ਪਿੰਡ ਟੱਪਰੀਆਂ ਦੀ ਪੰਚਾਇਤ ਸਰਬਸੰਮਤੀ ਨਾਲ ਚੁਣੀ
ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 26 ਸਤੰਬਰ
ਬਲਾਕ ਮਾਛੀਵਾੜਾ ਸਾਹਿਬ ਦੇ ਪਿੰਡ ਟੱਪਰੀਆਂ ਨੇ ਸਰਬਸੰਮਤੀ ਨਾਲ ਆਪਣੀ ਪੰਚਾਇਤ ਚੁਣ ਲਈ ਹੈ। ਅੱਜ ਪਿੰਡ ਵਿੱਚ ਇਕੱਠ ਰੱਖਿਆ ਗਿਆ ਜਿਸ ਵਿੱਚ ਸਮੂਹ ਵਾਸੀਆਂ ਨੇ ਇਕਜੁਟਤਾ ਦਾ ਪ੍ਰਗਟਾਵਾ ਕਰਦਿਆਂ ਗੁਰਬਚਨ ਸਿੰਘ ਨੂੰ ਸਰਪੰਚ ਚੁਣ ਲਿਆ।
ਇਸ ਮੌਕੇ ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਵੀਂ ਚੁਣੀ ਗਈ ਪੰਚਾਇਤ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਚੁਣੀ ਗਈ ਹੈ ਜਿਸ ਦਾ ਕਿਸੇ ਵੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਨੇ ਸਰਬ ਸੰਮਤੀ ਨਾਲ ਗੁਰਬਚਨ ਸਿੰਘ ਨੂੰ ਸਰਪੰਚ ਚੁਣਿਆ ਗਿਆ ਹੈ ਜਦਕਿ ਪੰਜ ਪੰਚ ਵੀ ਸਰਬਸੰਮਤੀ ਨਾਲ ਵਾਰਡਬੰਦੀ ਦੀ ਸੂਚੀ ਸਪੱਸ਼ਟ ਹੋਣ ਤੋਂ ਬਾਅਦ ਚੁਣ ਲਏ ਜਾਣਗੇ। ਇਸ ਦੌਰਾਨ ਨਵੇਂ ਚੁਣੇ ਗਏ ਸਰਪੰਚ ਗੁਰਬਚਨ ਸਿੰਘ ਨੇ ਕਿਹਾ ਕਿ ਉਹ ਸਮੂਹ ਪਿੰਡ ਵਾਸੀਆਂ ਦੇ ਧੰਨਵਾਦੀ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ। ਉਨ੍ਹਾਂ ਕਿਹਾ ਕਿ ਉਹ ਪਿੰਡ ਦੇ ਵਿਕਾਸ ਲਈ ਹਰ ਸੰਭਵ ਯਤਨ ਕਰਨਗੇ ਅਤੇ ਪਹਿਲ ਦੇ ਆਧਾਰ ’ਤੇ ਹੋਣ ਵਾਲੇ ਕੰਮਾਂ ਨੂੰ ਕਰਵਾਇਆ ਜਾਵੇਗਾ। ਇਸ ਮੌਕੇ ਪਿੰਡ ਵਾਸੀ ਕੈਪਟਨ ਹਰਜਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਸਰਬਸੰਮਤੀ ਨਾਲ ਪੰਚਾਇਤ ਦੀ ਚੋਣ ਤੋਂ ਬਾਅਦ ਪਿੰਡ ’ਚ ਧੜੇਬੰਦੀ ਨਹੀਂ ਹੋਵੇਗੀ ਅਤੇ ਵਿਕਾਸ ਕਾਰਜ ਸੁਚੱਜੇ ਢੰਗ ਨਾਲ ਚੱਲਣਗੇ। ਉਨ੍ਹਾਂ ਕਿਹਾ ਕਿ 4 ਅਕਤੂਬਰ ਨੂੰ ਪਿੰਡ ਵਾਸੀ ਇਕੱਠੇ ਹੋ ਕੇ ਗੁਰਦੁਆਰਾ ਸਾਹਿਬ ਤੋਂ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ ਰਵਾਨਾ ਹੋਣਗੇ।