ਅਮਨ-ਅਮਾਨ ਨਾਲ ਨੇਪਰੇ ਚੜ੍ਹਿਆ ਪੰਚਾਇਤ ਚੋਣਾਂ ਦਾ ਅਮਲ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ ,15 ਅਕਤੂਬਰ
ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਵਿੱਚ ਅੱਜ 664 ਗਰਾਮ ਪੰਚਾਇਤਾਂ ਵਾਸਤੇ 1030 ਪੋਲਿੰਗ ਬੂਥਾਂ ਵਿੱਚ ਵੋਟਾਂ ਪਾਈਆਂ ਗਈਆਂ ਹਨ। ਵਧੇਰੇ ਕਰਕੇ ਵੋਟਾਂ ਪਾਉਣ ਦਾ ਕੰਮ ਅਮਨ ਪੂਰਵਕ ਨੇਪਰੇ ਚੜ੍ਹ ਗਿਆ ਹੈ ਪਰ ਕੁਝ ਥਾਵਾਂ ’ਤੇ ਆਪਸੀ ਤਕਰਾਰ ਅਤੇ ਝਗੜੇ ਦੀਆਂ ਖਬਰਾਂ ਵੀ ਹਨ ।
ਸਰਕਾਰੀ ਵੇਰਵਿਆ ਦੇ ਮੁਤਾਬਕ ਜ਼ਿਲ੍ਹੇ ਵਿੱਚ ਕੁੱਲ 856 ਗ੍ਰਾਮ ਪੰਚਾਇਤਾਂ ਹਨ ਅਤੇ ਇਨ੍ਹਾਂ ਵਿੱਚੋਂ 192 ਗ੍ਰਾਮ ਪੰਚਾਇਤਾਂ ਵਿੱਚ ਸਰਬ ਸੰਮਤੀ ਹੋ ਚੁੱਕੀ ਹੈ। ਬਾਕੀ ਰਹਿ ਗਈਆਂ 664 ਗ੍ਰਾਮ ਪੰਚਾਇਤਾਂ ਵਾਸਤੇ ਅੱਜ ਵੋਟਾਂ ਪਾਈਆਂ ਗਈਆਂ ਹਨ। ਵੋਟਾਂ ਪਾਉਣ ਲਈ ਪਿੰਡ ਪੱਧਰ ਤੇ ਲੋਕਾਂ ਵਿੱਚ ਭਾਰੀ ਉਤਸ਼ਾਹ ਸੀ। ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲੀਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਗਏ ਸਨ। ਇਸ ਦੌਰਾਨ ਰਾਜਾ ਸਾਂਸੀ ਹਲਕੇ ਹੇਠ ਆਉਂਦੇ ਪਿੰਡ ਬਲਗਨ ਵਿਖੇ ਦੋ ਧੜਿਆਂ ਵਿਚਾਲੇ ਚੋਣਾਂ ਨੂੰ ਲੈ ਕੇ ਝਗੜਾ ਹੋਇਆ ਹੈ ਅਤੇ ਇਸ ਦੌਰਾਨ ਇੱਟ ਪੱਥਰ ਵੀ ਚੱਲੇ ਹਨ। ਪੁਲੀਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਵਾਸਤੇ ਹਲਕਾ ਲਾਠੀਚਾਰਜ ਵੀ ਕੀਤਾ ਗਿਆ ਅਤੇ ਕੁਝ ਸਮੇਂ ਲਈ ਵੋਟਾਂ ਪਾਉਣ ਦਾ ਕੰਮ ਰੁਕ ਗਿਆ ਸੀ ਜੋ ਬਾਅਦ ਵਿੱਚ ਮੁੜ ਸ਼ੁਰੂ ਹੋ ਗਿਆ।
ਜਲੰਧਰ (ਹਤਿੰਦਰ ਮਹਿਤਾ): ਅੱਜ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਜ਼ਿਲ੍ਹੇ ਵਿੱਚ ਸ਼ਾਮ 4 ਵਜੇ ਤੱਕ 57.99 ਫੀਸਦੀ ਫੀਸਦੀ ਵੋਟਿੰਗ ਹੋਈ।ਚੋਣ ਪ੍ਰਕਿਰਿਆ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਚੋਣ ਅਮਲ ਦੇ ਨਿਰਵਿਘਨ ਸੰਚਾਲਨ ਦੀ ਸ਼ਲਾਘਾ ਕੀਤੀ, ਜਿਸ ਨੂੰ ਰਾਜ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 7,426 ਪੋਲਿੰਗ ਸਟਾਫ਼ ਵੱਲੋਂ ਨੇਪਰੇ ਚਾੜ੍ਹਿਆ ਗਿਆ।
ਕਾਦੀਆਂ (ਮਕਬੂਲ ਅਹਿਮਦ): ਕਾਦੀਆਂ ਵਿਧਾਨ ਸਭਾ ਹਲਕਾ ਦੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਪੰਚਾਇਤੀ ਚੋਣਾਂ ਸ਼ਾਂਤੀ ਨਾਲ ਨੇਪਰੇ ਚੜ੍ਹ ਗਈਆਂ।
ਬਟਾਲਾ (ਦਲਬੀਰ ਸੱਖੋਵਾਲੀਆ): ਪੰਚਾਇਤੀ ਚੋਣਾਂ ਦਾ ਕੰਮ ਅਮਨ-ਅਮਾਨ ਨਾਲ ਸਮਾਪਤ ਹੋ ਗਿਆ। ਪਿੰਡ ਸੱਖੋਵਾਲ ਵਿੱਚ ਸਤਨਾਮ ਸਿੰਘ ਸੱਤਾ 22 ਵੋਟਾਂ ਨਾਲ ਜੇਤੂ ਰਹੇ। ਇਸੇ ਤਰ੍ਹਾਂ ਪਿੰਡ ਥਿੰਦ ਵਿੱਚ ਸਰਵਣ ਸਿੰਘ ਵੀ ਜੇਤੂ ਰਹੇ।
ਹਲਕਾ ਡੇਰਾ ਬਾਬਾ ਨਾਨਕ ਦੇ ਕਾਂਗਰਸ ਦੇ ਬਲਾਕ ਪ੍ਰਧਾਨ ਸ਼ਿਵੰਦਰ ਸਿੰਘ ਗੱਗੋਵਾਲੀ ‘ਆਪ’ ਆਗੂ ਗੁਰਦੇਵ ਸਿੰਘ ਗੱਗੋਵਾਲੀ ਤੋਂ 110 ਵੋਟਾਂ ਨਾਲ ਚੋਣ ਹਾਰ ਗਏ। ਪਿੰਡ ਮੱਲ੍ਹਿਆਵਾਲ ਤੋਂ ‘ਆਪ’ ਆਗੂ ਹਰਮਨਜੀਤ ਸਿੰਘ 70 ਵੋਟਾਂ ਨਾਲ ਚੋਣ ਜਿੱਤੇ। ਪਿੰਡ ਬਜ਼ੁਰਗਵਾਲ ਤੋਂ ਹਰਦੀਪ ਸਿੰਘ ਸਰਪੰਚ ਬਣੇ। ਇਸੇ ਤਰ੍ਹਾਂ ਵਡਾਲਾ ਬਾਂਗਰ ਤੋਂ ਬੂਟਾ ਸਿੰਘ ਸਰਪੰਚ ਬਣੇ।
