ਚਾਲੀ ਸਾਲਾਂ ਤੋਂ ਸਰਬਸੰਮਤੀ ਨਾਲ ਬਣ ਰਹੀ ਹੈ ਜੈਂਤੀਪੁਰ ਦੀ ਪੰਚਾਇਤ
ਜਗਤਾਰ ਸਿੰਘ ਛਿੱਤ
ਜੈਂਤੀਪੁਰ, 14 ਅਕਤੂਬਰ
ਪਿੰਡ ਜੈਂਤੀਪੁਰ ਹਲਕਾ ਮਜੀਠਾ ਦਾ ਇਕਲੌਤਾ ਪਿੰਡ ਹੈ ਜਿੱਥੇ ਪਿਛਲੇ 40 ਸਾਲਾਂ ਤੋਂ ਸਰਬਸੰਮਤੀ ਨਾਲ ਗ੍ਰਾਮ ਪੰਚਾਇਤ ਚੁਣੀ ਜਾਂਦੀ ਹੈ ਅਤੇ ਪਿੰਡ ਦੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਬਣਾਈ ਰੱਖਣ ਲਈ ਪਿੰਡ ਵਾਸੀਆਂ ਨੇ ਇਸ ਰਵਾਇਤ ਨੂੰ ਹੁਣ ਤੱਕ ਕਾਇਮ ਰੱਖਿਆ ਹੋਇਆ ਹੈ। ਇਸ ਵਾਰ ਵੀ ਸਰਬਸੰਮਤੀ ਨਾਲ ਨਵੀਂ ਪੰਚਾਇਤ ਚੁਣੀ ਗਈ ਹੈ ਜਿਸ ਵਿੱਚ ਸੰਦੀਪ ਕੁਮਾਰ ਸਰਪੰਚ ਅਤੇ ਰੌਸ਼ਨ ਲਾਲ, ਮੁਖਤਾਰ ਸਿੰਘ, ਅਸੀਸ਼ ਕੁਮਾਰ, ਬੀਬੀ ਕਵਿਤਾ ਅਤੇ ਬੀਬੀ ਸਲੀਨਾ ਪੰਚ ਚੁਣੇ ਗਏ।
ਇਸ ਮੌਕੇ ਜ਼ਿਲ੍ਹਾ ਪਰਿਸ਼ਦ ਅੰਮ੍ਰਿਤਸਰ ਦੇ ਸਾਬਕਾ ਚੇਅਰਮੈਨ ਰਾਜਿੰਦਰ ਕੁਮਾਰ ਪੱਪੂ ਜੈਂਤੀਪੁਰ ਅਤੇ ਐਡਵੋਕੇਟ ਅਮਨਦੀਪ ਕੁਮਾਰ ਦੀਪੂ ਨੇ ਸਰਬਸੰਮਤੀ ਨਾਲ ਚੁਣੀ ਨਵੀਂ ਪੰਚਾਇਤ ਅਤੇ ਸਰਪੰਚ ਸੰਦੀਪ ਕੁਮਾਰ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ।
ਬਲਾਕ ਸ਼ਾਹਕੋਟ ਦੀਆਂ 19 ਪੰਚਾਇਤਾਂ ਸਰਬਸੰਮਤੀ ਨਾਲ ਚੁਣੀਆਂ
ਸ਼ਾਹਕੋਟ (ਗੁਰਮੀਤ ਖੋਸਲਾ): ਬਲਾਕ ਸ਼ਾਹਕੋਟ ਦੀਆਂ 92 ਪੰਚਾਇਤਾਂ ਵਿੱਚੋਂ 19 ਪੰਚਾਇਤਾਂ ਦੀ ਚੋਣ ਸਰਬਸੰਮਤੀ ਨਾਲ ਹੋ ਗਈ ਹੈ। ਪਿੰਡ ਕੋਹਾੜ ਕਲਾਂ ਵਿੱਚ ਸਰਪੰਚ ਅਤੇ 6 ਪੰਚਾਂ ਦੀ ਚੋਣ ਸਰਬਸੰਮਤੀ ਨਾਲ ਹੋਈ ਜਦੋਂ ਕਿ ਇਕ ਪੰਚ ਲਈ ਸਰਬਸੰਮਤੀ ਨਾ ਹੋਣ ਕਾਰਨ ਇਸ ਵਾਰਡ ਦੇ ਪੰਚ ਦੀ ਚੋਣ ਲਈ 15 ਅਕਤੂਬਰ ਨੂੰ ਵੋਟਾਂ ਪੈਣਗੀਆਂ। ਕੋਹਾੜ ਕਲਾਂ ਦੀ ਸਰਬਸੰਮਤੀ ਨਾਲ ਚੁਣੀ ਗਈ ਪੰਚਾਇਤ ’ਚ ਕੁਲਦੀਪ ਸਿੰਘ ਕੋਹਾੜ ਸਰਪੰਚ ਅਤੇ ਮਨਪ੍ਰੀਤ ਸਿੰਘ, ਕੇਸਰ ਸਿੰਘ, ਮੋਹਣ ਸਿੰਘ, ਸਨੀ, ਨਵਜੋਤ ਕੌਰ ਅਤੇ ਮਨਦੀਪ ਕੌਰ ਪੰਚ ਚੁਣੇ ਗਏ। ਐੱਸਡੀਐੱਮ ਸ਼ਾਹਕੋਟ ਸ਼ੁਭੀ ਆਂਗਰਾ ਨੇ ਦੱਸਿਆ ਕਿ ਪੂੰਨੀਆਂ, ਲਸੂੜੀ, ਰਾਮੇ, ਪੱਤੋ ਕਲਾਂ, ਬਾਂਹਮਣੀਆਂ ਖੁਰਦ, ਸੰਗਤਪੁਰ, ਬਾਜਵਾ ਖੁਰਦ, ਥੰਮੂਵਾਲ, ਸਾਹਲਾਪੁਰ, ਲੰਗੇਵਾਲ, ਰਾਮਪੁਰ, ਬਾਉਂਪੁਰ ਖੁਰਦ, ਸਾਂਦ,ਧਰਮੀਵਾਲ, ਕੋਟਲਾ ਸੂਰਜਮੱਲ, ਨੰਗਲ ਅੰਬੀਆਂ ਖੁਰਦ, ਡੱਬੀ, ਮੁਬਾਰਕਪੁਰ ਅਤੇ ਮਹਿਮਦਪੁਰ ਦੀਆਂ ਪੰਚਾਇਤਾਂ ਸਰਬਸੰਮਤੀ ਨਾਲ ਚੁਣੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਤਾਹਰਪੁਰ ਵਿਚ ਸਰਪੰਚ ਤੇ 4 ਵਾਰਡਾਂ ਦੇ ਪੰਚਾਂ ’ਤੇ ਸਰਬਸੰਮਤੀ ਹੋਣ ਪਰ ਇਕ ਵਾਰਡ ਵਿੱਚ ਕੋਈ ਉਮੀਦਵਾਰ ਨਾ ਹੋਣ, ਗੋਬਿੰਦ ਨਗਰ ਵਿੱਚ ਸਰਪੰਚ ਤੇ ਤਿੰਨ ਪੰਚਾਂ ’ਤੇ ਸਰਬਸੰਮਤੀ ਹੋਣ ਪਰ 2 ਵਾਰਡਾਂ ਵਿੱਚ ਕੋਈ ਵੀ ਉਮੀਦਵਾਰ ਨਾ ਹੋਣ, ਜਗਤਪੁਰ ਵਿੱਚ 4 ਪੰਚਾਂ ਤੇ ਸਰਬਸੰਮਤੀ ਹੋਣ ਪਰ ਸਰਪੰਚ ਤੇ ਇਕ ਪੰਚ ਵੱਲੋਂ ਕਾਗਜ਼ ਵਾਪਿਸ ਲਏ ਜਾਣ ਅਤੇ ਪਿੰਡ ਫਕਰੂਵਾਲ ਵਿਚ ਸਰਪੰਚ ਤੇ ਇਕ ਪੰਚ ’ਤੇ ਸਰਬਸੰਮਤੀ ਹੋਣ ਅਤੇ 4 ਵਾਰਡਾਂ ਦੀ ਪੰਚੀ ਲਈ ਕੋਈ ਉਮੀਦਵਾਰ ਨਾ ਹੋਣ ਕਾਰਨ ਇਨ੍ਹਾਂ ਪਿੰਡਾਂ ਵਿੱਚ ਵੀ 15 ਅਕਤੂਬਰ ਨੂੰ ਚੋਣ ਨਹੀਂ ਹੋਵੇਗੀ।