ਹਸਨਪੁਰ ਪ੍ਰੋਹਤਾਂ ਦੀ ਪੰਚਾਇਤ ਸਰਬਸੰਮਤੀ ਨਾਲ ਚੁਣੀ
ਸਰਬਜੀਤ ਸਿੰਘ ਭੰਗੂ
ਪਟਿਆਲਾ, 29 ਸਤੰਬਰ
ਪੰਜਾਬ ਵਿੱਚ 15 ਅਕਤੂਬਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਦੀਆਂ ਸਰਗਰਮੀਆਂ ਜ਼ੋਰਾਂ ’ਤੇ ਹਨ। ਸਰਪੰਚ ਬਣਨ ਦੇ ਚਾਹਵਾਨ ਉਮੀਦਵਾਰਾਂ ਵੱਲੋਂ ਜਿੱਥੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਚੁੱਲ੍ਹਾ ਟੈਕਸ ਅਤੇ ਐੱਨਓਸੀ ਸਮੇਤ ਹੋਰ ਲੋੜੀਂਦੇ ਦਸਤਾਵੇਜ਼ਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਉਥੇ ਹੀ ਪਿੰਡਾਂ ਵਿੱਚ ਸਰਬਸੰਮਤੀ ਨਾਲ ਪੰਚਾਇਤਾਂ ਚੁਣਨ ਦਾ ਰੁਝਾਨ ਵਧਿਆ ਹੈ। ਜਾਣਕਾਰੀ ਅਨੁਸਾਰ ਅੱਜ ਸਰਹਿੰਦ ਰੋਡ ਸਥਿਤ ਪਿੰਡ ਹਸਨਪੁਰ ਪ੍ਰੋਹਤਾਂ ਦੀ ਪੰਚਾਇਤ ਸਰਬਸੰਮਤੀ ਨਾਲ ਚੁਣੀ ਗਈ। ਇਸ ਦੌਰਾਨ ਹਰਜੀਤ ਸਿੰਘ ਥਿੰਦ ਪਿੰਡ ਦੇ ਸਰਪੰਚ ਚੁਣੇ ਗਏ। ਜਦੋਂਕਿ ਸਾਰੇ ਪੰਚਾਂ ਦੀ ਚੋਣ ਵੀ ਸਰਬਸੰਮਤੀ ਨਾਲ ਹੀ ਹੋਈ। ਪੰਚਾਂ ’ਚ ਚਰਨਜੀਤ ਕੌਰ, ਸਰਬਜੀਤ ਕੌਰ, ਕੁਲਵਿੰਦਰ ਕੌਰ, ਬਲਜਿੰਦਰ ਸਿੰਘ, ਹਰਕੇਸ਼ ਸਿੰਘ ਅਤੇ ਸੁਖਜੀਤ ਸਿੰਘ ਦੇ ਨਾਮ ਸ਼ਾਮਲ ਹਨ। ਪਿੰਡ ਦੇ ਸਾਬਕਾ ਸਰਪੰਚ ਠੇਕੇਦਾਰ ਸੁਰਜੀਤ ਸਿੰਘ ਹਸਨਪੁਰ ਅਤੇ ਅਮਰੀਕ ਸਿੰਘ ਥਿੰਦ ਸਮੇਤ ਕੁਝ ਹੋਰ ਮੋਹਤਬਰਾਂ ਨੇ ਵੀ ਪਿੰਡ ਦੀ ਪੰਚਾਇਤ ਸਰਬਸੰਮਤੀ ਨਾਲ ਚੁਣੇ ਜਾਣ ਦੀ ਪੁਸ਼ਟੀ ਕੀਤੀ ਹੈ। ਇਸੇ ਦੌਰਾਨ ਨਵੇਂ ਬਣੇ ਸਰਪੰਚ ਹਰਜੀਤ ਸਿੰਘ ਦੇ ਪੁੱਤਰ ਗੁਰਕੀਰਤ ਸਿੰਘ ਥਿੰਦ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਪਿੰਡ ’ਚ 1500 ਕੇ ਕਰੀਬ ਵੋਟਰ ਹਨ। ਇਹ ਪਿੰਡ ਵਿਧਾਨ ਸਭਾ ਹਲਕਾ ਸਨੌਰ ਦੇ ਅਧੀਨ ਆਉਂਦਾ ਹੈ ਜਿਸ ਦੇ ਚੱਲਦਿਆਂ ਸਨੌਰ ਤੋਂ ‘ਆਪ’ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਹਸਨਪੁਰ ਪ੍ਰੋਹਤਾਂ ਦੀ ਨਵੀਂ ਚੁਣੀ ਗਈ ਇਸ ਪੰਚਾਇਤ ਸਮੇਤ ਪਿੰਡ ਵਾਸੀਆਂ ਨੂੰ ਵੀ ਵਧਾਈ ਦਿੱਤੀ। ਜ਼ਿਲ੍ਹੇ ਦੇ ਪਿੰਡ ਧਾਰੋਕੀ, ਸੰਗਤਪੁਰਾ ਅਤੇ ਭਾਲੋਵਾਨ ਆਦਿ ’ਚ ਵੀ ਪੰਚਾਇਤਾਂ ਦੀ ਚੋਣ ਸਰਬਸੰਮਤੀ ਨਾਲ ਹੋਣ ਦੀ ਜਾਣਕਾਰੀ ਹੈ।
ਬਲਬੀਰ ਸਿੰਘ ਵੱਲੋਂ ਹਲਕੇ ’ਚ ਸਰਬਸੰਮਤੀ ਨਾਲ ਚੁਣੀ ਪੰਚਾਇਤ ਨੂੰ ਪੰਜ ਲੱਖ ਦੇਣ ਦਾ ਐਲਾਨ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਐਲਾਨ ਕੀਤਾ ਕਿ ਜੇਕਰ ਉਸ ਦੇ ਹਲਕੇ ਪਟਿਆਲਾ ਦਿਹਾਤੀ ’ਚ ਕੋਈ ਨਗਰ ਪੰਚਾਇਤ ਦੀ ਚੋਣ ਸਰਬਸੰਮਤੀ ਨਾਲ ਕਰੇਗਾ ਤਾਂ ਉਹ ਉਸ ਨਗਰ ਦੇ ਵਿਕਾਸ ਲਈ ਆਪਣੇ ਅਖਤਿਆਰੀ ਕੋਟੇ ’ਚੋਂ ਪੰਜ ਲੱਖ ਦੀ ਗਰਾਂਟ ਦੇਣਗੇ। ਜਦ ਕਿ ਪੰਜ ਲੱਖ ਰੁਪਏ ਪੰਜਾਬ ਸਰਕਾਰ ਵੱਲੋਂ ਵੱਖਰੇ ਤੌਰ ’ਤੇ ਦਿੱਤੇ ਜਾਣੇ ਹਨ।