ਭੜਕਾਊ ਟਿੱਪਣੀਆਂ ਕਾਰਨ ਸਨਾਤਨ ਫੈਡਰੇਸ਼ਨ ਦੀ ਪੰਚਾਇਤ ਰੱਦ
ਨਵੀਂ ਦਿੱਲੀ, 20 ਅਗਸਤ
ਦਿੱਲੀ ਪੁਲੀਸ ਨੇ ਅੱਜ ਇੱਥੇ ਜੰਤਰ-ਮੰਤਰ ’ਤੇ ਨੂਹ ਹਿੰਸਾ ਸਬੰਧੀ ਚੱਲ ਰਹੀ ਪੰਚਾਇਤ ਅੱਗੇ ਜਾਰੀ ਰੱਖਣ ਦੀ ਇਜਾਜ਼ਤ ਉਸ ਵੇਲੇ ਰੱਦ ਕਰ ਦਿੱਤੀ ਜਦੋਂ ਕੁਝ ਵਿਅਕਤੀਆਂ ਨੇ ਆਪਣੇ ਭਾਸ਼ਣ ਦੌਰਾਨ ਵਿਵਾਦਤ ਟਿੱਪਣੀਆਂ ਕਰ ਦਿੱਤੀਆਂ।
ਇਹ ਪੰਚਾਇਤ ਆਲ ਇੰਡੀਆ ਸਨਾਤਨ ਫੈਡਰੇਸ਼ਨ ਵੱਲੋਂ ਹਰਿਆਣਾ ਦੇ ਨੂਹ ਵਿੱਚ ਹੋਈ ਹਿੰਸਾ ਬਾਰੇ ਚਰਚਾ ਕਰਨ ਲਈ ਸੱਦੀ ਗਈ ਸੀ। ਇਸ ਦੌਰਾਨ ਬਿੱਟੂ ਬਜਰੰਗੀ ਬਾਰੇ ਵੀ ਚਰਚਾ ਹੋਣੀ ਸੀ ਜਿਸ ਉੱਪਰ 31 ਜੁਲਾਈ ਨੂੰ ਹੋਈ ਹਿੰਸਾ ਦੌਰਾਨ ਭੀੜ ਨੂੰ ਭੜਕਾਉਣ ਦਾ ਦੋਸ਼ ਹੈ। ਬਜਰੰਗੀ ਨੂੰ ਫਿਰਕੂ ਝੜਪਾਂ ਦੇ ਸਬੰਧ ਵਿੱਚ 17 ਅਗਸਤ ਨੂੰ ਇਕ ਅਦਾਲਤ ਨੇ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ। ਇਸ ਪੰਚਾਇਤ ਦੌਰਾਨ ਹਿੰਦੂ ਰਕਸ਼ਾ ਦਲ ਦੇ ਪਿੰਕੀ ਚੌਧਰੀ ਅਤੇ ਯਤੀ ਨਰਸਿੰਘਾਨੰਦ ਸਰਸਵਤੀ ਨੇ ਵੀ ਤਕਰੀਰਾਂ ਕੀਤੀਆਂ। ਭੀੜ ਨੂੰ ਸੰਬੋਧਨ ਕਰਦਿਆਂ ਸਰਸਵਤੀ ਨੇ ਕਿਹਾ ਕਿ ਜੇਕਰ ਹਾਲਾਤ ਨਾ ਬਦਲੇ ਤਾਂ 2029 ਤੱਕ ਇਕ ਗੈਰ-ਹਿੰਦੂ ਵਿਅਕਤੀ ਭਾਰਤ ਦਾ ਪ੍ਰਧਾਨ ਮੰਤਰੀ ਬਣ ਸਕਦਾ ਹੈ। ਇਸ ’ਤੇ ਸੀਨੀਅਰ ਪੁਲੀਸ ਅਧਿਕਾਰੀਆਂ ਨੇ ਦਖ਼ਲ ਦਿੰਦਿਆਂ ਪ੍ਰਬੰਧਕਾਂ ਨੂੰ ਹੋਰਨਾਂ ਧਰਮਾਂ ਖ਼ਿਲਾਫ਼ ਤਕਰੀਰਾਂ ਨਾ ਕਰਨੀਆਂ ਯਕੀਨੀ ਬਣਾਉਣ ਲਈ ਕਿਹਾ ਪਰ ਇਸ ਦੇ ਬਾਵਜੂਦ ਸਰਸਵਤੀ ਨੇ ਅੱਗੇ ਕਿਹਾ ਕਿ ਹਿੰਦੂਆਂ ਨੂੰ ਵੀ ਜਹਾਦ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਹੋਰ ਵੀ ਕੁਝ ਵਿਵਾਦਤ ਟਿੱਪਣੀਆਂ ਕੀਤੀਆਂ, ਜਿਸ ’ਤੇ ਦਿੱਲੀ ਪੁਲੀਸ ਨੇ ਇਤਰਾਜ਼ ਕੀਤਾ।
ਇਸ ਤੋਂ ਬਾਅਦ ਦਿੱਲੀ ਪੁਲੀਸ ਨੇ ਉਨ੍ਹਾਂ ਦੀ ਇਜਾਜ਼ਤ ਰੱਦ ਕਰ ਦਿੱਤੀ ਅਤੇ ਉੱਥੇ ਇਕੱਠੇ ਹੋਏ ਲੋਕਾਂ ਨੂੰ ਖਦੇੜ ਦਿੱਤਾ। ਸਰਸਵਤੀ ਦੇ ਭਾਸ਼ਣ ਤੋਂ ਪਹਿਲਾਂ ਜੰਤਰ-ਮੰਤਰ ’ਤੇ ਵੱਡੀ ਗਿਣਤੀ ਪੁਲੀਸ ਮੁਲਾਜ਼ਮ ਤਾਇਨਾਤ ਸਨ। ਮਹਾਪੰਚਾਇਤ ਦੌਰਾਨ ਨਫਰਤੀ ਭਾਸ਼ਣ ਦਿੱਤੇ ਜਾਣ ਸਬੰਧੀ ਪੁਲੀਸ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਮਹਾਪੰਚਾਇਤ ਦੇ ਇੱਕ ਆਗੂ ਨੇ ਕੋਈ ਵੀ ਨਫਰਤੀ ਭਾਸ਼ਣ ਦਿੱਤੇ ਜਾਣ ਤੋਂ ਇਨਕਾਰ ਕੀਤਾ ਹੈ। ਜ਼ਿਕਰਯੋਗ ਹੈ ਕਿ 31 ਜੁਲਾਈ ਨੂੰ ਨੂਹ ਵਿੱਚ ਹੋਈ ਹਿੰਸਾ ਵਿੱਚ ਛੇ ਵਿਅਕਤੀ ਮਾਰੇ ਗਏ ਸਨ।
-ਆਈਏਐੱਨਐੱਸ