ਖੰਡ ਮਿੱਲ ਦੇ ਪ੍ਰਦੂਸ਼ਣ ਤੋਂ ਦੁਖੀ ਪੰਚਾਇਤਾਂ ਐੱਸਡੀਐੱਮ ਨੂੰ ਮਿਲੀਆਂ
ਜਗਜੀਤ ਸਿੰਘ
ਮੁਕੇਰੀਆਂ, 4 ਫਰਵਰੀ
ਇੱਥੋਂ ਦੀ ਸ਼ੂਗਰ ਮਿੱਲ ਵੱਲੋਂ ਕਥਿਤ ਗੰਦੇ ਪਾਣੀ ਨੂੰ ਸਾਫ਼ ਕੀਤੇ ਬਿਨਾਂ ਧਰਤੀ ਵਿੱਚ ਸੁੱਟਣ ਅਤੇ ਮਿੱਲ ਦੇ ਬੁਆਇਲਰ ਤੋਂ ਉੱਡਦੀ ਸੁਆਹ ਤੋਂ ਦੁਖੀ ਮਿੱਲ ਨੇੜਲੇ ਕਰੀਬ 15 ਪਿੰਡਾਂ ਦੀਆਂ ਪੰਚਾਇਤਾਂ ਦੇ ਨੁਮਾਇੰਦਿਆਂ ਵੱਲੋਂ ਰੋਸ ਪ੍ਰਦਰਸ਼ਨ ਕਰਕੇ ਐੱਸਡੀਐੱਮ (ਮੁਕੇਰੀਆਂ) ਕੰਵਲਜੀਤ ਸਿੰਘ ਨੂੰ ਮੰਗ ਪੱਤਰ ਸੌਂਪ ਕੇ ਮਿੱਲ ਖ਼ਿਲਾਫ਼ ਕਾਰਵਾਈ ਮੰਗੀ ਹੈ। ਵਫ਼ਦ ਦੀ ਅਗਵਾਈ ਪਿੰਡ ਬਿਸ਼ਨਪੁਰ ਦੇ ਸਰਪੰਚ ਬਲਵੀਰ ਸਿੰਘ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜਨਰਲ ਸਕੱਤਰ ਧਰਮਿੰਦਰ ਸਿੰਘ ਮੁਕੇਰੀਆਂ ਅਤੇ ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਸਵਰਨ ਸਿੰਘ ਨੇ ਸਾਂਝੇ ਤੌਰ ’ਤੇ ਕੀਤੀ।
ਆਗੂਆਂ ਨੇ ਐੱਸਡੀਐੱਮ ਦੇ ਧਿਆਨ ਵਿੱਚ ਲਿਆਂਦਾ ਕਿ ਮੁਕੇਰੀਆਂ ਸ਼ੂਗਰ ਮਿੱਲ ਵੱਲੋਂ ਆਪਣਾ ਗੰਦਾ ਪਾਣੀ ਕਥਿਤ ਸਾਫ ਕੀਤੇ ਬਿਨਾਂ ਜ਼ਮੀਨ ਵਿੱਚ ਸੁੱਟਣ ਕਾਰਨ ਮਿੱਲ ਨੇੜਲੇ ਕਰੀਬ 15 ਪਿੰਡਾਂ ਦਾ ਧਰਤੀ ਹੇਠਲਾ ਪਾਣੀ ਪ੍ਰਦੂਸ਼ਿਤ ਹੋ ਚੁੱਕਾ ਹੈ ਅਤੇ ਪੀਣਯੋਗ ਨਹੀਂ ਰਿਹਾ। ਮਿੱਲ ਵਿੱਚ ਲੱਗੇ ਨਵੇਂ ਬੁਆਇਲਰ ਤੋਂ ਉੱਡਦੀ ਸੁਆਹ ਨੇ ਲੋਕਾਂ ਦਾ ਜਿਉਣਾ ਦੁੱਭਰ ਕੀਤਾ ਹੋਇਆ ਹੈ। ਪ੍ਰਦੂਸ਼ਣ ਕਾਰਨ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇਸ ਮੌਕੇ ਮਿੱਲ ਨੇੜਲੇ 10 ਪਿੰਡਾਂ ਦੀਆਂ ਪੰਚਾਇਤਾਂ ਨੇ ਮਿੱਲ ਦੇ ਪ੍ਰਦੂਸ਼ਣ ਖਿਲਾਫ਼ ਬਕਾਇਦਾ ਮਤੇ ਪਾਸ ਕਰ ਕੇ ਐੱਸਡੀਐੱਮ ਕੰਵਲਜੀਤ ਸਿੰਘ ਨੂੰ ਮੰਗ ਪੱਤਰ ਨਾਲ ਸੌਂਪੇ। ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜਨਰਲ ਸਕੱਤਰ ਧਰਮਿੰਦਰ ਸਿੰਘ ਮੁਕੇਰੀਆਂ ਨੇ ਕਿਹਾ ਮਿੱਲ ਪ੍ਰਬੰਧਕਾਂ ਕੋਲ ਕੋਈ ਅਧਿਕਾਰ ਨਹੀਂ ਹੈ ਕਿ ਉਹ ਇਲਾਕੇ ਦੇ ਪਿੰਡਾਂ ਦੇ ਸਾਫ ਪਾਣੀ ਤੇ ਹਵਾ ਦੇ ਬੁਨਿਆਦੀ ਹੱਕ ਨੂੰ ਖੋਹਵੇ। ਮਿੱਲ ਪ੍ਰਬੰਧਕ ਆਪਣੇ ਮੁਨਾਫਿਆਂ ਲਈ ਇਲਾਕੇ ਦੇ ਪਿੰਡਾਂ ਦੇ ਪਾਣੀ ਅਤੇ ਹਵਾ ਵਿੱਚ ਜ਼ਹਿਰ ਨਹੀਂ ਘੋਲ ਸਕਦੀ। ਇਸ ਕਰਕੇ ਪ੍ਰਸ਼ਾਸਨ ਤੁਰੰਤ ਮਿੱਲ ਪ੍ਰਬੰਧਕ ਨਾਲ ਇਲਾਕੇ ਦੀ ਲੋਕਾਂ ਦੀ ਸਾਂਝੀ ਮੀਟਿੰਗ ਕਰਵਾ ਕੇ ਲੋਕਾਂ ਦੀ ਸਮੱਸਿਆ ਦਾ ਹੱਲ ਕਰੇ। ਪ੍ਰਸ਼ਾਸਨਿਕ ਅਧਿਕਾਰੀ ਨੇ ਪਿੰਡ ਵਾਸੀਆਂ ਨੂੰ ਭਰੋਸਾ ਦੁਆਇਆ ਕਿ ਉਹ ਖੁਦ ਸ਼ੂਗਰ ਮਿੱਲ ਦਾ ਦੌਰਾ ਕਰਕੇ ਹਾਲਾਤ ਦਾ ਜਾਇਜ਼ਾ ਲੈਣਗੇ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਵਫਦ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਇੱਕ ਹਫਤੇ ਦੇ ਅੰਦਰ ਅੰਦਰ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਰ ਕੇ ਮਿੱਲ ਖਿਲਾਫ਼ ਬਣਦੀ ਕਾਰਵਾਈ ਨਾ ਕੀਤੀ ਤਾਂ ਉਹ ਤਿੱਖਾ ਸੰਘਰਸ਼ ਵਿੱਢ ਦੇਣਗੇ।