ਪੰਚਾਇਤੀ ਚੋਣਾਂ: ਨਾਮਜ਼ਦਗੀ ਕੇਂਦਰਾਂ ’ਚ ਲੱਗਿਆ ਤਾਂਤਾ
ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 4 ਅਕਤੂਬਰ
ਸੂਬੇ ਭਰ ਵਿੱਚ 15 ਅਕਤੂਬਰ ਨੂੰ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਦਾਖ਼ਲ ਕਰਨ ਦੇ ਅੱਜ ਅਖ਼ੀਰਲੇ ਦਿਨ ਸਰਪੰਚ-ਪੰਚ ਬਨਣ ਦੇ ਚਾਹਵਾਨ ਉਮੀਦਵਾਰਾਂ ਦਾ ਇੱਥੇ ਵੱਖ-ਵੱਖ ਥਾਵਾਂ ’ਤੇ ਬਣੇ ਨਾਮਜ਼ਦਗੀ ਕੇਂਦਰਾਂ ਵਿੱਚ ਕਾਗਜ਼ ਦਾਖ਼ਲ ਕਰਵਾਉਣ ਲਈ ਤਾਂਤਾ ਲੱਗਾ ਰਿਹਾ। ਅੱਜ ਨਾਮਜ਼ਦਗੀ ਕੇਂਦਰਾਂ ਵਿੱਚ ਲੋਕ ਸਵੇਰ ਤੋਂ ਹੀ ਪੁੱਜ ਗਏ। ਬਲਾਕ ਤਲਵੰਡੀ ਸਾਬੋ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਲਈ ਨਾਮਜ਼ਦਗੀਆਂ ਦਾਖ਼ਲ ਕਰਵਾਉਣ ਲਈ ਇੱਥੇ ਚਾਰ ਥਾਵਾਂ ’ਤੇ ਨਾਮਜ਼ਦਗੀ ਕੇਂਦਰ ਸਥਾਪਤ ਕੀਤੇ ਗਏ ਹਨ, ਜਿੱਥੇ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ।
ਨਾਮਜ਼ਦਗੀ ਕਾਗ਼ਜ਼ਾਂ ਦੀ ਪੜਤਾਲ ਭਲਕੇ ਪੰਜ ਅਕਤੂਬਰ ਨੂੰ ਤਿੰਨ ਵਜੇ ਤੱਕ ਹੋਵੇਗੀ ਤੇ ਇਸ ਤੋਂ ਬਾਅਦ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ। ਦੂਜੇ ਪਾਸੇ ਸਥਾਨਕ ਬੀਡੀਪੀਓ ਦਫ਼ਤਰ ਵਿਖੇ ਬਣਾਏ ਗਏ ਨਾਮਜ਼ਦਗੀ ਕੇਂਦਰ ਵਿੱਚ ਕਾਗ਼ਜ਼ ਭਰਨ ਆਏ ਉਮੀਦਵਾਰਾਂ ਦੇ ਬੈਠਣ ਲਈ ਕੋਈ ਯੋਗ ਪ੍ਰਬੰਧ ਨਾ ਹੋਣ ਕਰਕੇ ਲੋਕਾਂ ਨੂੰ ਪ੍ਰੇਸ਼ਾਨ ਹੋਣਾ ਪਿਆ।
