ਸਰਬਸੰਮਤੀ ਨਾਲ ਚੁਣੀ ਰਕੌਲੀ-ਛੋਟਾ ਸਿੰਘਪੁਰਾ ਦੀ ਪੰਚਾਇਤ
ਮਿਹਰ ਸਿੰਘ
ਕੁਰਾਲੀ, 28 ਸਤੰਬਰ
ਕੁਰਾਲੀ ਨੇੜਲੇ ਦੋ ਪਿੰਡਾਂ ਨੇ ਮਿਸਾਲ ਕਾਇਮ ਕਰਦਿਆਂ ਸਰਬਸੰਮਤੀ ਨਾਲ ਸਾਂਝੀ ਪੰਚਾਇਤ ਦੀ ਚੋਣ ਕਰ ਲਈ ਹੈ। ਦੋਵੇਂ ਪਿੰਡਾਂ ਦੇ ਸਾਂਝੇ ਇਕੱਠ ਦੌਰਾਨ ਸਰਪੰਚ ਅਤੇ ਪੰਜ ਪੰਚਾਇਤ ਮੈਂਬਰਾਂ ਦੀ ਚੋਣ ਕੀਤੀ ਗਈ।
ਰਕੌਲੀ ਅਤੇ ਛੋਟਾ ਸਿੰਘਪੁਰਾ ਜਿਨ੍ਹਾਂ ਦੀ ਸਾਂਝੀ ਪੰਚਾਇਤ ਬਣਦੀ ਆ ਰਹੀ ਹੈ ਦੀ ਨਵੀਂ ਪੰਚਾਇਤ ਦੀ ਚੋਣ ਸਬੰਧੀ ਦੋਵੇਂ ਪਿੰਡਾਂ ਦਾ ਸਾਂਝਾ ਇਕੱਠ ਪਿੰਡ ਦੇ ਸਕੂਲ ਵਿੱਚ ਹੋਇਆ। ਦੋਵੇਂ ਪਿੰਡਾਂ ਦੇ ਪਤਵੰਤਿਆਂ ਵਲੋਂ ਕੀਤੇ ਉਪਰਾਲੇ ਕਾਰਨ ਹੋਏ ਇਸ ਇਕੱਠ ਵਿੱਚ ਸਾਬਕਾ ਸਰਪੰਚ ਮਨਜੀਤ ਕੌਰ ਰਕੌਲੀ, ਸਾਬਕਾ ਚੇਅਰਮੈਨ ਤੇ ਬਲਵਿੰਦਰ ਸਿੰਘ ਕਾਕਾ ਜਪਾਨੀ, ਜਰਨੈਲ ਸਿੰਘ ਰਕੌਲੀ, ਕੁਲਵਿੰਦਰ ਸਿੰਘ ਅਤੇ ਨੰਬਰਦਾਰ ਬਲਵਿੰਦਰ ਸਿੰਘ ਆਦਿ ਨੇ ਸ਼ਮੂਲੀਅਤ ਕੀਤੀ। ਦੋਵਾਂ ਪਿੰਡਾਂ ਦੇ ਪਤਵੰਤਿਆਂ ਵਲੋਂ ਕੀਤੀ ਸਹਿਮਤੀ ਤੋਂ ਬਾਅਦ ਪਰਮਜੀਤ ਸਿੰਘ ਛੋਟਾ ਸਿੰਘਪੁਰਾ ਨੂੰ ਨਵਾਂ ਸਰਪੰਚ ਚੁਣ ਲਿਆ ਗਿਆ ਜਦਕਿ ਗੁਰਮੀਤ ਸਿੰਘ ਰਕੌਲੀ, ਗੁਰਵਿੰਦਰ ਸਿੰਘ ਰਕੌਲੀ ਤੇ ਗੁਰਮੀਤ ਕੌਰ ਕਰੌਲੀ ਜਦਕਿ ਸੁਖਵਿੰਦਰ ਸਿੰਘ ਛੋਟਾ ਸਿੰਘਪੁਰਾ ਤੇ ਹਰਜੀਤ ਸਿੰਘ ਛੋਟਾ ਸਿੰਘਪੁਰਾ ਤੋਂ ਪੰਚਾਇਤ ਮੈਂਬਰ ਚੁਣੇ ਗਏ। ਦੋਵੇਂ ਪਿੰਡਾਂ ਦੇ ਵਸਨੀਕਾਂ ਨੇ ਨਵੀਂ ਚੁਣੀ ਪੰਚਾਇਤ ਨੂੰ ਵਧਾਈ ਦਿੱਤੀ ਜਦਕਿ ਨਵੇਂ ਚੁਣੇ ਸਰਪੰਚ ਪਰਮਜੀਤ ਸਿੰਘ ਤੇ ਪੰਚਾਇਤ ਮੈਂਬਰਾਂ ਨੇ ਸਭਨਾਂ ਦਾ ਧੰਨਵਾਦ ਕੀਤਾ। ਇਸੇ ਦੌਰਾਨ ਜਰਨੈਲ ਸਿੰਘ ਰਕੌਲੀ ਤੇ ਬਲਵਿੰਦਰ ਸਿੰਘ ਕਾਕਾ ਜਪਾਨੀ ਨੇ ਕਿਹਾ ਕਿ ਦੋ ਪਿੰਡਾਂ ਦੀ ਸਹਿਮਤੀ ਬਣਨੀ ਅਸਾਨ ਨਹੀਂ ਪਰ ਉਹ ਦੋਵੇਂ ਪਿੰਡਾਂ ਦੇ ਵਸਨੀਕਾਂ ਦੇ ਧੰਨਵਾਦੀ ਹਨ ਜਿਨ੍ਹਾਂ ਨੇ ਪਾਰਟੀਬਾਜ਼ੀ ਤੇ ਵਖਰੇਵਿਆਂ ਤੋਂ ਉੱਪਰ ਉੱਠ ਕੇ ਭਾਈਚਾਰਕ ਸਾਂਝ ਤੇ ਪਿੰਡਾਂ ਦੇ ਵਿਕਾਸ ਨੂੰ ਮੁੱਖ ਰੱਖਿਆ ਹੈ।
ਪਿੰਡ ਭਾਊਵਾਲ ਦੀ ਸਰਪੰਚ ਦੀ ਸਰਬਸੰਮਤੀ ਨਾਲ ਚੋਣ
ਚਮਕੌਰ ਸਾਹਿਬ (ਸੰਜੀਵ ਬੱਬੀ): ਇਥੇ ਨੇੜਲੇ ਪਿੰਡ ਭਾਊਵਾਲ ਵਿੱਚ ਸਰਪੰਚ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਇਸ ਸਬੰਧੀ ਸਾਬਕਾ ਸਰਪੰਚ ਆੜ੍ਹਤੀ ਕਮਲਜੀਤ ਸਿੰਘ ਨੇ ਦੱਸਿਆ ਕਿ ਹੱਦ ਬਸਤ ਨੰਬਰ 55 ਪਿੰਡ ਦੀ ਸੁਖਬੀਰ ਕੌਰ ਪਤਨੀ ਗੁਰਮੇਲ ਸਿੰਘ ਵਾਸੀ ਪਿੰਡ ਭਾਊਵਾਲ ਨੂੰ ਸਰਬਸੰਮਤੀ ਨਾਲ ਸਰਪੰਚ ਚੁਣਿਆ ਗਿਆ ਹੈ।