ਪੰਚਾਇਤੀ ਚੋਣਾਂ: ਸ਼ੇਰਪੁਰ ਬਲਾਕ ਦੇ ਕਈ ਪਿੰਡਾਂ ’ਚ ਵਿਆਹ ਵਰਗਾ ਮਾਹੌਲ
ਬੀਰਬਲ ਰਿਸ਼ੀ
ਸ਼ੇਰਪੁਰ, 10 ਅਕਤੂਬਰ
ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਸ਼ੇਰਪੁਰ ਬਲਾਕ ਦੇ ਕਈ ਪਿੰਡਾਂ ਵਿੱਚ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਹਰ ਹੀਲੇ ਸਰਪੰਚੀ ਲੈਣ ਦੀ ਚਾਹਤ ਰੱਖਣ ਵਾਲੇ ਪਰਿਵਾਰ ਇਨ੍ਹਾਂ ਨੂੰ ਵੱਕਾਰ ਦਾ ਸਵਾਲ ਬਣਾ ਕੇ ਆਮ ਵੋਟਰਾਂ ਨੂੰ ਭਰਮਾਉਣ ਲਈ ਲੱਖਾਂ ਰੁਪਏ ਪਾਣੀ ਦੀ ਤਰ੍ਹਾਂ ਵਹਾਏ ਜਾ ਰਹੇ ਹਨ। ਸ਼ੇਰਪੁਰ ਤੋਂ ਪੰਜਗਰਾਈਆਂ ਸੜਕ ’ਤੇ ਦੋ ਨਾਵਾਂ ਵਾਲਾ ਪਿੰਡ (ਜਿੱਥੇ ਬਹੁਤੇ ਲੋਕ ਬਾਹਰੋਂ ਆ ਕੇ ਵਸੇ ਹੋਏ ਹਨ) ਪੂਰੇ ਇਲਾਕੇ ਵਿੱਚ ਇਸ ਕਰਕੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿਉਂਕਿ ਇੱਥੇ ਇਸਤਰੀ ਜਨਰਲ ਲਈ ਰਾਖਵੀਂ ਸਰਪੰਚੀ ਲਈ ਚੰਗੇ ਪਰਿਵਾਰਾਂ ਦੋ ਬੀਬੀਆਂ ਆਹਮੋ-ਸਾਹਮਣੇ ਹਨ। ਘਰਾਂ ’ਚ ਟੈਂਟ ਲਾ ਕੇ ਪਿਆਕੜਾਂ ਨੂੰ ਦਾਰੂ ਤਾਂ ਬਹੁਤੇ ਪਿੰਡਾਂ ਵਿੱਚ ਆਮ ਚੱਲ ਰਹੀ ਹੈ, ਪਰ ਇੱਥੇ ਵਿਲੱਖਣਤਾ ਇਹ ਹੈ ਕਿ ਆਮ ਔਰਤਾਂ, ਬਜ਼ੁਰਗਾਂ ਅਤੇ ਦਾਰੂ ਮੀਟ ਦਾ ਸੇਵਨ ਨਾ ਕਰਨ ਵਾਲਿਆਂ ਦਾ ਖਾਸ ਧਿਆਨ ਰੱਖਦਿਆਂ ਟਰਾਲੀਆਂ ਰਾਹੀਂ ਠੰਡੇ, ਬਰੈੱਡ ਪਕੌੜੇ, ਆਲੂ ਪਕੌੜੇ ਅਤੇ ਜਲੇਬੀਆਂ ਨੂੰ ਘਰੋਂ-ਘਰੀਂ ਪਹੁੰਚਾਇਆ ਜਾ ਰਿਹਾ ਹੈ। ਇੱਕ ਧਿਰ ਦੀ ਇਸ ਕਾਰਵਾਈ ਮਗਰੋਂ ਦੂਜੀ ਧਿਰ ਉਸ ਤੋਂ ਵੀ ਵਧ ਕੇ ਖਾਣ-ਪੀਣ ਦੀਆਂ ਵਸਤਾਂ ਵੰਡ ਰਹੀ ਹੈ। ਇੱਕ ਉਮੀਦਵਾਰ ਦੇ ਸਕੇ ਸਬੰਧੀ ਨੇ ਸੰਪਰਕ ਕਰਨ ’ਤੇ ਪੁਸ਼ਟੀ ਕਰਦਿਆਂ ਦੱਸਿਆ ਕਿ ਉਨ੍ਹਾਂ ਪੰਜਾਹ ਹਜ਼ਾਰ ਤੋਂ ਵੱਧ ਦੇ ਠੰਡੇ, ਤਕਰੀਬਨ 15 ਕੁਇੰਟਲ ਕੇਲੇ ਮੰਗਵਾਏ ਅਤੇ ਬਰੈੱਡ ਪਕੌੜਿਆਂ ਲਈ ਬਾਕਾਇਦਾ ਹਲਵਾਈ ਲਾਏ ਹੋਏ ਹਨ।
ਇੱਥੇ ਹੀ ਬੱਸ ਨਹੀਂ ਉਮੀਦਵਾਰ ਦੇ ਇੱਕ ਕੱਟੜ ਸਮਰਥਕ ਨੇ ਅਗਲੇ ਦਿਨਾਂ ਵਿੱਚ ਪਨੀਰ ਪਕੌੜਾ ਅਤੇ ਗੁਲਾਬ ਜ਼ਾਮਨ ਚਲਾਉਣ ਤਜਵੀਜ਼ ਦਾ ਵੀ ਖੁਲਾਸਾ ਕੀਤਾ। ਪਿੰਡ ਦੇ ਵੋਟਰਾਂ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਨ੍ਹਾਂ ਖੁੱਲ੍ਹਕੇ ਦੱਸਿਆ ਕਿ ਜਦੋਂ ਕੋਈ ਦਾਰੂ ਪੀ ਕੇ ਘਰ ਜਾਂਦਾ ਹੈ ਤਾਂ ਘਰ ’ਚ ਕਲੇਸ਼ ਹੁੰਦਾ ਹੈ ਜਿਸ ਕਰਕੇ ਉਮੀਦਵਾਰਾਂ ਨੇ ਘਰਾਂ ਵਿੱਚ ਬੈਠੇ ਪਰਿਵਾਰਕ ਮੈਂਬਰਾਂ ਲਈ ਅਜਿਹੀਆਂ ਖਾਣ ਵਾਲੀਆਂ ਵਸਤਾਂ ਦੇਣ ਮਨ ਬਣਾਇਆ।