ਗਰਾਂਟਾਂ ਤੋਂ ਸੱਖਣੀਆਂ ਨੇ ਪੰਚਾਇਤਾਂ: ਮਜੀਠੀਆ
ਲਖਨਪਾਲ ਸਿੰਘ
ਮਜੀਠਾ, 5 ਨਵੰਬਰ
ਗੁਰਦੁਆਰਾ ਸੰਤ ਬਾਬਾ ਸੋਹਣ ਸਿੰਘ ਵਿਖੇ ਪਿੰਡ ਕਲੇਰ ਮਾਂਗਟ ਦੀ ਨਵ ਨਿਯੁਕਤ ਪੰਚਾਇਤ ਵੱਲੋਂ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਸਰਪੰਚ ਬੀਬੀ ਸੁਖਵਿੰਦਰ ਕੌਰ ਤੇ ਰਣਜੀਤ ਕੌਰ, ਮੰਗਤ ਸਿੰਘ, ਹਰੀ ਸਿੰਘ, ਸੋਨੀਆਂ, ਪ੍ਰੇਮ ਸਿੰਘ ਸਾਰੇ ਮੌਜੂਦਾ ਪੰਚਾਂ ਨੂੰ ਸਨਮਾਨਿਤ ਕੀਤਾ। ਇਕੱਠ ਨੂੰ ਸੰਬੋਧਨ ਕਰਦਿਆਂ ਮਜੀਠੀਆ ਨੇ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਪਿੰਡਾਂ ਨੂੰ ਗਰਾਂਟਾਂ ਜਾਰੀ ਨਾ ਕਰਨ ਕਰਕੇ ਪੰਚਾਇਤਾਂ ਪਿੰਡ ਦੇ ਵਿਕਾਸ ਲਈ ਪੰਚਾਇਤੀ ਜ਼ਮੀਨ ਦੀ ਆਮਦਨ ਜਾਂ ਨਰੇਗਾ ’ਤੇ ਹੀ ਨਿਰਭਰ ਹਨ। ਉਨ੍ਹਾਂ ਕਿਹਾ ਭਗਵੰਤ ਮਾਨ ਦੀ ਸਰਕਾਰ ਨੇ ਬਦਲਾਅ ਦੇ ਨਾਂ ’ਤੇ ਪੰਜਾਬ ਨੂੰ ਪੌਣੇ ਚਾਰ ਲੱਖ ਕਰੋੜ ਰੁਪਏ ਦਾ ਕਰਜ਼ਈ ਬਣਾ ਕੇ ਰੱਖ ਦਿੱਤਾ ਹੈ। ਪੰਜਾਬ ਦੀਆਂ ਸਾਰੀਆਂ ਲਿੰਕ ਸੜਕਾਂ ਟੁੱਟੀਆਂ ਹਨ, ਕਿਸਾਨਾਂ ਨੂੰ ਫਸਲਾਂ ਦਾ ਪੂਰਾ ਭਾਅ ਨਹੀਂ ਮਿਲ ਰਿਹਾ ਹੈ ਜਦੋਂ ਕਿ ਪੰਜਾਬ ਕਿਸਾਨੀ ਪ੍ਰਧਾਨ ਸੂਬਾ ਹੋਣ ਕਰਕੇ ਸੂਬਾ ਵਾਸੀਆਂ ਦੀ ਖੁਸ਼ਹਾਲੀ ਕਿਸਾਨਾਂ ਦੀ ਖੁਸ਼ਹਾਲੀ ’ਤੇ ਨਿਰਭਰ ਹੈ।
ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਵੇਲੇ ਲੋਕਾਂ ਨੂੰ ਪੈਨਸ਼ਨਾਂ, ਆਟਾ ਦਾਲ ਸਕੀਮ ਤੇ ਹੋਰ ਲੋਕ ਭਲਾਈ ਸਕੀਮਾਂ ਦਾ ਲਾਭ ਬਿਨਾਂ ਪੱਖਪਾਤ ਦੇ ਮਿਲਦਾ ਸੀ ਉਸ ਵਿੱਚ ਵੀ ਆਪ ਸਰਕਾਰ ਵਲੋ ਕਟੌਤੀ ਕਰ ਦਿੱਤੀ ਗਈ ਹੈ।
ਇਸ ਮੌਕੇ ਡਾਕਟਰ ਅਮਰਜੀਤ ਸਿੰਘ ਕਲੇਰ, ਰਵਿੰਦਰ ਸਿੰਘ ਗੋਲਾ ਨਿਹੰਗ ਸਿੰਘ, ਬਲਦੇਵ ਸਿੰਘ, ਰਣਜੀਤ ਸਿੰਘ ਰਾਣਾ, ਬਾਬਾ ਸੁੱਚਾ ਸਿੰਘ, ਜੁਗਿੰਦਰ ਸਿੰਘ, ਮਨਦੀਪ ਸਿੰਘ ਦਮਦਮੀ ਟਕਸਾਲ, ਪਲਵਿੰਦਰ ਸਿੰਘ, ਧੀਰ ਸਿੰਘ ਤੇ ਤਰਸੇਮ ਸਿੰਘ ਆਦਿ ਮੋਹਤਬਰ ਹਾਜ਼ਰ ਸਨ।