ਵਿਧਾਇਕ ਬਾਜ਼ੀਗਰ ਵੱਲੋਂ ਪੰਚਾਇਤਾਂ ਦਾ ਸਨਮਾਨ
ਗੁਰਨਾਮ ਸਿੰਘ ਚੌਹਾਨ
ਪਾਤੜਾਂ, 23 ਅਕਤੂਬਰ
ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਵੱਲੋਂ ਨਵੇਂ ਚੁਣੇ ਪੰਚਾਂ-ਸਰਪੰਚਾਂ ਦਾ ਸਨਮਾਨ ਕਰਨ ਦਾ ਸਿਲਸਿਲਾ ਜਾਰੀ ਹੈ। ਅੱਜ ਅੱਧੀ ਦਰਜਨ ਦੇ ਕਰੀਬ ਪਿੰਡ ਸ਼ੇਰਗੜ੍ਹ, ਸੰਤਨਗਰ ਮੌਲਵੀਵਾਲਾ, ਦੁਆਰਕਾਪੁਰ, ਬਰਾਸ, ਧਨੇਠਾ ਦੇ ਚੁਣੇ ਗਏ ਪੰਚਾਂ ਸਰਪੰਚਾਂ ਦਾ ਸਨਮਾਨ ਕੀਤਾ ਗਿਆ। ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰ ਅੰਦੇਸ਼ੀ ਸੋਚ ਦੇ ਚਲਦਿਆਂ ਇਸ ਵਾਰ ਪੰਚਾਇਤੀ ਚੋਣਾਂ ਪਾਰਟੀ ਚੋਣ ਨਿਸ਼ਾਨ ਤੋਂ ਬਿਨਾਂ ਕਰਵਾਏ ਜਾਣ ਨਾਲ ਪਿੰਡਾਂ ਵਿੱਚ ਧੜੇਬੰਦੀ ਕਾਫੀ ਹੱਦ ਤੱਕ ਘਟੀ ਹੈ। ਵੱਡੀ ਪੱਧਰ ਤੇ ਪਿੰਡਾਂ ਦੇ ਪੰਚ ਸਰਪੰਚ ਬਿਨਾਂ ਮੁਕਾਬਲੇ ਚੁਣੇ ਗਏ ਹਨ। ਉਨ੍ਹਾਂ ਦੱਸਿਆ ਕਿ ਬਲਾਕ ਪਾਤੜਾਂ ਦੀਆਂ 105 ਪੰਚਾਇਤਾਂ ਵਿੱਚੋਂ 23 ਪੰਚਾਇਤਾਂ ਸਰਬਸੰਮਤੀ ਨਾਲ ਚੁਣੀਆਂ ਗਈਆਂ ਹਨ, ਜਦੋਂ ਕਿ ਸੈਂਕੜੇ ਮੈਂਬਰ ਬਿਨਾਂ ਮੁਕਾਬਲਾ ਬਣੇ ਹਨ। ਉਨ੍ਹਾਂ ਪੰਚਾਇਤੀ ਨੁਮਾਇੰਦਿਆਂ ਨੂੰ ਭਰੋਸਾ ਦਿੱਤਾ ਕਿ ਆਮ ਆਦਮੀ ਪਾਰਟੀ ਵਿਕਾਸ ਦੇ ਏਜੰਡੇ ’ਤੇ ਪੂਰੀ ਤਰ੍ਹਾਂ ਕੰਮ ਕਰ ਰਹੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ‘ਆਪ’ ਆਗੂ ਸੁੱਚਾ ਸਿੰਘ ਸੰਧੂ ਤੇ ਬਲਜੀਤ ਸਿੰਘ ਸਹੋਤਾ ਆਦਿ ਹਾਜ਼ਰ ਸਨ।