Panchayat samiti ਗੂਹਲਾ ਪੰਚਾਇਤ ਸਮਿਤੀ ਦੀ ਚੋਣ: ਭਾਜਪਾ ਦੀ ਸੁਖਵਿੰਦਰ ਕੌਰ ਦੇ ਸਿਰ ’ਤੇ ਸਜਿਆ ਪ੍ਰਧਾਨਗੀ ਦਾ ਤਾਜ
ਰਾਮ ਕੁਮਾਰ ਮਿੱਤਲ
ਗੂਹਲਾ ਚੀਕਾ, 26 ਦਸੰਬਰ
ਇੱਥੇ ਅੱਜ ਹੋਈਆਂ ਗੂਹਲਾ ਪੰਚਾਇਤ ਸਮਿਤੀ ਚੋਣਾਂ ਵਿੱਚ ਸੁਖਵਿੰਦਰ ਕੌਰ ਦੇ ਸਿਰ ਪ੍ਰਧਾਨਗੀ ਦਾ ਤਾਜ ਸਜਾਇਆ ਗਿਆ। ਸੁਖਵਿੰਦਰ ਕੌਰ ਨੂੰ ਗੂਹਲਾ ਪੰਚਾਇਤ ਸਮਿਤੀ ਵਿੱਚ 20 ਮੈਂਬਰਾਂ ਦਾ ਸਮਰਥਨ ਮਿਲਿਆ, ਜਿਸ ਵਿੱਚ ਕੁੱਲ 22 ਮੈਂਬਰ ਸਨ। ਸੁਖਵਿੰਦਰ ਕੌਰ ਦੇ ਮੁਕਾਬਲੇ ਚੇਅਰਪਰਸਨ ਲਈ ਕਿਸੇ ਵੀ ਮੈਂਬਰ ਨੇ ਨਾਮਜ਼ਦਗੀ ਦਾਖ਼ਲ ਨਹੀਂ ਕੀਤੀ। ਅਹੁਦਾ ਛੱਡਣ ਵਾਲੀ ਚੇਅਰਪਰਸਨ ਡਿੰਪਲ ਅਤੇ ਇੱਕ ਹੋਰ ਮੈਂਬਰ ਨੇ ਚੋਣਾਂ ਵਿੱਚ ਹਿੱਸਾ ਨਹੀਂ ਲਿਆ।
ਅੱਜ ਦੁਪਹਿਰੇ ਕਰੀਬ 12.15 ਵਜੇ ਸਾਬਕਾ ਵਿਧਾਇਕ ਕੁਲਵੰਤ ਬਾਜ਼ੀਗਰ ਗੂਹਲਾ ਪੰਚਾਇਤ ਸਮਿਤੀ ਦੇ 19 ਮੈਂਬਰਾਂ ਸਣੇ ਪੰਚਾਇਤ ਵਿਭਾਗ ਦੇ ਦਫ਼ਤਰ ਪੁੱਜੇ ਅਤੇ ਬੀਡੀਪੀਓ ਨੇਹਾ ਸ਼ਰਮਾ ਦੀ ਅਗਵਾਈ ਹੇਠ ਚੋਣ ਪ੍ਰਕਿਰਿਆ ਸ਼ੁਰੂ ਕਰਵਾਈ। ਸਾਰੇ 19 ਮੈਂਬਰਾਂ ਨੇ ਸਰਬਸੰਮਤੀ ਨਾਲ ਸੁਖਵਿੰਦਰ ਕੌਰ ਨੂੰ ਚੇਅਰਪਰਸਨ ਚੁਣਨ ਦਾ ਐਲਾਨ ਕੀਤਾ, ਜਦਕਿ ਉੱਥੇ ਪੁੱਜੇ ਪੰਚਾਇਤ ਸਮਿਤੀ ਦੇ ਉਪ ਚੇਅਰਮੈਨ ਗਿਆਨਚੰਦ ਸ਼ਰਮਾ ਨੇ ਵੀ ਸੁਖਵਿੰਦਰ ਕੌਰ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ। ਇਸ ਤਰ੍ਹਾਂ ਸੁਖਵਿੰਦਰ ਕੌਰ 20 ਮੈਂਬਰਾਂ ਦੇ ਸਹਿਯੋਗ ਨਾਲ ਗੂਹਲਾ ਪੰਚਾਇਤ ਸਮਿਤੀ ਦੀ ਚੇਅਰਪਰਸਨ ਚੁਣੀ ਗਈ।
