ਪੰਚਾਇਤੀ ਚੋਣਾਂ: ਹਥਿਆਰ ਖੋਹਣ ਤੇ ਹੱਤਿਆ ਦੇ ਦੋਸ਼ ਹੇਠ ਦੋ ਉਮੀਦਵਾਰ ਗ੍ਰਿਫ਼ਤਾਰ
ਮਹਿੰਦਰ ਸਿੰਘ ਰੱਤੀਆਂ
ਮੋਗਾ, 18 ਅਕਤੂਬਰ
ਪੰਚਾਇਤੀ ਚੋਣਾਂ ਦੌਰਾਨ ਕਈ ਪਿੰਡਾਂ ’ਚ ਸਰਪੰਚ ਬਣਨ ਦੇ ਚਾਹਵਾਨਾਂ ਨੂੰ ਝਟਕਾ ਲੱਗਿਆ ਹੈ। ਦੋ ਸਰਪੰਚੀ ਉਮੀਦਵਾਰਾਂ ਨੂੰ, ਕਿਸਮਤ ਧੋਖਾ ਦੇ ਗਈ। ਉਨ੍ਹਾਂ ਦੀ ਸਰਪੰਚ ਬਣਨ ਦੀਆਂ ਸੱਧਰਾਂ ਵੀ ਪੂਰੀਆਂ ਨਹੀਂ ਹੋਈਆਂ ਸਗੋਂ ਇੱਕ ਉਮੀਦਵਾਰ ਹੱਤਿਆ ਕੇਸ ’ਚ ਫ਼ਸ ਗਿਆ ਤੇ ਦੂਜਾ ਸਿਪਾਹੀ ਤੋਂ ਏਕੇ 47 ਖੋਹਣ ਦੋਸ਼ ਹੇਠ ਪੁਲੀਸ ਨੇ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ। ਪਿੰਡ ਕੋਟਲਾ ਮੇਹਰ ਸਿੰਘ ਵਾਲਾ ਵਿੱਚ ਪੋਲਿੰਗ ਦੌਰਾਨ ਚੱਲੀ ਗੋਲੀ ਨਾਲ ਜ਼ਖ਼ਮੀ ਵਿਅਕਤੀ ਦੀ ਡੀਐੱਮਸੀ ਹਸਪਤਾਲ ਲੁਧਿਆਣਾ ਵਿੱਚ ਮੌਤ ਹੋ ਗਈ। ਥਾਣਾ ਬਾਘਾਪੁਰਾਣਾ ਮੁਖੀ ਇੰਸਪੈਕਟਰ ਜਸਵਰਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਕੋਟਲਾ ਮੇਹਰ ਸਿੰਘ ਵਾਲਾ ਵਿੱਚ ਪੋਲਿੰਗ ਦੌਰਾਨ ਚੱਲੀ ਗੋਲੀ ਨਾਲ ਜ਼ਖ਼ਮੀ ਵਿਅਕਤੀ ਹਰੀ ਚਰਨ ਸਿੰਘ ਪਿੰਡ ਰੇੜਵਾਂ ਥਾਣਾ ਧਰਮਕੋਟ ਦੀ ਮੌਤ ਹੋਣ ਉੱਤੇ ਇਸ ਪਿੰਡ ਵਿਚ ਚੋਣ ਹਾਰੇ ਸਰਪੰਚ ਉਮੀਦਵਾਰ ਗੁਰਪ੍ਰੀਤ ਸਿੰਘ ਤੇ ਹੋਰਾਂ ਖ਼ਿਲਾਫ਼ ਦਰਜ ਐੱਫ਼ਆਈਆਰ ਵਿਚ ਹੱਤਿਆ ਦੀ ਧਾਰਾ ਜੋੜ ਦਿੱਤੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪਿੰਡ ਬੁੱਧ ਸਿੰਘ ਵਾਲਾ ’ਚ ਸਿਪਾਹੀ ਕਰਮਦੀਪ ਸਿੰਘ ਦੀ ਕੁੱਟਮਾਰ ਤੇ ਏਕੇ 47 ਖੋਹਣ ਦੋਸ਼ ਹੇਠ ਇਸ ਪਿੰਡ ਤੋਂ ਸਰਪੰਚ ਉਮੀਦਵਾਰ ਤੇ ਸਰਪੰਚ ਗੁਰਪ੍ਰੀਤ ਸਿੰਘ ਅਤੇ ਪੰਚ ਗੁਰਪ੍ਰੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਦੋਵੇਂ ਰਪਿੰਡ ਬੁੱਧ ਸਿੰਘ ਵਾਲਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਇਸ ਕੇਸ ਵਿਚ ਨਾਮਜ਼ਦ 60-65 ਅਣਪਛਾਤੇ ਮੁਲਜ਼ਮਾਂ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ। ਗ੍ਰਿਫ਼ਤਾਰ ਮੁਲਜ਼ਮਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਪਿੰਡ ਮਸੀਤਾਂ ’ਚ ਹੋਈ ਹੁਲੜਬਾਜ਼ੀ ਮਾਮਲੇ ’ਚ ਥਾਣਾ ਕੋਟ ਈਸੇ ਖਾਂ ਪੁਲੀਸ ਨੇ ਮੁਖਤਿਆਰ ਸਿੰਘ ਪਿੰਡ ਮਸੀਤਾਂ ਦੀ ਸ਼ਿਕਾਇਤ ਉੱਤੇ 30-35 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।