ਸ਼ਹਿਣਾ (ਪ੍ਰਮੋਦ ਕੁਮਾਰ ਸਿੰਗਲਾ): ਬਲਾਕ ਸ਼ਹਿਣਾ ਦੇ ਵੱਖ ਵੱਖ ਪਿੰਡਾਂ ਚੋਣ ਪੰਚਾਇਤ ਚੋਣਾਂ ਲੜਨ ਦੇ ਚਾਹਵਾਨਾਂ ਉਮੀਦਵਾਰਾਂ ਦੀ ਬੀਡੀਪੀਓ ਦਫ਼ਤਰ ਸ਼ਹਿਣਾ ਵਿਖੇ ਕਾਫੀ ਭੀੜ ਦੇਖਣ ਨੂੰ ਮਿਲੀ ਅਤੇ ਬੀਡੀਪੀਓ ਦਫ਼ਤਰ ਦੇ ਬਾਹਰ ਮੇਲੇ ਵਰਗਾ ਮਾਹੌਲ ਬਣਿਆ ਰਿਹਾ। ਨਾਮਜ਼ਦਗੀ ਭਰਨ ਦੇ ਅੱਜ ਆਖਰੀ ਦਿਨ ਦਿਲਚਸਪ ਗੱਲ ਦੇਖਣ ਨੂੰ ਮਿਲੀ ਕਿ ਬਲਾਕ ਸ਼ਹਿਣਾ ਦੇ ਵੱਖ-ਵੱਖ ਪਿੰਡਾਂ ਵਿੱਚੋਂ ਪੰਚ-ਸਰਪੰਚ ਦੀ ਚੋਣ ਲੜਨ ਦੇ ਚਾਹਵਾਨਾਂ ਨੇ ਸਵੇਰੇ ਚਾਰ ਵਜੇ ਬਲਾਕ ਪੰਚਾਇਤ ਅਤੇ ਵਿਕਾਸ ਦਫ਼ਤਰ ਸ਼ਹਿਣਾ ਵਿਖੇ ਪਹੁੰਚ ਕੇ ਦਫ਼ਤਰ ਦਾ ਗੇਟ ਮੱਲ ਲਿਆ, ਜਦੋਂਕਿ ਸਬੰਧਿਤ ਅਧਿਕਾਰੀਆਂ ਨੇ ਫਾਈਲਾਂ ਜਮ੍ਹਾਂ ਕਰਵਾਉਣ ਲਈ 11 ਵਜੇ ਸ਼ੁਰੂ ਕੀਤੀਆਂ। ਜ਼ਿਕਰਯੋਗ ਹੈ ਕਿ ਕਸਬੇ ਸ਼ਹਿਣਾ ਦੇ 13 ਵਾਰਡਾਂ ’ਚੋਂ ਕਰੀਬ ਛੇ ਵਾਰਡਾਂ ਵਿੱਚ ਸਰਬਸੰਮਤੀ ਹੋ ਚੁੱਕੀ ਹੈ ਤੇ ਇੱਕ-ਦੋ ਵਾਰਡਾਂ ਵਿੱਚ ਸਰਬਸੰਮਤੀ ਹੋਣ ਮਗਰੋਂ ਸਰਬਸੰਮਤੀ ਟੁੱਟ ਗਈ ਅਤੇ ਕਈ ਉਮੀਦਵਾਰਾਂ ਮੈਦਾਨ ’ਚ ਆ ਚੁੱਕੇ ਹਨ। ਬਲਾਕ ਸ਼ਹਿਣਾ ਦੇ ਪਿੰਡ ਨੈਣੇਵਾਲ ਵਿੱਚ ਪੰਜਾਬ ਭਰ ’ਚੋਂ ਸਭ ਤੋਂ ਛੋਟੀ ਉਮਰ ਦੀ ਜਸਪ੍ਰੀਤ ਕੌਰ 21 ਸਾਲ ਸਰਪੰਚੀ ਲਈ ਚੋਣ ਮੈਦਾਨ ਹੈ।
ਮਹਿਲ ਕਲਾਂ (ਲਖਵੀਰ ਸਿੰਘ ਚੀਮਾ): ਮਹਿਲ ਕਲਾਂ ਬਲਾਕ ਦੇ 38 ਪਿੰਡਾਂ ਵਿੱਚ ਸਰਪੰਚੀ ਲਈ 189 ਅਤੇ ਪੰਚੀ ਲਈ 619 ਉਮੀਦਵਾਰਾਂ ਵਲੋਂ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਗਈਆਂ ਹਨ। ਅੱਜ ਸਵੇਰ ਤੋਂ ਸ਼ਾਮ ਤੱਕ ਬੀਡੀਪੀਓ ਦਫ਼ਤਰ ਮਹਿਲ ਕਲਾਂ ਵਿਖੇ ਨਾਮਜ਼ਦਗੀਆਂ ਭਰਨ ਵਾਲਿਆਂ ਦੀਆਂ ਲੱਗੀਆਂ ਲੰਮੀਆਂ ਕਤਾਰਾਂ ਲੱਗੀਆਂ ਰਹੀਆਂ।
