ਬੀਡੀਪੀਓ ਦੇ ਆਉਣ ਮਗਰੋਂ ਪੁਲੀਸ ਹਵਾਲੇ ਕੀਤੇ ਪੰਚਾਇਤ ਮੁਲਾਜ਼ਮ
ਨਿੱਜੀ ਪੱਤਰ ਪ੍ਰੇਰਕ
ਨਾਭਾ, 4 ਸਤੰਬਰ
ਇਥੋਂ ਦੇ ਪਿੰਡ ਕਕਰਾਲਾ ’ਚ ਗ੍ਰਾਮ ਸਭਾ ਦੇ ਮਤੇ ਦੇ ਉਲਟ ਕੰਪਰੈਸਡ ਬਾਇਓਗੈਸ ਪਲਾਂਟ ਦੇ ਹੱਕ ਵਿਚ ਹਸਤਾਖਰ ਕਰਾਉਣ ਪਹੁੰਚੇ ਪੰਚਾਇਤ ਵਿਭਾਗ ਦੇ ਚਾਰ ਮੁਲਾਜ਼ਮਾਂ ਨੂੰ ਪਿੰਡ ਵਾਸੀਆਂ ਨੇ ਬੀਡੀਪੀਓ ਦੇ ਆਉਣ ਮਗਰੋਂ ਪੁਲੀਸ ਹਵਾਲੇ ਕੀਤਾ। ਜਾਣਕਾਰੀ ਅਨੁਸਾਰ ਨਾਭਾ ਦੇ ਬੀਡੀਪੀਓ ਬਲਜੀਤ ਕੌਰ ਮੌਕੇ ’ਤੇ ਪਹੁੰਚੇ ਜਿਥੇ ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਦੱਸਿਆ ਕਿ ਉੱਚ ਅਧਿਕਾਰੀਆਂ ਨੇ ਇਨ੍ਹਾਂ ਮੁਲਾਜ਼ਮਾਂ ਨੂੰ ਭੇਜਿਆ ਸੀ ਪਰ ਜੇ ਪਿੰਡ ਵਾਸੀ ਨਹੀਂ ਚਾਹੁੰਦੇ ਤਾਂ ਇਥੇ ਪਲਾਂਟ ਨਹੀਂ ਲੱਗੇਗਾ ਤੇ ਅਗਲੇ ਵੀਰਵਾਰ ਪਲਾਂਟ ਲਈ ਰੱਖੀ 18 ਏਕੜ ਦੀ ਖੇਤੀ ਵਾਲੀ ਜ਼ਮੀਨ ਦੀ ਬੋਲੀ ਕਰਵਾ ਦਿੱਤੀ ਜਾਵੇਗੀ। ਇਸ ਮੌਕੇ ਪਿੰਡ ਵਾਸੀ ਮੁਲਾਜ਼ਮਾਂ ਉੱਪਰ ਕੇਸ ਦਰਜ ਕਰਨ ਦੀ ਗੱਲ ’ਤੇ ਅੜੇ ਰਹੇ। ਉਨ੍ਹਾਂ ਨੇ ਪੁਲੀਸ ਨੂੰ ਚਾਰੋਂ ਮੁਲਾਜ਼ਮਾਂ ਖਿਲਾਫ ਕੇਸ ਦਰਜ ਕਰਕੇ ਹਿਰਾਸਤ ਵਿਚ ਲੈਣ ਦੀ ਲਿਖਤੀ ਅਰਜ਼ੀ ਵੀ ਦਿੱਤੀ ਜਿਸ ਵਿੱਚ ਉਨ੍ਹਾਂ ਨੇ ਏਡੀਸੀ ਪਟਿਆਲਾ ਅਤੇ ਬੀਡੀਪੀਓ ਨਾਭਾ ਖਿਲਾਫ ਵੀ ਕੇਸ ਦਰਜ ਕਰਨ ਦੀ ਮੰਗ ਕੀਤੀ ਸੀ। ਪੁਲੀਸ ਕਾਫੀ ਸਮਾਂ ਅਰਜ਼ੀ ਦੀ ਰਸੀਦ ਦੇਣ ਤੋਂ ਇਨਕਾਰੀ ਰਹੀ। ਪਿੰਡ ਵਾਸੀ ਤੇ ਵਕੀਲ ਹਰਮਨ ਸਿੰਘ, ਹਰਭਜਨ ਸਿੰਘ, ਕੁਲਦੀਪ ਸਿੰਘ ਹੋਰਾਂ ਨੇ ਦਾਅਵਾ ਕੀਤਾ ਕਿ ਚਾਰ ਮੁਲਾਜ਼ਮਾਂ ਨੂੰ ਪੁਲੀਸ ਹਵਾਲੇ ਕਰ ਦਿੱਤਾ ਹੈ। ਇਸ ਤੋਂ ਬਾਅਦ ਸਦਰ ਪੁਲੀਸ ਥਾਣੇ ਦੇ ਐਸਐਚਓ ਨੇ ਪਿੰਡ ਵਾਸੀਆਂ ਦੀ ਅਰਜ਼ੀ ਦੀ ਰਸੀਦ ਹਸਤਾਖਰ ਕਰਕੇ ਦਿੱਤੀ।