ਕੁਲਵੰਤ ਬਾਜ਼ੀਗਰ ਦਾ ਵਿਰੋਧ ਡਿੰਪਲ ਨੂੰ ਮਹਿੰਗਾ ਪਿਆ
ਸਾਲ 2022 ਵਿੱਚ ਹੋਈਆਂ ਗ੍ਰਾਮ ਪੰਚਾਇਤ ਅਤੇ ਪੰਚਾਇਤ ਸਮਿਤੀ ਚੋਣਾਂ ਤੋਂ ਬਾਅਦ ਗੂਹਲਾ ਪੰਚਾਇਤ ਸਮਿਤੀ ਦੀ ਪ੍ਰਧਾਨਗੀ ’ਤੇ ਕਬਜ਼ਾ ਕਰਨ ਨੂੰ ਲੈ ਕੇ ਤਤਕਾਲੀ ਜੇਜੇਪੀ ਵਿਧਾਇਕ ਈਸ਼ਵਰ ਸਿੰਘ ਅਤੇ ਭਾਜਪਾ ਦੇ ਸਾਬਕਾ ਵਿਧਾਇਕ ਕੁਲਵੰਤ ਬਾਜ਼ੀਗਰ ਵਿਚਾਲੇ ਕਾਫੀ ਤਕਰਾਰ ਹੋਈ ਸੀ। ਚੇਅਰਪਰਸਨ ਦੀ ਨਿਯੁਕਤੀ ਲਈ 24 ਦਸੰਬਰ 2022 ਨੂੰ ਸੱਦੀ ਗਈ ਮੀਟਿੰਗ ਵਿੱਚ ਕੋਰਮ ਪੂਰਾ ਨਹੀਂ ਹੋ ਸਕਿਆ, ਜਿਸ ਕਾਰਨ ਚੋਣ ਰੱਦ ਕਰਨੀ ਪਈ। ਇਸ ਲੜਾਈ ਵਿੱਚ ਸਾਬਕਾ ਵਿਧਾਇਕ ਕੁਲਾਮਵਤ ਬਾਜ਼ੀਗਰ ਨੇ ਤਤਕਾਲੀ ਵਿਧਾਇਕ ਈਸ਼ਵਰ ਸਿੰਘ ਨੂੰ ਪਛਾੜ ਦਿੱਤਾ ਸੀ। 30 ਦਸੰਬਰ 2022 ਨੂੰ ਹਲਕੇ ਦੇ ਸਭ ਤੋਂ ਵੱਡੇ ਪਿੰਡ ਭਾਗਲ ਦੇ ਵਸਨੀਕ ਭਗਤ ਸਿੰਘ ਪੂਨੀਆ ਦੀ ਪਤਨੀ ਡਿੰਪਲ ਨੂੰ ਚੇਅਰਪਰਸਨ ਬਣਾਉਣ ਵਿੱਚ ਸਫਲ ਰਹੇ ਪਰ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਗਤ ਸਿੰਘ ਪੱਖ ਬਦਲ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ। ਜਦੋਂ ਤੋਂ ਸੂਬੇ ਵਿੱਚ ਤੀਜੀ ਵਾਰ ਭਾਜਪਾ ਦੀ ਸਰਕਾਰ ਬਣੀ ਹੈ, ਉਦੋਂ ਤੋਂ ਹੀ ਕਿਆਸ ਅਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਚੋਣਾਂ ਵਿੱਚ ਸਾਬਕਾ ਵਿਧਾਇਕ ਕੁਲਵੰਤ ਬਾਜ਼ੀਗਰ ਦਾ ਵਿਰੋਧ ਕਰਨ ਵਾਲੀ ਭਗਤ ਸਿੰਘ ਦੀ ਪਤਨੀ ਡਿੰਪਲ ਵੀ ਜ਼ਿਆਦਾ ਦੇਰ ਪ੍ਰਧਾਨਗੀ ਦੀ ਕੁਰਸੀ ’ਤੇ ਨਹੀਂ ਰਹਿ ਸਕੇਗੀ। ਇਹ ਕਿਆਸਅਰਾਈਆਂ ਉਦੋਂ ਸੱਚ ਸਾਬਿਤ ਹੋਈਆਂ ਜਦੋਂ 18 ਨਵੰਬਰ 2024 ਨੂੰ ਚੇਅਰਪਰਸਨ ਡਿੰਪਲ ਵਿਰੁੱਧ 18 ਮੈਂਬਰਾਂ ਨੇ ਬੇਭਰੋਸਗੀ ਮਤਾ ਲਿਆਂਦਾ ਅਤੇ 28 ਨਵੰਬਰ ਨੂੰ ਹੋਈਆਂ ਚੋਣਾਂ ਵਿੱਚ ਡਿੰਪਲ ਨੂੰ ਚੇਅਰਪਰਸਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ।
ਸਾਬਕਾ ਵਿਧਾਇਕ ਕੁਲਵੰਤ ਬਾਜ਼ੀਗਰ ਨੇ ਅਹਿਮ ਭੂਮਿਕਾ ਨਿਭਾਈ
ਡਿੰਪਲ ਨੂੰ ਚੇਅਰਪਰਸਨ ਬਣਾਉਣ ਤੋਂ ਲੈ ਕੇ ਉਸ ਨੂੰ ਅਹੁਦੇ ਤੋਂ ਹਟਾਉਣ ਅਤੇ ਫਿਰ ਸੁਖਵਿੰਦਰ ਕੌਰ ਪਤਨੀ ਜਗਤਾਰ ਸਿੰਘ ਨੂੰ ਚੇਅਰਪਰਸਨ ਬਣਾਉਣ ਤੱਕ ਸਾਬਕਾ ਵਿਧਾਇਕ ਕੁਲਵੰਤ ਬਾਜ਼ੀਗਰ ਨੇ ਸਭ ਤੋਂ ਅਹਿਮ ਭੂਮਿਕਾ ਨਿਭਾਈ ਹੈ। ਸੁਖਵਿੰਦਰ ਕੌਰ ਦੇ ਚੇਅਰਪਰਸਨ ਬਣਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਾਜ਼ੀਗਰ ਨੇ ਕਿਹਾ ਕਿ ਜੋ ਲੋਕ ਸਰਕਾਰ ਖ਼ਿਲਾਫ਼ ਹਨ ਉਨ੍ਹਾਂ ਨੂੰ ਚੇਅਰਪਰਸਨ ਵਰਗੇ ਅਹੁਦੇ ’ਤੇ ਰੱਖਣਾ ਠੀਕ ਨਹੀਂ ਹੈ। ਅਜਿਹੇ ਲੋਕ ਵਿਕਾਸ ਵਿੱਚ ਅੜਿੱਕਾ ਬਣਦੇ ਹਨ, ਜਿਸ ਕਾਰਨ ਗੂਹਲਾ ਅਤੇ ਸੀਵਨ ਪੰਚਾਇਤ ਸਮਿਤੀ ਦੇ ਚੇਅਰਮੈਨਾਂ ਤੋਂ ਮੈਂਬਰ ਖੁਸ਼ ਨਹੀਂ ਸਨ। ਬਾਜ਼ੀਗਰ ਨੇ ਕਿਹਾ ਕਿ ਮੈਂਬਰਾਂ ਨੇ ਇਨ੍ਹਾਂ ਦੋਹਾਂ ਚੇਅਰਪਰਸਨਾਂ ਨੂੰ ਹਟਾ ਕੇ ਆਪਣੀ ਪਸੰਦ ਦੀ ਚੇਅਰਪਰਸਨ ਚੁਣ ਲਈ ਹੈ ਅਤੇ ਹੁਣ ਪੇਂਡੂ ਖੇਤਰ ਵਿੱਚ ਤੇਜ਼ੀ ਨਾਲ ਵਿਕਾਸ ਕਾਰਜ ਕਰਵਾਏ ਜਾਣਗੇ।