ਐੱਸਡੀਐੱਮ ਹਰਕੰਵਲਜੀਤ ਸਿੰਘ ਨੇ ਦੱਸਿਆ ਕਿ ਨਾਮਜ਼ਦਗੀਆਂ ਦਾ ਕੰਮ ਅਮਨ ਸ਼ਾਂਤੀ ਨਾਲ ਨੇਪਰੇ ਚੜ੍ਹ ਗਿਆ ਹੈ। ਭਲਕੇ ਤੋਂ ਇਨ੍ਹਾਂ ਕਾਗ਼ਜ਼ਾਂ ਦੀ ਪੜਤਾਲ ਹੋਵੇਗੀ ਅਤੇ 7 ਨੂੰ ਉਮੀਦਵਾਰ ਆਪਣੇ ਕਾਗਜ਼ ਵਾਪਸ ਲੈ ਸਕਦੇ ਹਨ। ਇਸੇ ਤਰ੍ਹਾਂ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ। ਇਸ ਮੌਕੇ ਡੀਐੱਸਪੀ ਸੁਬੇਗ ਸਿੰਘ ਅਤੇ ਮਹਿਲ ਕਲਾਂ ਦੇ ਐੱਸਐੱਚਓ ਕਮਲਜੀਤ ਸਿੰਘ ਗਿੱਲ ਦੀ ਅਗਵਾਈ ਵਿੱਚ ਸੁਰੱਖਿਆ ਪ੍ਰਬੰਧਾਂ ਲਈ ਪੁਲੀਸ ਤਾਇਨਾਤ ਰਹੀ।
ਨਾਮਜ਼ਦਗੀਆਂ ਲਈ ਮੂੰਹ-ਹਨੇਰੇ ਹੀ ਦਫ਼ਤਰਾਂ ’ਚ ਪੁੱਜੇ ਉਮੀਦਵਾਰ
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਪੰਚਾਇਤ ਚੋਣਾਂ ਲਈ ਸਰਪੰਚ ਅਤੇ ਪੰਚਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਆਖਰੀ ਦਿਨ ਅੱਜ ਉਮੀਦਵਾਰ ਸਵੇਰੇ-ਸਵੇਰ ਕਤਾਰਾਂ ’ਚ ਲੱਗਣੇ ਸ਼ੁਰੂ ਹੋ ਗਏ ਸਨ। ਪ੍ਰਸ਼ਾਸਨ ਤਰਫ਼ੋਂ ਨਾਮਜ਼ਦਗੀ ਪੱਤਰ ਲੈਣ ਲਈ ਜਨਰਲ ਮੈਨੇਜਰ ਰੋਡਵੇਜ਼, ਖੁਰਾਕ ਸਪਲਾਈ ਅਫਸਰ, ਜੰਗਲਾਤ ਵਿਭਾਗ ਦੇ ਅਧਿਕਾਰੀ, ਪ੍ਰਿੰਸੀਪਲ ਅਤੇ ਪੰਜਾਬ ਵਰਕਸ ਵਿਭਾਗ ਸਣੇ ਹੋਰ ਕਈ ਵਿਭਾਗਾਂ ਦੇ ਅਧਿਕਾਰੀਆਂ ਦੀ ਡਿਊਟੀਆਂ ਲਾਈਆਂ ਸਨ ਤਾਂ ਜੋ ਕਾਗਜ਼ ਜਮ੍ਹਾਂ ਕਰਾਉਣ ਲਈ ਸਮਾਂ ਘੱਟ ਲੱਗੇ ਤੇ ਭੀੜ ਵੀ ਨਾ ਜੁੜੇ। ਇਸ ਦੌਰਾਨ ਇੱਕਾ-ਦੁੱਕਾ ਥਾਈਂ ਬਹਿਸ ਹੋਣ ਦੀ ਘਟਨਾ ਵਾਪਰਨ ਤੋਂ ਬਿਨਾਂ ਬਾਕੀ ਥਾਂ ਟਿਕ-ਟਿਕਾ ਹੀ ਰਿਹਾ।
