ਪੰਚਾਇਤੀ ਚੋਣਾਂ: ਜੇਤੂਆਂ ਨੇ ਜਸ਼ਨ ਮਨਾਏ, ਹਾਰਿਆਂ ਦੇ ਘਰ ਮਾਤਮ ਛਾਏ
ਜੋਗਿੰਦਰ ਸਿੰਘ ਮਾਨ/ਜਗਜੀਤ ਸਿੰਘ ਸਿੱਧੂ
ਮਾਨਸਾ/ਤਲਵੰਡੀ ਸਾਬੋ, 16 ਅਕਤੂਬਰ
ਸੂਬੇ ਭਰ ਵਿੱਚ ਕੱਲ੍ਹ ਪੰਚਾਇਤੀ ਚੋਣਾਂ ਲਈ ਪਈਆਂ ਵੋਟਾਂ ਦੇ ਦੇਰ ਰਾਤ ਆਏ ਨਤੀਜਿਆਂ ਮਗਰੋਂ ਜੇਤੂ ਸਰਪੰਚਾਂ/ਪੰਚਾਂ ਅਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਜਿੱਥੇ ਵੱਖ-ਵੱਖ ਢੰਗ ਤਰੀਕਿਆਂ ਨਾਲ ਜਸ਼ਨ ਮਨਾਏ ਗਏ ਤੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਰਿਹਾ ਉੱਥੇ ਹਾਰੇ ਹੋਏ ਉਮੀਦਵਾਰਾਂ ਦੇ ਘਰਾਂ ਵਿੱਚ ਮਾਤਮ ਛਾਇਆ ਹੋਇਆ ਹੈ।
ਬੀਤੀ ਰਾਤ ਨਤੀਜੇ ਆਉਣ ’ਤੇ ਹਾਰੇ ਹੋਏ ਉਮੀਦਵਾਰ ਨਿਰਾਸ਼ ਹੋ ਕੇ ਪੋਲਿੰਗ ਬੂਥਾਂ ਤੋਂ ਮਸਾਂ ਆਪਣੇ ਘਰੀਂ ਪਹੁੰਚੇ ਜਦਕਿ ਜਿੱਤੇ ਹੋਏ ਆਪਣੇ ਸਮਰਥਕਾਂ ਨਾਲ ਖੁਸ਼ੀਆਂ ਮਨਾਉਂਦੇ, ਗਲਾਲ ਖੇਡਦੇ ਤੇ ਭੰਗੜੇ ਪਾਉਂਦੇ ਘਰਾਂ ਨੂੰ ਆਏ ਅਤੇ ਪਟਾਖੇ ਚਲਾ ਕੇ ਆਤਿਸ਼ਬਾਜ਼ੀ ਕੀਤੀ।ਪਿੰਡਾਂ ਦੇ ਲੋਕਾਂ ਨੇ ਜੇਤੂਆਂ ਦੇ ਘਰਾਂ ਵਿੱਚ ਆ ਕੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ। ਜਿੱਤੇ ਸਰਪੰਚਾਂ-ਪੰਚਾਂ ਨੇ ਅੱਜ ਸਵੇਰੇ ਹੀ ਇਸ਼ਨਾਨ ਕਰਕੇ ਆਪਣੇ ਪਰਿਵਾਰਾਂ ਸਮੇਤ ਪਿੰਡਾਂ ਦੇ ਧਾਰਮਿਕ ਅਸਥਾਨਾਂ ਵਿੱਚ ਨਤਮਸਤਕ ਹੋ ਕੇ ਸ਼ੁਕਰਾਨਾ ਕੀਤਾ ਤੇ ਢੋਲ ਢਮੱਕਿਆਂ ਨਾਲ ਜੇਤੂ ਰੈਲੀਆਂ ਵੀ ਕੀਤੀਆਂ। ਜਿੱਤ ਦੀ ਖੁਸ਼ੀ ਵਿੱਚ ਦਿਨ ਭਰ ਪਿੰਡਾਂ ਵਿੱਚ ਮਠਿਆਈਆਂ, ਪਕੌੜਿਆਂ ਤੇ ਚਾਹ ਆਦਿ ਦੇ ਲੰਗਰ ਚਲਾਏ ਗਏ। ਮਾਨਸਾ ਜ਼ਿਲ੍ਹੇ ਵਿੱਚ ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਮਾਨਸਾ ਤੋਂ ਡਾ. ਵਿਜੈ ਸਿੰਗਲਾ ਦੇ ਘਰ ਬਹੁਤੇ ਜੇਤੂ ’ਆਪ’ ਦੇ ਨਵੇਂ ਬਣੇ ਸਰਪੰਚ ਅੱਜ ਦਿਨ ਚੜ੍ਹਦੇ ਨੂੰ ਵਧਾਈਆਂ ਦੇਣ ਜਾ ਰਹੇ ਸਨ। ਅੱਜ ਇਨ੍ਹਾਂ ਦੇ ਇਥੇ ਸਥਿਤ ਘਰ ਪਿੰਡਾਂ ’ਚੋਂ ਜਿੱਤੇ ਸਰਪੰਚਾਂ ਅਤੇ ਪੰਚਾਂ ਦਾ ਸਾਰਾ ਦਿਨ ਮੇਲਾ ਲੱਗਿਆ ਰਿਹਾ, ਸਰਪੰਚ ਇਕ-ਦੂਜੇ ਤੋਂ ਅੱਗੇ ਹੋਕੇ ਇਨ੍ਹਾਂ ਵਿਧਾਇਕਾਂ ਨੂੰ ਵਧਾਈਆਂ ਦਿੰਦੇ ਰਹੇ। ਉਧਰ ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ, ਜੋ ਮਾਨਸਾ ਵਿਖੇ ਸਿਲਵਰ ਸਿਟੀ ’ਚ ਰਹਿੰਦੇ ਦੇ ਘਰ ਵਿੱਚ ਤੜਕੇ ਲੈ ਕੇ ਦੇਰ ਸ਼ਾਮ ਤੱਕ ਉਸ ਇਲਾਕੇ ਦੇ ਜੇਤੂ ਰਹੇ ’ਆਪ’ ਸਰਪੰਚ ਮਠਿਆਈਆਂ ਦੇ ਡੱਬੇ ਲੈ-ਲੈਕੇ ਜਾ ਰਹੇ ਸਨ। ਵਿਧਾਇਕ ਵੱਲੋਂ ਜੇਤੂ ਸਰਪੰਚਾਂ ਨੂੰ ਸਾਬਸ਼ ਦੇਕੇ ਸਰਪੰਚੀ ਦੌਰਾਨ ਚੰਗੇ ਕਾਰਜ ਕਰਨ ਦਾ ਸੱਦਾ ਦਿੱਤਾ ਜਾ ਰਿਹਾ ਸੀ।
ਮਾਨਸਾ ਖੁਰਦ ਵਿੱਚ ਮੁੜ ਪਈਆਂ ਵੋਟਾਂ
ਮਾਨਸਾ: ਜ਼ਿਲ੍ਹਾ ਚੋਣ ਅਫ਼ਸਰ ਕੁਲਵੰਤ ਸਿੰਘ ਨੇ ਦੱਸਿਆ ਕਿ ਕਿਸੇ ਕਾਰਨਾਂ ਕਾਰਨ 15 ਅਕਤੂਬਰ ਨੂੰ ਰੱਦ ਹੋਈ ਮਾਨਸਾ ਖੁਰਦ ਦੀ ਚੋਣ ਸਬੰਧੀ ਤਾਜ਼ਾ ਪੋਲ ਅੱਜ 16 ਅਕਤੂਬਰ ਨੂੰ ਮਾਨਸਾ ਖੁਰਦ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਕਰਵਾਈ ਗਈ, ਜੋ ਪੂਰੇ ਅਮਨ-ਅਮਾਨ ਨਾਲ ਨੇਪਰੇ ਚੜ੍ਹੀ। ਉਨ੍ਹਾਂ ਦੱਸਿਆ ਕਿ ਮਾਨਸਾ ਖੁਰਦ ਵਿਖੇ ਅੱਜ ਮੁੜ ਕਰਵਾਈ ਗਈ ਵੋਟਿੰਗ ਦੌਰਾਨ ਲੋਕਾਂ ਨੇ ਆਪਣਾ ਪੂਰਾ ਉਤਸ਼ਾਹ ਦਿਖਾਇਆ ਅਤੇ 75.87 ਫੀਸਦੀ ਵੋਟਾਂ ਪੋਲ ਹੋਈਆਂ।
ਮਾਨਸਾ ਵਿੱਚ 83.27 ਪ੍ਰਤੀਸ਼ਤ ਪੰਚਾਇਤੀ ਵੋਟਾਂ ਭੁਗਤੀਆਂ
ਮਾਨਸਾ: ਪੰਜਾਬ ’ਚੋਂ ਸਭ ਤੋਂ ਅਨਪੜ੍ਹ ਜ਼ਿਲ੍ਹਾ ਮੰਨੇ ਜਾਣ ਦੇ ਬਾਵਜੂਦ ਮਾਨਸਾ ਜ਼ਿਲ੍ਹੇ ਨੇ ਇਕ ਵਾਰ ਫਿਰ ਰਾਜਸੀ ਚੇਤਨਤਾ ਪੱਖੋਂ ਪੂਰੇ ਪੰਜਾਬ ’ਚੋਂ ਸਭ ਤੋਂ ਵੱਡਾ ਜ਼ਿਲ੍ਹਾ ਹੋਣ ਦਾ ਸਬੂਤ ਦਿੱਤਾ ਹੈ। ਇਸ ਜ਼ਿਲ੍ਹੇ ਦੇ ਪੇਂਡੂ ਖੇਤਰ ਵਾਲੇ ਲੋਕਾਂ ਨੇ ਪੰਚਾਇਤੀ ਚੋਣਾਂ ਵਿਚ 83.27 ਪ੍ਰਤੀਸ਼ਤ ਵੋਟਾਂ ਪਾ ਕੇ ਰਾਜ ਭਰ ਵਿਚੋਂ ਪਹਿਲੀ ਪੁਜੀਸ਼ਨ ਪ੍ਰਾਪਤ ਕੀਤੀ ਹੈ। ਢਾਈ ਸਾਲ ਪਹਿਲਾਂ ਪਈਆਂ ਵਿਧਾਨ ਸਭਾ ਚੋਣਾਂ ਵੇਲੇ ਵੀ ਇਸੇ ਜ਼ਿਲ੍ਹੇ ਦੀ ਵੱਧ ਵੋਟਾਂ ਪਾਉਣ ਵਿਚ ਝੰਡੀ ਰਹੀ ਸੀ।