ਤਿੰਨ ਦਹਾਕੇ ਮਗਰੋਂ ਪਿੰਡ ਮਲਕ ’ਚ ਸਰਬਸੰਮਤੀ ਨਾਲ ਚੁਣੀ ਪੰਚਾਇਤ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 1 ਅਕਤੂਬਰ
ਜਗਰਾਉਂ ਸ਼ਹਿਰ ਦੇ ਨਾਲ ਲੱਗਦੇ ਪਿੰਡ ਮਲਕ ਦੀ ਪੰਚਾਇਤ ਤਿੰਨ ਦਹਾਕੇ ਬਾਅਦ ਸਰਬਸੰਮਤੀ ਨਾਲ ਚੁਣੀ ਗਈ ਹੈ। ਇਹ ਪਿੰਡ ਕਰੀਬ ਤੀਹ ਸਾਲ ਤੋਂ ਅਕਾਲੀ ਤੇ ਕਾਂਗਰਸੀਆਂ ਵਿਚਾਲੇ ਵੰਡਿਆ ਹੋਣ ਕਰਕੇ ਇਥੇ ਸਰਪੰਚ ਤੇ ਪੰਚ ਸਿਆਸੀ ਲੜਾਈ ਮਗਰੋਂ ਵੋਟਾਂ ਨਾਲ ਹੀ ਚੁਣਦੇ ਆਏ ਹਨ। ਪਿੰਡ ’ਚ ਅਕਾਲੀ ਦਲ (ਅੰਮ੍ਰਿਤਸਰ) ਦਾ ਵੀ ਆਧਾਰ ਹੈ ਅਤੇ ਹੁਣ ਆਮ ਆਦਮੀ ਪਾਰਟੀ ਦੇ ਵੀ ਕੁਝ ਆਗੂ ਸਰਗਰਮ ਹਨ। ਇਸ ਸਭ ਦੇ ਬਾਵਜੂਦ ਪਿੰਡ ’ਚ ਸਰਬਸੰਮਤੀ ਹੋਣ ਨੇ ਲੋਕਾਂ ਨੂੰ ਵੱਡੇ ਪੱਧਰ ’ਤੇ ਹੈਰਾਨ ਕੀਤਾ ਹੈ। ਹਰ ਵਾਰ ਚੋਣਾਂ ’ਚ ਲੱਖਾਂ ਰੁਪਏ ਖਰਚਣ ਦੇ ਉਲਟ ਐਤਕੀਂ ਪਿੰਡ ਦੇ ਸੁਝਵਾਨ ਆਗੂਆਂ ਨੇ ਬੜੀ ਸਮਝਦਾਰੀ ਨਾਲ ਸਾਰੇ ਧੜਿਆਂ ਨੂੰ ਇਕੱਠੇ ਕਰਕੇ ਸਰਪੰਚ ਅਤੇ ਸੱਤ ਪੰਚਾਂ ਦੀ ਚੋਣ ਸਰਬਸੰਮਤੀ ਨਾਲ ਕਰਨ ਦਾ ਕਾਰਜ ਸਫ਼ਲਤਾਪੂਰਵਕ ਨੇਪਰੇ ਚਾੜ੍ਹਿਆ। ਇਸ ਦੌਰਾਨ ਸਰਪੰਚ ਸਰਬਜੀਤ ਕੌਰ ਛੋਕਰ ਤੋਂ ਇਲਾਵਾ ਪੰਚ ਕੁਲਵੰਤ ਸਿੰਘ ਛੋਕਰ, ਜਸਵੀਰ ਸਿੰਘ ਢਿੱਲੋਂ, ਸੁਖਮਿੰਦਰ ਕੌਰ ਛੋਕਰ, ਸੁਖਦੀਪ ਕੌਰ, ਕਮਲਪ੍ਰੀਤ ਸਿੰਘ, ਸੁਖਦੇਵ ਸਿੰਘ, ਕਰਮਜੀਤ ਕੌਰ ਢਿੱਲੋਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਪੰਦਰਾਂ ਅਕਤੂਬਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਦੌਰਾਨ ਲੋਕਾਂ ਨੂੰ ਸਮਾਜਿਕ ਤੇ ਭਾਈਚਾਰਕ ਸਾਂਝ ਕਾਇਮ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ’ਚ ਲੋਕ ਚੋਣਾਂ ਕਰਕੇ ਕੁੜੱਪਣ ਪੈਦਾ ਕਰਨ ਤੋਂ ਗੁਰੇਜ਼ ਕਰਨ। ਵੱਧ ਤੋਂ ਵੱਧ ਸਰਬਸੰਮਤੀ ਨਾਲ ਪੰਚਾਇਤਾਂ ਚੁਣੀਆਂ ਜਾਣ ਅਤੇ ਸਰਕਾਰ ਵੱਲੋਂ ਐਲਾਨੀ ਪੰਜ ਲੱਖ ਰੁਪਏ ਦੀ ਰਾਸ਼ੀ ਹਾਸਲ ਕਰਕੇ ਪਿੰਡ ਦੇ ਵਿਕਾਸ ’ਤੇ ਲਾਏ ਜਾਣ।