ਨਸ਼ਾ ਤਸਕਰੀ ਖ਼ਿਲਾਫ਼ ਲਾਮਬੰਦ ਹੋਈਆਂ ਪੰਚਾਇਤਾਂ
ਨਿੱਜੀ ਪੱਤਰ ਪ੍ਰੇਰਕ
ਮੋਗਾ, 4 ਅਗਸਤ
ਇੱਥੋਂ ਨੇੜਲੇ ਪਿੰਡ ਘੱਲਕਲਾਂ ਤੇ ਪੱਤੀ ਮਹਿਰ ਪੰਚਾਇਤਾਂ ਨੇ ਸਰਪੰਚ ਸਿਮਰਨਜੀਤ ਸਿੰਘ ਰਿੱਕੀ, ਸਰਪੰਚ ਗੁਰਪ੍ਰਤਾਪ ਸਿੰਘ ਰਾਜੂ, ਜਗਸੀਰ ਸਿੰਘ ਪ੍ਰਧਾਨ ਗੁਰਦੁਆਰਾ ਗੁਰੂਸਰ ਸਾਹਿਬ ਪਾਤਿਸ਼ਾਹੀ 6ਵੀਂ ਅਤੇ ਜਰਨੈਲ ਸਿੰਘ ਪ੍ਰਧਾਨ ਗੁਰਦੁਆਰਾ ਬਾਬਾ ਜੀਵਨ ਸਿੰਘ, ਖੇਡ ਕਮੇਟੀ, ਕਿਸਾਨ ਜਥੇਬੰਦੀਆਂ, ਯੂਥ ਕਲੱਬਾਂ, ਆਮ ਲੋਕਾਂ ਨੇ ਅੱਜ ਗੁਰਦੁਆਰਾ ਗੁਰੂਸਰ ਸਾਹਿਬ ਪਾਤਿਸ਼ਾਹੀ 6ਵੀਂ ਵਿੱਚ ਇਕੱਠ ਕੀਤਾ। ਇਸ ਮੌਕੇ ਨਸ਼ਾ ਤਸਕਰਾਂ ਖ਼ਿਲਾਫ਼ ਜੰਗ ਲਈ ਸਮਾਜਿਕ ਸੁਧਾਰ ਕਮੇਟੀ ਕਾਇਮ ਕੀਤੀ ਗਈ। ਇਹ ਕਮੇਟੀ ਹੋਰਨਾਂ ਸਮਾਜਿਕ ਬੁਰਾਈਆਂ ਖ਼ਿਲਾਫ਼ ਵੀ ਕੰਮ ਕਰੇਗੀ।
ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਾਰਨ ਨਸ਼ਾ ਤਸਕਰੀ ਵਧੀ ਹੈ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਵੱਲੋਂ ਸ਼ਰ੍ਹੇਆਮ ਨਸ਼ੇ ਵੇਚਣ ਕਾਰਨ ਅਨੇਕਾਂ ਘਰ ਤਬਾਹ ਹੋ ਚੁੱਕੇ ਹਨ। ਉਨ੍ਹਾਂ ਨੇ ਪ੍ਰਸ਼ਾਸਨ ਕੋਲੋਂ ਪਿੰਡ ’ਚ ਨਸ਼ਾ ਤਸਕਰਾਂ ਦੀਆਂ ਠਾਹਰ ਬਣੀਆਂ ਖੰਡਰ ਨੁਮਾ ਇਮਾਰਤਾਂ ਨੂੰ ਢਾਹੁਣ ਦੀ ਮੰਗ ਕੀਤੀ। ਬੁਲਾਰਿਆਂ ਨੇ ਕਿਹਾ ਕਿ ਜੇ ਪ੍ਰਸ਼ਾਸਨ ਨੇ ਇਹ ਕੰਮ ਨਾ ਕੀਤਾ ਤਾਂ ਪਿੰਡ ਵਾਸੀ ਨਸ਼ੇੜੀਆਂ ਲਈ ਠਾਹਰ ਬਣੀਆਂ ਇਨ੍ਹਾਂ ਇਮਾਰਤਾਂ ਨੂੰ ਖ਼ੁਦ ਢਾਹੁਣਗੇ। ਇਸ ਮੌਕੇ ਐਲਾਨ ਕੀਤਾ ਗਿਆ ਨਸ਼ਾ ਤਸਕਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਵਿਅਕਤੀ ਦੀ ਜੇ ਕੋਈ ਪਿੰਡ ਵਾਸੀ ਪੈਰਵੀ ਕਰੇਗਾ, ਉਸ ਦਾ ਸਮਾਜਿਕ ਬਾਈਕਾਟ ਕੀਤਾ ਜਾਵੇਗਾ। ਪਿੰਡ ਵਾਸੀਆਂ ਨੇ ਪੁਲੀਸ ਨੂੰ ਅਪੀਲ ਕੀਤੀ ਕਿ ਉਹ ਪਿੰਡ ਵਿੱਚੋਂ ਫੜੇ ਤਸਕਰ ਤੁਰੰਤ ਆਪਣੀ ਗ੍ਰਿਫ਼ਤ ਵਿੱਚ ਲਵੇ। ਉਨ੍ਹਾਂ ਜ਼ੋਰ ਦਿੱਤਾ ਕਿ ਨਸ਼ੇ ਦੇ ਆਦੀ ਵਿਅਕਤੀਆਂ ਨੂੰ ਜੇਲ੍ਹਾਂ ਵਿੱਚ ਡੱਕਣ ਦੀ ਥਾਂ ਇਲਾਜ ਕਰਵਾਇਆ ਜਾਵੇ।