ਪੰਚਾਇਤੀ ਜ਼ਮੀਨ: ਦੋ ਧਿਰਾਂ ’ਚ ਝੜਪ ਦੌਰਾਨ ਚਾਰ ਜ਼ਖ਼ਮੀ
ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 23 ਜੂਨ
ਨੇੜਲੇ ਪਿੰਡ ਬਿਗੜਵਾਲ ਵਿੱਚ ਤੀਜੇ ਹਿੱਸੇ ਦੀ ਰਾਖਵੀਂ ਪੰਚਾਇਤੀ ਜ਼ਮੀਨ ਦੀ ਬੋਲੀ ਹੋਣ ਤੋਂ ਬਾਅਦ ਵੀ ਮੁੱਦਾ ਠੰਢਾ ਨਹੀਂ ਹੋ ਰਿਹਾ। ਇਸ ਜ਼ਮੀਨ ਨੂੰ ਲੈ ਕੇ ਬੋਲੀਕਾਰ ਅਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਦੀ ਅਗਵਾਈ ਵਿਚ ਮਜ਼ਦੂਰ ਭਾਈਚਾਰੇ ਵਿਚ ਬੀਤੇ ਦਿਨ ਉਸ ਵਖਤ ਝੜਪ ਹੋ ਗਈ, ਜਦੋਂ ਬੋਲੀਕਾਰ ਖੇਤ ਵਿਚ ਝੋਨਾ ਲਾਉਣ ਦੀ ਤਿਆਰੀ ਕਰ ਰਿਹਾ ਸੀ। ਲੜਾਈ ਵਿਚ ਦੋਵੇਂ ਧਿਰਾਂ ਦੇ ਕਰੀਬ ਚਾਰ ਜਣੇ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸੁਨਾਮ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਇਸ ਸਬੰਧੀ ਕ੍ਰਾਂਤੀਕਾਰੀ ਮੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਅਤੇ ਜ਼ਿਲ੍ਹਾ ਆਗੂ ਜਗਦੀਪ ਸਿੰਘ ਨੇ ਦੱਸਿਆ ਕਿ ਬੋਲੀਕਾਰ ਵੱਲੋਂ ਬੋਲੀ ਮੌਕੇ ਸਾਂਝੀ ਜ਼ਮੀਨ ਵੰਡਣ ਦਾ ਵਾਅਦਾ ਕੀਤਾ ਗਿਆ ਸੀ, ਜਿਸ ਦੀ ਵੀਡੀਓ ਵੀ ਉਨ੍ਹਾਂ ਕੋਲ ਮੌਜੂਦ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਤਹਿਸੀਲਦਾਰ ਸੁਨਾਮ ਨਾਲ ਮੀਟਿੰਗ ਵੀ ਹੋਈ ਸੀ ਅਤੇ ਤਹਿਸੀਲਦਾਰ ਵੱਲੋਂ ਮਸਲੇ ਦੇ ਹੱਲ ਲਈ ਦੋ ਦਿਨ ਦਾ ਸਮਾਂ ਦਿੱਤਾ ਗਿਆ ਸੀ ਪਰ ਬੋਲੀਕਾਰ ਨੇ ਦੋ ਦਿਨ ਦੀ ਉਡੀਕ ਕੀਤੇ ਬਿਨਾ ਬੀਤੀ ਸ਼ਾਮ ਜ਼ਮੀਨ ਵਾਹੁਣੀ ਸ਼ੁਰੂ ਕਰ ਦਿੱਤੀ, ਜਦੋਂ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਗਿਆ ਤਾਂ ਉਸ ਵੱਲੋਂ ਦੋ ਮਜ਼ਦੂਰ ਔਰਤਾਂ ਅਮਰਜੀਤ ਕੌਰ ਅਤੇ ਸਰਬਜੀਤ ਕੌਰ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ ਗਿਆ।
ਉਧਰ ਇਸ ਸਬੰਧੀ ਬੋਲੀਕਾਰ ਬਲਜੀਤ ਸਿੰਘ ਨੇ ਸਾਰੇ ਦਾਅਵਿਆਂ ਨੂੰ ਨਕਾਰਦਿਆਂ ਕਿਹਾ ਕਿ ਉਸ ਵੱਲੋਂ ਕੋਈ ਵੀ ਅਜਿਹਾ ਵਾਅਦਾ ਨਹੀਂ ਕੀਤਾ ਗਿਆ। ਉਸ ਨੇ ਦੋਸ਼ ਲਾਇਆ ਕਿ ਜ਼ਮੀਨ ਦੀ ਬੋਲੀ ਉਸ ਵੱਲੋਂ ਤੁੜਵਾਈ ਗਈ ਸੀ ਅਤੇ ਉਸ ਦਿਨ ਤੋਂ ਹੀ ਕੁਝ ਲੋਕਾਂ ਵੱਲੋਂ ਕਥਿਤ ਰੂਪ ਵਿਚ ਉਸ ਨੂੰ ਜ਼ਮੀਨ ਵਿੱਚ ਵੜਨ ਨਹੀਂ ਦਿੱਤਾ ਜਾ ਰਿਹਾ। ਉਸ ਨੇ ਦੱਸਿਆ ਕਿ ਕੱਲ੍ਹ ਖੇਤ ਵਿਚ ਜਦੋਂ ਉਹ ਝੋਨਾ ਲਾਉਣ ਦੀ ਤਿਆਰੀ ਲਈ ਗਿਆ ਤਾਂ ਵੱਡੀ ਗਿਣਤੀ ਵਿਚ ਲੋਕਾਂ ਵੱਲੋਂ ਉਸ ‘ਤੇ ਹਮਲਾ ਕਰ ਦਿੱਤਾ ਗਿਆ।
ਇਸ ਝਗੜੇ ਸਬੰਧੀ ਥਾਣਾ ਸ਼ਹਿਰੀ ਸੁਨਾਮ ਦੇ ਐੱਸਐੱਚਓ ਦੀਪ ਇੰਦਰ ਸਿੰਘ ਜੇਜੀ ਨੇ ਦੱਸਿਆ ਕਿ ਪੁਲੀਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ, ਜੋ ਵੀ ਕਾਨੂੰਨੀ ਤੌਰ ‘ਤੇ ਗਲ਼ਤ ਪਾਇਆ ਗਿਆ, ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।