ਪੰਚਾਇਤੀ ਚੋਣਾਂ: ਚੋਣ ਨਿਗਰਾਨ ਦੇ ਭਰੋਸੇ ਮਗਰੋਂ ਵੜਿੰਗ ਵੱਲੋਂ ਧਰਨਾ ਸਮਾਪਤ
ਗੁਰਸੇਵਕ ਸਿੰਘ ਪ੍ਰੀਤ/ਜਸਵੀਰ ਸਿੰਘ ਭੁੱਲਰ
ਸ੍ਰੀ ਮੁਕਤਸਰ ਸਾਹਿਬ/ਦੋਦਾ, 10 ਅਕਤੂਬਰ
ਪੰਚਾਇਤ ਚੋਣਾਂ ਵਿੱਚ ਹਲਕਾ ਗਿੱਦੜਬਾਹਾ ਅਧੀਨ ਆਉਂਦੇ 52 ਪਿੰਡਾਂ ਵਿੱਚੋਂ 29 ਪਿੰਡਾਂ ਦੇ ਸਰਪੰਚ ਤੇ ਪੰਚਾਂ ਦੇ ਨਾਮਜ਼ਦਗੀ ਪੱਤਰ ਕਥਿਤ ਤੌਰ ’ਤੇ ਜਬਰੀ ਰੱਦ ਕਰਨ ਦੇ ਮਾਮਲੇ ’ਚ ਐੱਸਡੀਐੱਮ ਦਫਤਰ ਮੂਹਰੇ ਧਰਨੇ ’ਤੇ ਬੈਠੇ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਹੋਰਾਂ ਵੱਲੋਂ ਚੋਣ ਨਿਗਰਾਨ ਮਾਲਵਿੰਦਰ ਸਿੰਘ ਜੱਗੀ ਦੇ ਭਰੋਸੇ ਮਗਰੋਂ ਹਾਲ ਦੀ ਘੜੀ ਧਰਨਾ ਸਮਾਪਤ ਕਰ ਦਿੱਤਾ ਗਿਆ। ਰਾਜਾ ਵੜਿੰਗ ਨੇ ਕਿਹਾ ਕਿ ਉਨ੍ਹਾਂ ਨੂੰ ਚੋਣ ਕਮਿਸ਼ਨ ’ਤੇ ਪੂਰਾ ਭਰੋਸਾ ਹੈ ਪਰ ਫਿਰ ਵੀ ਜੇ ਇਨਸਾਫ ਨਾ ਮਿਲਿਆ ਤਾਂ ਉਹ ਮੁੜ ਧਰਨੇ ’ਤੇ ਬੈਠਣਗੇ। ਚੋਣ ਨਿਗਰਾਨ ਨੇ ਧਰਨੇ ਵਾਲੀ ਜਗ੍ਹਾ ਪਹੁੰਚ ਕੇ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਸ਼ਿਕਾਇਤ ਚੋਣ ਕਮਿਸ਼ਨ ਕੋਲ ਪੁੱਜ ਗਈ ਹੈ।
ਗਿੱਦੜਬਾਹਾ ਦੇ ਐੱਸਡੀਐੱਮ ਅਤੇ ਚਾਰ ਰਿਟਰਨਿੰਗ ਅਫਸਰਾਂ ਨੂੰ ਸਾਰੇ ਰਿਕਾਰਡ ਸਣੇ ਚੰਡੀਗੜ੍ਹ ਵਿਚ ਚੋਣ ਕਮਿਸ਼ਨ ਨੇ ਤਲਬ ਕੀਤਾ ਹੈ। ਰਿਕਾਰਡ ਦੀ ਜਾਂਚ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ। ਹਲਕਾ ਗਿੱਦੜਬਾਹਾ ਵਿਚਲੇ ਪਿੰਡ ਖਿੜਕੀਆਂ ਵਾਲਾ ਦੇ ਸਰਪੰਚ ਦੇ ਉਮਦੀਵਾਰ ਖੁਸ਼ਿਵੰਦਰ ਸਿੰਘ ਗਿੱਲ ਨੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਅਦਾਲਤ ਵੱਲੋਂ ਸਮੁੱਚੇ ਪਿੰਡ ਦੀ ਪੰਚਾਇਤੀ ਚੋਣ ਉਤੇ ਰੋਕ ਲਗਾ ਦਿੱਤੀ ਗਈ ਹੈ। ਸਰਪੰਚ ਦੇ ਉਮੀਦਵਾਰ ਦੇ ਹਮਾਇਤੀਆਂ ਨੇ ਅੱਜ ਇਕੱਠ ਕੀਤਾ, ਜਿਸ ਵਿੱਚ ਰਾਜਾ ਵੜਿੰਗ ਨੇ ਕਿਹਾ ਇਕ ਵੀ ਉਮੀਦਵਾਰ ਨਾਲ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੀਟਿੰਗ ਉਪਰੰਤ ਰਾਜਾ ਵੜਿੰਗ ਦੀ ਅਗਵਾਈ ਹੇਠ ਪਿੰਡ ਦੀ ਫਿਰਨੀ ਉਤੇ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਆਗੂਆਂ ਖਿਲਾਫ ਰੋਸ ਮਾਰਚ ਕੀਤਾ ਗਿਆ।
ਧੱਕੇਸ਼ਾਹੀਆਂ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ
ਸੂਬਾ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਮੁਕਤਸਰ ਵਿਚ ਐੱਸਐੱਸਪੀ ਦਫਤਰ ’ਚ ਜ਼ਿਲ੍ਹਾ ਪੁਲੀਸ ਮੁਖੀ ਨੂੰ ਹਲਫੀਆ ਬਿਆਨ ਦਿੱਤਾ ਤੇ ਪੰਚਾਇਤ ਚੋਣਾਂ ਵਿਚ ਧੱਕੇਸ਼ਾਹੀਆਂ ਕਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਗਿੱਦੜਬਾਹਾ ਹਲਕੇ ਦੇ 67 ਪਟੀਸ਼ਨਰਾਂ ਦੀ ਰਿੱਟ ਹਾਈਕੋਰਟ ਵਿੱਚ ਦਾਖਲ ਹੋ ਚੁੱਕੀ ਹੈ ਤੇ ਹੋਰ ਵੀ ਤਿਆਰ ਹਨ। ਪਿੰਡ ਖਿੜਕੀਆਂਵਾਲਾ ਦੇ ਪਟੀਸ਼ਨਰ ਖੁਸ਼ਿਵੰਦਰ ਸਿੰਘ ਖੁਸ਼ਾ ਦੀ ਰਿੱਟ ਦੇ ਆਧਾਰ ’ਤੇ ਇਸ ਪਿੰਡ ਦੀ ਚੋਣ ਰੱਦ ਕਰ ਦਿੱਤੀ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਨਾਮਜ਼ਦਗੀਆਂ ਦੇ ਕਾਗਜ਼ ਦਾਖਲ ਕਰਨ ਦੀ ਰਸੀਦ, ਕਾਗਜ਼ ਸਹੀ ਹੋਣ ਦੀ ਰਸੀਦ ਅਤੇ ਚੋਣ ਨਿਸ਼ਾਨ ਅਲਾਟ ਕਰਨ ਦੇ ਸਬੂਤ ਹੋਣ ਦੇ ਬਾਵਜੂਦ ਨਾਮਜ਼ਦਗੀਆਂ ਰੱਦ ਕੀਤੀਆਂ ਗਈਆਂ ਹਨ। ਇਸ ਦੌਰਾਨ ਜ਼ਿਲ੍ਹਾ ਪੁਲੀਸ ਮੁਖੀ ਤੁਸ਼ਾਰ ਗੁਪਤਾ ਵੱਲੋਂ ਐੱਸਪੀ (ਐਚ) ਕਮਲਪ੍ਰੀਤ ਸਿੰਘ ਚਾਹਲ ਨੂੰ ਇਹ ਮਾਮਲਾ ਸੌਂਪਦਿਆਂ ਪੜਤਾਲ ਕਰਕੇ ਕਾਰਵਾਈ ਕਰਨ ਲਈ ਹੁਕਮ ਦਿੱਤਾ।