ਸੀਚੇਵਾਲ ਦੀ ਪੰਚਾਇਤ ਪੰਜਵੀਂ ਵਾਰ ਸਰਬਸਮੰਤੀ ਨਾਲ ਬਣੀ
ਪਾਲ ਸਿੰਘ ਨੌਲੀ
ਜਲੰਧਰ, 3 ਅਕਤੂਬਰ
ਪਿੰਡ ਸੀਚੇਵਾਲ ਦੀ ਗ੍ਰਾਮ ਪੰਚਾਇਤ ਪੰਜਵੀਂ ਵਾਰ ਸਰਬਸਮੰਤੀ ਨਾਲ ਚੁਣ ਲਈ ਗਈ। ਇਸ ਚੋਣ ਵਿੱਚ ਬੂਟਾ ਸਿੰਘ ਨੂੰ ਸਰਪੰਚ ਚੁਣਿਆ ਗਿਆ ਹੈ। ਬੂਟਾ ਸਿੰਘ ਇੱਕ ਵਾਰ ਪਿੰਡ ਦੇ ਪੰਚ ਵੀ ਰਹਿ ਚੁੱਕੇ ਹਨ। ਪੰਚਾਇਤ ਘਰ ਵਿੱਚ ਸਰਬਸਮੰਤੀ ਨਾਲ 7 ਪੰਚਾਇਤ ਮੈਂਬਰਾਂ ਦੀ ਚੋਣ ਕੀਤੀ ਗਈ। ਜਦੋਂਕਿ ਬੂਟਾ ਸਿੰਘ ਨੂੰ ਸਰਪੰਚ ਬਣਾਉਣ ਦੀ ਗੱਲ ਪਿੰਡ ਦੇ ਲੋਕਾਂ ਵਿੱਚ ਰੱਖੀ ਗਈ ਤਾਂ ਸਾਰੇ ਲੋਕਾਂ ਨੇ ਇੱਕਸੁਰ ਹੁੰਦਿਆਂ ਸਹਿਮਤੀ ਪ੍ਰਗਟਾਈ। ਇਸ ਮੌਕੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਚਾਇਤ ਦੇ ਮੈਂਬਰਾਂ ਦਾ ਸਨਮਾਨ ਕੀਤਾ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਤੇਜਿੰਦਰ ਸਿੰਘ ਰਾਗੀ ਸਰਪੰਚ ਰਹੇ ਸਨ। ਉਨ੍ਹਾਂ ਦੀ ਵਿਦਿਅਕ ਯੋਗਤਾ ਐਮਏ ਐਮਫਿਲ ਸੀ। ਇਸ ਪਿੰਡ ਵਿੱਚ ਸੰਤ ਸੀਚੇਵਾਲ ਸਾਲ 2003 ਵਿਚ ਪਹਿਲੀ ਵਾਰ ਸਰਬਸਮੰਤੀ ਨਾਲ ਚੁਣੇ ਗਏ ਸਨ। ਉਸ ਤੋਂ ਬਾਅਦ ਅਗਲੇ ਪੰਜ ਸਾਲਾਂ ਲਈ ਮੁੜ ਸਰਬਸਮੰਤੀ ਨਾਲ ਸਰਪੰਚ ਬਣੇ ਸਨ।
ਸਾਲ 2013 ਵਿੱਚ ਪਿੰਡ ਦੀ ਐਮਏ ਤੱਕ ਪੜ੍ਹੀ ਲੜਕੀ ਰਾਜਵਿੰਦਰ ਕੌਰ ਸਰਬਸਮੰਤੀ ਨਾਲ ਸਰਪੰਚ ਬਣੀ ਸੀ। ਉਨ੍ਹਾਂ ਤੋਂ ਬਾਅਦ ਨੌਜਵਾਨ ਆਗੂ ਤੇਜਿੰਦਰ ਸਿੰਘ ਸਰਬਸਮੰਤੀ ਨਾਲ ਸਰਪੰਚ ਬਣੇ। ਉਨ੍ਹਾਂ ਦੀ ਮਿਆਦ ਫਰਵਰੀ 2024 ਤੱਕ ਰਹੀ। ਹੁਣ ਅਗਲੇ ਪੰਜਾਂ ਸਾਲ ਲਈ ਪਿੰਡ ਦੀ ਵਾਗਡੋਰ ਬੂਟਾ ਸਿੰਘ ਦੇ ਹੱਥਾਂ ਵਿੱਚ ਸੌਂਪ ਦਿੱਤੀ ਗਈ। ਉਨ੍ਹਾਂ ਨਾਲ ਜਿਹੜੇ ਪੰਚ ਬਣੇ ਹਨ ਉਨ੍ਹਾਂ ਵਿੱਚ ਸੁਰਜੀਤ ਸਿੰਘ ਸ਼ੰਟੀ ਪਿਛਲੇ 20 ਸਾਲ ਤੋਂ ਪੰਚ ਬਣਦੇ ਆ ਰਹੇ ਹਨ। ਹੋਰ ਪੰਚਾਂ ਵਿੱਚ ਗੁਰਮੇਲ ਸਿੰਘ, ਸੁਲੱਖਣ ਸਿੰਘ, ਸੁਰਜੀਤ ਸਿੰਘ, ਹਰਜਿੰਦਰ ਕੌਰ,ਕਮਲਜੀਤ ਕੌਰ ਅਤੇ ਗੁਰਪ੍ਰੀਤ ਕੌਰ ਸ਼ਾਮਲ ਹਨ।