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਜ਼ਿਲ੍ਹੇ ’ਚ ਪੰਚਾਇਤੀ ਚੋਣਾਂ ਦਾ ਕੰਮ ਅਮਨ ਸ਼ਾਂਤੀ ਨਾਲ ਮੁਕੰਮਲ ਹੋ ਗਿਆ। 10 ਬਲਾਕਾਂ ਦੇ 1405 ਪਿੰਡਾਂ ਦੀ ਚੋਣ ਹੋਣੀ ਸੀ ਜਿਨ੍ਹਾਂ ਵਿੱਚੋਂ 265 ਪਿੰਡਾਂ ਦੀਆਂ ਪੰਚਾਇਤਾਂ ਪਹਿਲਾਂ ਹੀ ਸਰਬਸੰਮਤੀ ਨਾਲ ਚੁਣੀਆਂ ਜਾ ਚੁੱਕੀਆਂ ਹਨ। ਕਿਸੇ-ਕਿਸੇ ਥਾਂ ’ਤੇ ਬੈਲਟ ਪੇਪਰਾਂ ਨੂੰ ਜਾਂ ਹੋਰ ਤਕਨੀਕੀ ਕਾਰਨਾਂ ਕਰਕੇ ਬਹਿਸਬਾਜ਼ੀ ਹੋਣ ਦੀਆਂ ਘਟਨਾਵਾਂ ਤੋਂ ਇਲਾਵਾ ਕਿਸੇ ਥਾਂ ’ਤੇ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ਸ਼ਾਮ 4 ਵਜੇ ਤੱਕ 44.5 ਫੀਸਦੀ ਵੋਟਾਂ ਪੋਲ ਹੋਈਆਂ ਸਨ। ਡਿਪਟੀ ਕਮਿਸ਼ਨਰ ਕੋਮਲ ਅਤੇ ਐੱਸ.ਐੱਸ.ਪੀ ਸੁਰੇਂਦਰ ਲਾਂਬਾ ਨੇ ਵੱਖ-ਵੱਖ ਪੋਲਿੰਗ ਬੂਥਾਂ ਦਾ ਜਾਇਜ਼ਾ ਲਿਆ। ਹਰੇਕ ਪੋਲਿੰਗ ਬੂਥ ਦੇ ਬਾਹਰ ਕੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।
ਤਰਨ ਤਾਰਨ (ਗੁਰਬਖਸ਼ਪੁਰੀ): ਬਾਬਾ ਸੈਣ ਭਗਤ (ਸੋਹਲ) ਪਿੰਡ ਵਿੱਚ ਗੋਲੀ ਚੱਲਣ ਕਾਰਨ ਦੋ ਵਿਅਕਤੀ ਜ਼ਖਮੀ ਹੋ ਗਏ। ਇਸ ਤੋਂ ਇਲਾਵਾ ਜ਼ਿਲ੍ਹੇ ਭਰ ਵਿੱਚ ਪੰਚਾਇਤੀ ਚੋਣਾਂ ਦਾ ਅਮਲ ਅਮਨ ਅਮਾਨ ਨਾਲ ਨੇਪਰੇ ਚੜ੍ਹਿਆ। ਜ਼ਿਲ੍ਹੇ ਦੀਆਂ ਕੁੱਲ 569 ਪੰਚਾਇਤਾਂ ਵਿੱਚੋਂ 341 ਪਿੰਡਾਂ ਦੇ ਸਰਪੰਚਾਂ ਦੀ ਚੋਣ ਪਹਿਲਾਂ ਹੀ ਬਿਨਾਂ ਮੁਕਾਬਲਾ ਕੀਤੀ ਜਾ ਚੁੱਕੀ ਹੈ| ਅੱਜ 228 ਸਰਪੰਚਾਂ ਤੋਂ ਇਲਾਵਾ ਮੈਂਬਰਾਂ ਦੀ ਚੋਣ ਕੀਤੀ ਗਈ| ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਅਤੇ ਖੇਮਕਰਨ ਦੇ ਵਿਧਾਇਕ ਸਰਵਣ ਸਿੰਘ ਧੁੰਨ ਨੇ ਆਪੋ-ਆਪਣੇ ਪਿੰਡ ਕ੍ਰਮਵਾਰ ਲਾਲਪੁਰਾ ਅਤੇ ਧੁੰਨ ਵਿੱਚ ਵੋਟਾਂ ਪਾਈਆਂ|
