Panchayat Elections: ਪੰਜਾਬ ਵਿੱਚ ਗ੍ਰਾਮ ਪੰਚਾਇਤਾਂ ਲਈ ਵੋਟਿੰਗ ਜਾਰੀ
ਚੰਡੀਗੜ੍ਹ, 15 ਅਕਤੂਬਰ
Panchayat Elections: ਸੂਬੇ ਵਿੱਚ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਗ੍ਰਾਮ ਪੰਚਾਇਤਾਂ ਵਿਚ 'ਸਰਪੰਚ' ਅਤੇ 'ਪੰਚ' ਦੇ ਅਹੁਦਿਆਂ ਲਈ ਬੈਲਟ ਬਾਕਸਾਂ ਰਾਹੀਂ ਵੋਟਾਂ ਪੈਣ ਦਾ ਕੰਮ ਸਵੇਰੇ 8 ਵਜੇ ਸ਼ੁਰੂ ਹੋ ਗਿਆ ਹੈ ਅਤੇ ਸ਼ਾਮ 4 ਵਜੇ ਤੱਕ ਜਾਰੀ ਰਹੇਗਾ। ਅਧਿਕਾਰੀਆਂ ਨੇ ਦੱਸਿਆ ਕਿ ਪੋਲਿੰਗ ਤੋਂ ਬਾਅਦ ਪੋਲਿੰਗ ਸਟੇਸ਼ਨਾਂ ’ਤੇ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਚੋਣਾਂ ਲਈ 19,110 ਪੋਲਿੰਗ ਬੂਥ ਹਨ, ਜਿਨ੍ਹਾਂ ਵਿੱਚੋਂ 1,187 ਨੂੰ ਅਤਿ ਸੰਵੇਦਨਸ਼ੀਲ ਵਜੋਂ ਚੁਣਿਆ ਗਿਆ ਹੈ।
ਸੂਬੇ ਵਿਚ ਵਿੱਚ 13,225 ਗ੍ਰਾਮ ਪੰਚਾਇਤਾਂ ਹਨ। ਇਕ ਅਧਿਕਾਰੀ ਅਨੁਸਾਰ 9,398 ਗ੍ਰਾਮ ਪੰਚਾਇਤਾਂ ‘ਸਰਪੰਚ’ ਦੀ ਚੋਣ ਕਰਨਗੀਆਂ। ਅਧਿਕਾਰੀਆਂ ਨੇ ਦੱਸਿਆ ਕਿ ‘ਸਰਪੰਚ’ ਦੇ ਅਹੁਦੇ ਲਈ 3,798 ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲਾ ਚੁਣੇ ਜਾ ਚੁੱਕੇ ਹਨ।ਇਸ ਚੋਣ ਲਈ ਕੁੱਲ 1.33 ਕਰੋੜ ਰਜਿਸਟਰਡ ਵੋਟਰ ਹਨ। ਅਧਿਕਾਰੀਆਂ ਨੇ ਦੱਸਿਆ ਕਿ 'ਸਰਪੰਚ' ਦੇ ਅਹੁਦਿਆਂ ਲਈ 25,588 ਉਮੀਦਵਾਰ ਹਨ ਅਤੇ 'ਪੰਚ' ਦੇ ਅਹੁਦਿਆਂ ਲਈ 80,598 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਚੋਣ ਡਿਊਟੀ 'ਤੇ ਕਰੀਬ 96,000 ਕਰਮਚਾਰੀ ਤੈਨਾਤ ਕੀਤੇ ਗਏ ਹਨ।
ਸਵੇਰ ਤੋਂ ਹੀ ਕਈ ਪੋਲਿੰਗ ਬੂਥਾਂ ਦੇ ਬਾਹਰ ਬਜ਼ੁਰਗ, ਔਰਤਾਂ ਅਤੇ ਨੌਜਵਾਨ ਕਤਾਰਾਂ ਵਿੱਚ ਖੜ੍ਹੇ ਵੇਖੇ ਗਏ। ਵਿਧਾਨ ਸਭਾ ਵੱਲੋਂ ਪਿਛਲੇ ਮਹੀਨੇ ਪਾਸ ਕੀਤੇ ਗਏ ਪੰਜਾਬ ਪੰਚਾਇਤੀ ਰਾਜ (ਸੋਧ) ਬਿੱਲ, 2024 ਦੇ ਨਤੀਜੇ ਵਜੋਂ ਸਿਆਸੀ ਪਾਰਟੀਆਂ ਦੇ ਚੋਣ ਨਿਸ਼ਾਨ ਤੋਂ ਬਿਨਾਂ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਪੀਟੀਆਈ
ਉਧਰ ਜ਼ਿਲ੍ਹਾ ਬਠਿੰਡਾ ਤੋਂ ਪ੍ਰਾਪਤ ਪੱਤਰਕਾਰ ਮਨੋਜ ਸ਼ਰਮਾ ਦੀ ਰਿਪੋਰਟ ਅਨੁਸਾਰ ਸਰਪੰਚੀ ਦੀਆਂ ਚੋਣਾਂ ਮੌਕੇ ਪਿੰਡਾਂ ਵਿਚ ਵਿਆਹ ਵਰਗਾ ਉਤਸ਼ਾਹ ਬਣਿਆ ਹੋਇਆ ਹੈ। ਵੋਟਰ ਸਵੇਰੇ 8 ਵਜੇ ਹੀ ਲਾਈਨਾ ਵਿੱਚ ਪੁੱਜ ਕੇ ਅਪਣੀ ਵਾਰੀ ਦੀ ਉਡੀਕ ਕਰਨ ਲੱਗੇ। ਗੌਰਤਲਬ ਹੈ ਕਿ ਬਠਿੰਡਾ ਜ਼ਿਲ੍ਹੇ ਦੀਆਂ 318 ਗ੍ਰਾਮ ਪੰਚਾਇਤਾਂ ਵਿੱਚੋਂ 37 ਗ੍ਰਾਮ ਪੰਚਾਇਤਾਂ ਦੀ ਸਰਬਸੰਮਤੀ ਹੋ ਗਈ ਹੈ ਅਤੇ ਬਾਕੀ 281 ਗ੍ਰਾਮ ਪੰਚਾਇਤਾਂ ਲਈ ਵੋਟਿੰਗ ਹੋ ਰਹੀ ਹੈ। ਸਵੇਰੇ 9.30 ਵਜੇ ਤੱਕ ਕਈ ਪਿੰਡਾਂ ਵਿੱਚ 18 ਫੀਸਦੀ ਵੋਟਾਂ ਦਾ ਭਗਤਾਨ ਹੋ ਚੁੱਕਾ ਹੈ।
ਜ਼ਿਲ੍ਹਾ ਪਟਿਆਲਾ ਤੋਂ ਸਰਬਜੀਤ ਭੰਗੂ ਦੀ ਰਿਪੋਰਟ ਅਨੁਸਾਰ ਜ਼ਿਲ੍ਹੇ ਵਿੱਚ ਸਰਪੰਚੀ ਤੇ ਪੰਚੀ ਦੀਆਂ ਵੋਟਾਂ ਦਾ ਕੰਮ ਅਮਨ-ਅਮਾਨ ਨਾਲ ਜਾਰੀ ਹੈ। ਲੋਕ ਪੂਰਨ ਉਤਸ਼ਾਹ ਨਾਲ ਵੋਟਾਂ ਪਾ ਰਹੇ ਹਨ। ਇਸੇ ਦੌਰਾਨ ਸਥਿਤੀ ਦਾ ਜਾਇਜਾ ਲੈਣ ਲਈ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਪਟਿਆਲਾ ਜ਼ਿਲ੍ਹੇ ਵਿੱਚ ਵੱਖ ਵੱਖ ਪਿੰਡਾਂ ਵਿੱਚ ਬਣੇ ਪੋਲਿੰਗ ਬੂਥਾਂ ਦਾ ਦੌਰਾ ਕੀਤਾ। ਇਸ ਮੌਕੇ ਜਿੱਥੇ ਉਹਨਾਂ ਨੇ ਵੋਟਰਾਂ ਨਾਲ ਗੱਲਬਾਤ ਕੀਤੀ ਉੱਥੇ ਹੀ ਚੋਣ ਅਮਲੇ ਤੋਂ ਵੀ ਸਥਿਤੀ ਦੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਚੜ੍ਹ ਕੇ ਵੋਟਾਂ ਪਾਉਣ। ਇਸੇ ਦੌਰਾਨ ਪਟਿਆਲਾ ਦੇ ਐਸਐਸਪੀ ਡਾ ਨਾਨਕ ਸਿੰਘ ਨੇ ਵੀ ਵੱਖ ਵੱਖ ਪਿੰਡਾਂ ਦਾ ਦੌਰਾ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜਾ ਲਿਆ।