ਅਕਾਲੀਆਂ ਨੇ ਪੁਲੀਸ ’ਤੇ ਨਾਮਜ਼ਦਗੀ ਪੱਤਰ ਦਾਖਲ ਨਾ ਕਰਨ ਦੇਣ ਦੇ ਦੋਸ਼ ਲਾਏ
ਧਰਮਕੋਟ (ਹਰਦੀਪ ਸਿੰਘ): ਫ਼ੂਡ ਸਪਲਾਈ ਵਿਭਾਗ ਦੇ ਧਰਮਕੋਟ ਸਥਿਤ ਦਫ਼ਤਰ ਦੇ ਬਾਹਰ ਅੱਜ ਸਵੇਰੇ ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਹੀ ਮਾਹੌਲ ਗਰਮਾ ਗਿਆ। ਪੰਚਾਇਤੀ ਚੋਣਾਂ ਲਈ ਸਰਪੰਚਾਂ ਪੰਚਾਂ ਦੀਆਂ ਨਾਮਜ਼ਦਗੀਆਂ ਦਾਖਲ ਕਰਨ ਦੇ ਅੱਜ ਆਖਰੀ ਦਿਨ ਵੱਡੀ ਗਿਣਤੀ ਵਿੱਚ ਜੁੜੇ ਲੋਕਾਂ ’ਤੇ ਪੁਲੀਸ ਦਾ ਡੰਡਾ ਚੱਲਿਆ। ਅਕਾਲੀ ਦਲ ਦੇ ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਅਤੇ ਲੋਕ ਸਭਾ ਹਲਕਾ ਫਰੀਦਕੋਟ ਦੇ ਇੰਚਾਰਜ ਰਾਜਵਿੰਦਰ ਸਿੰਘ ਧਰਮਕੋਟ ਨੇ ਪ੍ਰਸ਼ਾਸਨ ਉੱਤੇ ਵਿਰੋਧੀ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਦਾਖਲ ਨਾ ਕਰਨ ਦੇਣ ਦੇ ਮਕਸਦ ਨਾਲ ਡਰ ਦਾ ਮਾਹੌਲ ਪੈਦਾ ਕਰਨ ਦੇ ਦੋਸ਼ ਲਗਾਏ ਹਨ। ਅਕਾਲੀ ਆਗੂਆਂ ਦੱਸਿਆ ਕਿ ਪਿੰਡ ਲੁਹਾਰਾ ਅਤੇ ਖੋਸਾ ਰਣਧੀਰ ਦੇ ਉਨ੍ਹਾਂ ਦੇ ਸਮਰਥਕਾਂ ਪਾਸੋਂ ਬਲਾਕ ਕੋਟ ਈਸੇ ਖਾਂ ਵਿਖੇ ਨਾਮਜ਼ਦਗੀ ਦੀਆਂ ਫਾਇਲਾਂ ਖੋਹ ਲਈਆਂ ਗਈਆਂ ਹਨ ਅਤੇ ਉਨ੍ਹਾਂ ਦੀ ਕੁੱਟਮਾਰ ਵੀ ਕੀਤੀ ਗਈ ਹੈ। ਦੂਜੇ ਪਾਸੇ ਉਪ ਮੰਡਲ ਪੁਲਿਸ ਅਧਿਕਾਰੀ ਰਮਨਦੀਪ ਸਿੰਘ ਨੇ ਦੱਸਿਆ ਕਿ ਫੂਡ ਸਪਲਾਈ ਦਫ਼ਤਰ ਦੇ ਬਾਹਰ ਕੁਝ ਲੋਕ ਆਪਸ ਵਿੱਚ ਉਲਝੇ ਸਨ, ਇਸ ਲਈ ਪੁਲੀਸ ਨੂੰ ਸਖ਼ਤੀ ਕਰਨੀ ਪਈ। ਉਨ੍ਹਾਂ ਦੱਸਿਆ ਕਿ ਕੁਝ ਵਿਅਕਤੀਆਂ ਨੂੰ ਇਤਿਹਾਤ ਵਜੋਂ ਹਿਰਾਸਤ ਵਿੱਚ ਵੀ ਲਿਆ ਗਿਆ ਹੈ।