ਕੁਝ ਨਤੀਜਿਆਂ ਅਨੁਸਾਰ ਕੋਟਲੀ ਪਿੰਡ ਤੋਂ ਨਿਰਮਲ ਕੌਰ ਨੇ ਸਰਪੰਚ ਦੀ ਚੋਣ ਜਿੱਤੀ ਹੈ| ਵਲਟੋਹਾ ਬਲਾਕ ਦੇ ਪਿੰਡ ਰਾਮੂਵਾਲ ਤੋਂ ਰਾਜ ਕੌਰ ਸਰਪੰਚ ਚੁਣੇ ਗਏ ਹਨ| ਬਲਾਕ ਖਡੂਰ ਸਾਹਿਬ ਦੇ ਪਿੰਡ ਨਾਗੋਕੇ ਮੋੜ ਤੋਂ ਕਾਂਗਰਸ ਪਾਰਟੀ ਦੇ ਆਗੂ ਜਸਪਾਲ ਸਿੰਘ ਭੁੱਟੋ ਸਰਪੰਚ ਚੁਣੇ ਗਏ ਹਨ| ਬਲਾਕ ਖਡੂਰ ਸਾਹਿਬ ਦੇ ਪਿੰਡ ਬੋਦਲ ਕੀੜੀ ਤੋਂ ਸੁਜਾਨ ਸਿੰਘ ਨੂੰ ਸਰਪੰਚ ਚੁਣਿਆ ਗਿਆ ਹੈ|
ਸ਼ਾਹਕੋਟ (ਗੁਰਮੀਤ ਖੋਸਲਾ): ਬਲਾਕ ਸ਼ਾਹਕੋਟ ਵਿੱਚ ਪੰਚਾਇਤੀ ਚੋਣਾਂ ਦਾ ਅਮਲ ਸ਼ਾਂਤੀਪੂਰਵਕ ਨੇਪਰੇ ਚੜ੍ਹ ਗਿਆ। ਸਵੇਰ ਤੋਂ ਹੀ ਕਈ ਪਿੰਡਾਂ ਵਿਚ ਲੰਬੀਆਂ ਲਾਈਨਾਂ ਲੱਗਣਗੀਆਂ ਸ਼ੁਰੂ ਹੋ ਗਈਆਂ ਹਨ। ਦੁਪਹਿਰ 2 ਵਜੇ ਤੱਕ ਬਲਾਕ ’ਚ 41.69 ਫੀਸਦੀ ਪੋਲਿੰਗ ਹੋਈ ਸੀ।
ਕਰਤਾਰਪੁਰ (ਗੁਰਨੇਕ ਸਿੰਘ ਵਿਰਦੀ): ਜਲੰਧਰ ਪੱਛਮੀ ਬਲਾਕ ਦੇ ਪਿੰਡਾਂ ਵਿੱਚ ਵੋਟਾਂ ਅਮਨ ਅਮਾਨ ਨਾਲ ਪਈਆਂ। ਪਿੰਡਾਂ ਦੇ ਲੋਕਾਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਵੋਟਾਂ ਪਾਈਆਂ।
ਭੋਗਪੁਰ (ਬਲਵਿੰਦਰ ਸਿੰਘ ਭੰਗੂ): ਬਲਾਕ ਭੋਗਪੁਰ ਵਿੱਚ ਪੰਚਾਇਤੀ ਚੋਣਾਂ ਦੌਰਾਨ ਲੋਕਾਂ ਨੇ ਉਤਸ਼ਾਹ ਨਾਲ ਵੋਟਾਂ ਪਾਈਆਂ।
ਪੰਚਾਇਤੀ ਚੋਣਾਂ ’ਚ ਥਾਂ-ਥਾਂ ਧਾਂਦਲੀ ਹੋਈ: ਔਜਲਾ
ਅੰਮ੍ਰਿਤਸਰ (ਟਨਸ): ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੱਜ ਪੰਚਾਇਤੀ ਚੋਣਾਂ ਵਿੱਚ ਥਾਂ-ਥਾਂ ਹੋਈਆਂ ਧਾਂਦਲੀਆਂ ਹੋਣ ਦਾ ਦੋਸ਼ ਲਾਇਆ ਅਤੇ ਇਸ ਸਬੰਧੀ ਚੋਣ ਅਬਜ਼ਰਵਰ ਹਰਪ੍ਰੀਤ ਸਿੰਘ ਸੂਦਨ ਅਤੇ ਡੀਸੀ ਸਾਕਸ਼ੀ ਸਾਹਨੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਪਿੰਡਾਂ ਦੇ ਨਾਵਾਂ ਸਮੇਤ ਲਿਖਤੀ ਸ਼ਿਕਾਇਤ ਕਰਦਿਆਂ ਕਿਹਾ ਕਿ ਜੇਕਰ ਕਾਨੂੰਨ ਅਨੁਸਾਰ ਕਾਰਵਾਈ ਨਾ ਹੋਈ ਤਾਂ ਉਹ ਕਾਂਗਰਸ ਹਾਈਕਮਾਂਡ ਨੂੰ ਮਿਲ ਕੇ ਹਾਈ ਕੋਰਟ ਤੱਕ ਪਹੁੰਚ ਕਰਨਗੇ। ਸੰਸਦ ਮੈਂਬਰ ਨੇ ਦੋਸ਼ ਲਾਇਆ ਹੈ ਕਿ ਪੰਚਾਇਤੀ ਚੋਣਾਂ ਵਿੱਚ ਧਾਂਦਲੀਆਂ ਹੋਈਆਂ ਹਨ। ਕਈ ਪਿੰਡਾਂ ਵਿੱਚ ਉਨ੍ਹਾਂ ਦੇ ਆਦਮੀਆਂ ਨੂੰ ਉਨ੍ਹਾਂ ਦੇ ਬੂਥਾਂ ਤੋਂ ਬਾਹਰ ਕੱਢ ਦਿੱਤਾ ਗਿਆ, ਲੜਾਈਆਂ ਹੋਈਆਂ ਅਤੇ ਗੋਲੀਆਂ ਵੀ ਚਲਾਈਆਂ ਗਈਆਂ। ਇਸ ਤੋਂ ਬਾਅਦ ਸ਼ਾਮ ਨੂੰ ਜਦੋਂ ਨਤੀਜੇ ਦਾ ਸਮਾਂ ਆਇਆ ਤਾਂ ਮਾਹੌਲ ਨੂੰ ਜਾਣਬੁੱਝ ਕੇ ਤਣਾਅਪੂਰਨ ਬਣਾ ਦਿੱਤਾ ਗਿਆ ਜਿੱਥੇ ਉਨ੍ਹਾਂ ਦੇ ਸਮਰਥਕ ਅਗਵਾਈ ਕਰ ਰਹੇ ਹਨ, ਉੱਥੇ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਸਰਟੀਫਿਕੇਟ ਵੀ ਨਹੀਂ ਦਿੱਤੇ ਜਾ ਰਹੇ ਹਨ।
ਚੋਣ ਡਿਊਟੀ ’ਤੇ ਅਧਿਆਪਕ ਦੀ ਮੌਤ
ਜਲੰਧਰ (ਪੱਤਰ ਪ੍ਰੇਰਕ): ਜ਼ਿਲ੍ਹੇ ਦੇ ਆਦਮਪੁਰ ਬਲਾਕ ਦੇ ਪਿੰਡ ਅਰਜਨਵਾਲ ਵਿੱਚ ਪੰਚਾਇਤੀ ਚੋਣਾਂ ਲਈ ਡਿਊਟੀ ’ਤੇ ਗਏ ਸਕੂਲ ਅਧਿਆਪਕ ਅਰਮਿੰਦਰ ਸਿੰਘ ਦੀ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਹ ਪਿੰਡ ਧੁਦਿਆਲ (ਜਲੰਧਰ) ਦੇ ਸਕੂਲ ਵਿੱਚ ਪੜ੍ਹਾਉਂਦਾ ਸੀ ਅਤੇ ਫਾਜ਼ਲਿਕਾ ਜ਼ਿਲ੍ਹੇ ਦਾ ਵਸਨੀਕ ਸੀ। ਜੰਡੂਸਿੰਘਾ ਪੁਲੀਸ ਚੌਕੀ ਇੰਚਾਰਜ ਯੰਗਬਹਾਦਰ ਨੇ ਦੱਸਿਆ ਕਿ ਉਨ੍ਹਾਂ ਨੂੰ ਦੇਰ ਰਾਤ ਇਸ ਸਬੰਧੀ ਫੋਨ ਆਇਆ ਸੀ ਤੇ ਮ੍ਰਿਤਕ ਅਧਿਆਪਕ ਅਰਮਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਦੀ ਇਤਲਾਹ ਦਿੱਤੀ ਗਈ।