉਸ ਨੇ ਮਿੱਟੀ ਨੂੰ ਮੱਥੇ ਨਾਲ ਲਾਇਆ। ਹਿਡੰਬੀ ਨੇ ਆਪਣੀ ਭੈਣ ਵੱਲ ਤੱਕਿਆ। ਉਹ ਸੋਚਾਂ ਦੇ ਅਨੰਤ ਪਸਾਰੇ ਵਿੱਚ ਖੋਈ ਕਿਸੇ ਖਲਾਅ ਵਿੱਚ ਵੇਖ ਰਹੀ ਸੀ। ਉਸ ਨੂੰ ਇੱਕ ਪਲ ਲਈ ਲੱਗਿਆ ਜਿਵੇਂ ਪੂਰੇ ਬ੍ਰਹਿਮੰਡ ਵਿੱਚ ਇਸ ਅਖਾੜੇ ਵਿੱਚ ਉਹ ਇਕੱਲਾ ਖਲੋਤਾ ਸੀ। ਇੰਝ ਲੱਗ ਰਿਹਾ ਸੀ ਜਿਵੇਂ ਅਸਲੀ ਦੰਗਲ ਕਿਧਰੇ ਹੋਰ ਚੱਲ ਰਿਹਾ ਸੀ। ਉਸ ਪੂਰੇ ਢੋਲ ਢਮੱਕੇ ਨਾਲ ਮੈਦਾਨ ਵਿੱਚ ਉੱਤਰਿਆ। ਉਸ ਨੇ ਭੀਮ ਨੂੰ ਵੰਗਾਰਿਆ। ਜਿਵੇਂ ਕਹਿ ਰਿਹਾ ਹੋਵੇ ਕਿ ਉਹ ਆਪਣੇ ਘਰ ਦਰ ਨੂੰ ਬਚਾਉਣ ਲਈ ਆਖ਼ਰੀ ਦਮ ਤੱਕ ਲੜੇਗਾ।
ਭੀਮ ਅਤੇ ਹਿਡੰਬੀ ਆਹਮੋ ਸਾਹਮਣੇ ਹੋਏ। ਜਬਰਦਸਤ ਘੋਲ਼ ਸ਼ੁਰੂ ਹੋ ਗਿਆ। ਪਤਾ ਨਹੀਂ ਕਿੰਨੀ ਦੇਰ ਦੋਵੇਂ ਮੱਲ ਘੁਲ਼ਦੇ ਰਹੇ। ਕੋਈ ਵੀ ਹਾਰਦਾ ਨਜ਼ਰ ਨਹੀਂ ਆ ਰਿਹਾ ਸੀ। ਸੂਰਜ ਢਲ਼ ਰਿਹਾ ਸੀ, ਪਰ ਪਹਿਲਵਾਨਾਂ ਵਿੱਚ ਕਿਧਰੇ ਕੋਈ ਥਕਾਵਟ ਵੇਖਣ ਨੂੰ ਨਹੀਂ ਮਿਲ ਰਹੀ ਸੀ। ਪਾਂਡੂ ਭਰਾ ਹੈਰਾਨ ਸਨ ਕਿ ਮਹਾਂਬਲੀ ਭੀਮ ਨੂੰ ਅੱਜ ਕਿੰਨੀ ਜੱਦੋਜਹਿਦ ਕਰਨੀ ਪੈ ਰਹੀ ਸੀ। ਇਹ ਹਿਡੰਬੀ ਤਾਂ ਸੱਚੀ ਕਿਸੇ ਦੈਂਤ ਵਾਂਗ ਭਿੜ ਰਿਹਾ ਸੀ। ਜਦੋਂ ਵੀ ਉਹ ਭੀਮ ਨੂੰ ਪਟਕਣੀ ਦਿੰਦਾ ਤਾਂ ਭੀੜ ਜੋਸ਼ ਨਾਲ ਭਰ ਜਾਂਦੀ। ਚੀਕਾਂ, ਬੁਲਬੁਲ੍ਹੀਆਂ ਨਾਲ ਅੰਬਰ ਗੂੰਜਣ ਲਗਦਾ। ਢੋਲ ਨਗਾਰੇ, ਧੂੜ, ਧੱਫ਼ੇ ਅਲੱਗ ਹੀ ਸਮਾਂ ਬੰਨ੍ਹ ਰਹੇ ਸਨ।
ਘੁਲ਼ਦਿਆਂ ਘੁਲ਼ਦਿਆਂ ਹਿਡੰਬੀ ਦੀ ਨਜ਼ਰ ਆਪਣੀ ਭੈਣ ’ਤੇ ਪਈ। ਉਹ ਉਦਾਸ ਬੈਠੀ ਸੀ। ਉਸ ਨੂੰ ਆਪਣੇ ਭਰਾ ਦੀ ਚੜ੍ਹਤ ਵਿਖਾਈ ਨਹੀਂ ਦੇ ਰਹੀ ਸੀ। ਆਖ਼ਰ ਅੱਜ ਵਰਗਾ ਤਾਂ ਉਹ ਕਦੇ ਵੀ ਨਹੀਂ ਸੀ ਲੜਿਆ। ਉਸ ਦੇ ਦਿਲ ਅੰਦਰੋਂ ਅਜੀਬ ਜਿਹੀ ਹੂਕ ਨਿਕਲੀ ਅਤੇ ਅੱਖਾਂ ਵਿੱਚ ਹੰਝੂ ਅਟਕ ਗਏ। ਉਸੇ ਇੱਕ ਪਲ ਭੀਮ ਨੇ ਬਿਜਲੀ ਦੀ ਫ਼ੁਰਤੀ ਨਾਲ ਉਸ ਨੂੰ ਪਟਕਾ ਦੇ ਮਿੱਟੀ ਵਿੱਚ ਲਿਟਾ ਦਿੱਤਾ। ਉਸ ਅਜਿੱਤ ਸੂਰਮੇ ਦੀ ਆਪਣੇ ਹੀ ਜੰਗਲ ਦੇ ਅਖਾੜੇ ਵਿੱਚ ਪਿੱਠ ਲੱਗ ਚੁੱਕੀ ਸੀ।
ਭੀੜ ਸਦਮੇ ਵਿੱਚ ਆ ਗਈ। ਇਹ ਕਿੰਝ ਹੋ ਸਕਦਾ ਹੈ? ਪਰ ਨਵੀਂ ਸਿਰਜਣਾ ਲਈ ਟੁੱਟਭੱਜ ਤਾਂ ਲਾਜ਼ਮੀ ਹੈ। ਹਿਡੰਬਾ ਦੇ ਚਿਹਰੇ ਤੇ ਮੁਸਕੁਰਾਹਟ ਵੇਖ ਹਿਡੰਬੀ ਨੂੰ ਜਾਪਿਆ ਜਿਵੇਂ ਫ਼ਿਕਰਾਂ ਦੀ ਬੱਦਲੀ ਖੰਭ ਲਾ ਕੇ ਉੱਡਪੁਡ ਗਈ ਹੋਵੇ।
ਹਵਾਵਾਂ ਵਿੱਚ ਮੁਹੱਬਤ ਦੇ ਹਰਫ਼ ਲਿਖੇ ਜਾ ਚੁੱਕੇ ਸਨ।
ਸੰਪਰਕ: 94173-55724
ਈ-ਮੇਲ: shammitalwara@gmail.com