ਪੰਚਾਇਤਾਂ ਧੜੇਬੰਦੀ ਤੋਂ ਉੱਪਰ ਉੱਠ ਕੇ ਪਿੰਡਾਂ ਦੇ ਵਿਕਾਸ ਕਰਨ: ਕਟਾਰੂਚੱਕ
ਐਨਪੀ.ਧਵਨ
ਪਠਾਨਕੋਟ, 21 ਨਵੰਬਰ
ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਚੰਡੀਗੜ੍ਹ ਵਿੱਚ ਹਰਿਆਣਾ ਵਿਧਾਨ ਸਭਾ ਦੀ ਵੱਖਰੀ ਇਮਾਰਤ ਲਈ ਜ਼ਮੀਨ ਦੇਣ ਦੇ ਮੁੱਦੇ ’ਤੇ ਆਲ ਪਾਰਟੀ ਮੀਟਿੰਗ ਸੱਦਣ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਚੰਡੀਗੜ੍ਹ ਤਾਂ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਤਤਕਾਲੀ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਵੱਲੋਂ ਬਣਾਇਆ ਗਿਆ ਸੀ। ਉਸ ਵੇਲੇ ਹੀ ਇਸ ਨੂੰ ਪੰਜਾਬ ਦੀ ਰਾਜਧਾਨੀ (ਕੈਪੀਟਲ) ਐਲਾਨਿਆ ਗਿਆ ਸੀ। ਇਸ ਦਾ ਪੰਜਾਬ ਕੈਪੀਟਲ ਪੈਰੀਫਰੀ ਐਕਟ ਵੀ ਬਣਾਇਆ ਗਿਆ, ਜਿਸ ਵਿੱਚ ਸਾਲ 1966 ਵਿੱਚ ਪੰਜਾਬ-ਹਰਿਆਣਾ-ਹਿਮਾਚਲ ਦੀ ਵੰਡ ਵੇਲੇ ਪੁਨਰਗਠਨ ਕਰਨ ਸਮੇਂ ਮਾਮੂਲੀ ਸੋਧ ਕਰਕੇ ‘ਦਿ ਨਿਊ ਪੰਜਾਬ ਕੈਪੀਟਲ ਪੈਰੀਫਰੀ ਐਕਟ 1966’ ਦਾ ਨਾਂ ਦਿੱਤਾ ਗਿਆ, ਜਦ ਕਿ ਹਰਿਆਣਾ ਨੂੰ ਆਪਣੀ ਵੱਖਰੀ ਰਾਜਧਾਨੀ ਬਣਾਉਣ ਲਈ ਆਰਜ਼ੀ ਤੌਰ ’ਤੇ ਚੰਡੀਗੜ੍ਹ ਵਿੱਚ ਕੰਮ ਕਰਨ ਲਈ ਕਿਹਾ ਗਿਆ ਸੀ। ਅਜਿਹੀ ਹਾਲਤ ਵਿੱਚ ਸਪੱਸ਼ਟ ਹੈ ਕਿ ਕੇਂਦਰ ਦੀ ਸ਼ਹਿ ’ਤੇ ਹਰਿਆਣਾ ਆਪਣੀਆਂ ਨਵੀਆਂ ਗੋਂਦਾਂ ਗੁੰਦਣ ਲੱਗ ਪਿਆ ਹੈ, ਜਿਸ ਨੂੰ ਆਮ ਆਦਮੀ ਪਾਰਟੀ ਕਦੇ ਵੀ ਨਹੀਂ ਸਹਾਰੇਗੀ ਅਤੇ ਕੇਂਦਰ ਦਾ ਧੱਕਾ ਨਹੀਂ ਸਹਿਣ ਕਰੇਗੀ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਘਰੋਟਾ ਵਿੱਚ ਨਵ-ਨਿਯੁਕਤ ਸਰਪੰਚ ਸੰਜੀਵ ਕੁਮਾਰ ਰੋਡਾ ਵੱਲੋਂ ਰੱਖੀ ਗਈ ਧੰਨਵਾਦ ਰੈਲੀ ਨੂੰ ਸੰਬੋਧਨ ਕਰਨ ਲਈ ਪੁੱਜੇ ਹੋਏ ਸਨ।
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਚਾਇਤਾਂ ਧੜੇਬੰਦੀ ਤੋਂ ਉੱਪਰ ਉੱਠ ਕੇ ਪਿੰਡਾਂ ਦੇ ਸਰਬਪੱਖੀ ਵਿਕਾਸ ਵੱਲ ਧਿਆਨ ਦੇਣ। ਉਨ੍ਹਾਂ ਕਿਹਾ ਕਿ ਘਰੋਟਾ ਵਿੱਚ ਇੱਕ ਪਾਰਕ ਅਤੇ ਕਮਿਊਨਿਟੀ ਹਾਲ ਨੂੰ ਬਣਾਉਣ ਲਈ ਪ੍ਰਕਿਰਿਆ ਆਰੰਭੀ ਜਾ ਚੁੱਕੀ ਹੈ ਤੇ ਜਲਦੀ ਹੀ ਇਨ੍ਹਾਂ ਨੂੰ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਚੁਣੀ ਪੰਚਾਇਤ ਨੂੰ ਸਨਮਾਨਿਤ ਵੀ ਕੀਤਾ। ਜਦ ਕਿ ਪਾਰਟੀ ਦੇ ਉਪ-ਪ੍ਰਧਾਨ ਸਵਰਨ ਸਲਾਰੀਆ ਨੇ ‘ਆਪ’ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਕੈਬਨਿਟ ਮੰਤਰੀ ਵੱਲੋਂ ਕੀਤੇ ਕੰਮਾਂ ਅਤੇ ਘਰੋਟਾ ਦੇ ਇਤਿਹਾਸ ’ਤੇ ਚਾਨਣਾ ਪਾਇਆ। ਇਸ ਤੋਂ ਪਹਿਲਾਂ ਸਰਪੰਚ ਸੰਜੀਵ ਕੁਮਾਰ ਰੋਡਾ ਨੇ ਮੰਗਾਂ ਪੇਸ਼ ਕਰਦਿਆਂ ਮੰਗ ਕੀਤੀ ਕਿ ਸੀਐੱਚਸੀ ਵਿੱਚ 24 ਘੰਟੇ ਡਾਕਟਰੀ ਸਹੂਲਤ ਉਪਲਬਧ ਕਰਵਾਈ ਜਾਵੇ ਤੇ ਡਾਕਟਰਾਂ ਦੀ ਕਮੀ ਪੂਰੀ ਕੀਤੀ ਜਾਵੇ। ਉਨ੍ਹਾਂ ਆਈਟੀਆਈ ਕਾਲਜ ਖੋਲ੍ਹਣ ਅਤੇ ਘਰੋਟਾ ਨੂੰ ਸਬ ਤਹਿਸੀਲ ਦਾ ਦਰਜਾ ਦੇਣ ਦੀ ਮੰਗ ਕੀਤੀ।