ਪੰਚਾਇਤੀ ਚੋਣਾਂ: ਲਾਊਡ ਸਪੀਕਰਾਂ ’ਤੇ ਪ੍ਰਚਾਰ ਦੀ ਪੈਣ ਲੱਗੀ ਗੂੰਜ
ਡਕਾਲਾ (ਮਾਨਵਜੋਤ ਭਿੰਡਰ): ਪੰਚਾਇਤੀ ਚੋਣਾਂ ’ਚ ਵੀ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਵਾਂਗ ਉਮੀਦਵਾਰਾਂ ਨੇ ਲਾਊਡ ਸਪੀਕਰਾਂ ’ਤੇ ਪ੍ਰਚਾਰ ਮੁਹਿੰਮ ਤੋਰ ਲਈ ਹੈ। ਕਈ ਥਾਵਾਂ ’ਤੇ ਸਰਪੰਚੀ ਦੇ ਉਮੀਦਵਾਰ ਸਪੀਕਰਾਂ ਦੀ ਪ੍ਰਵਾਨਗੀ ਲੈਣ ਦੀ ਹੋੜ ’ਚ ਦੱਸੇ ਜਾ ਰਹੇ ਹਨ। ਸਥਾਨਕ ਇਲਾਕੇ ਦੇ ਪਿੰਡ ਸੂਲਰ ਵਿੱਚ ਵੀ ਸਰਪੰਚੀ ਦੇ ਉਮੀਦਵਾਰਾਂ ਵੱਲੋਂ ਲਾਊਡ ਸਪੀਕਰਾਂ ਜ਼ਰੀਏ ਪ੍ਰਚਾਰ ਕੀਤਾ ਜਾ ਰਿਹਾ ਹੈ। ਸਰਪੰਚ ਦੀ ਉਮੀਦਵਾਰ ਬੀਬੀ ਜੋਤਪ੍ਰੀਤ ਬੈਂਸ ਦੇ ਇੱਕ ਸਮਰਥਕ ਬਲਦੀਪ ਸਿੰਘ ਨੇ ਦੱਸਿਆ ਕਿ ਲਾਊਡ ਸਪੀਕਰਾਂ ਦੇ ਪ੍ਰਚਾਰ ਦੀ ਬਕਾਇਦਾ ਮਨਜ਼ੂਰੀ ਲਈ ਗਈ ਹੈ। ਲਾਊਡ ਸਪੀਕਰਾਂ ਜ਼ਰੀਏ ਉਮੀਦਵਾਰਾਂ ਵੱਲੋਂ ਆਪਣੇ ਚੋਣ ਨਿਸ਼ਾਨ ਤੇ ਉਮੀਦਵਾਰ ਬਾਰੇ ਗਲੀ-ਗਲੀ ਰਿਕਸ਼ਿਆਂ ਤੇ ਆਟੋਆਂ ’ਤੇ ਗੂੰਜ ਪਾਈ ਜਾਣ ਲੱਗੀ ਹੈ | ਦੱਸਣਯੋਗ ਹੈ ਕਿ ਸਰਪੰਚੀ ਦੇ ਉਮੀਦਵਾਰ ਨੂੰ 40 ਹਜ਼ਾਰ ਰੁਪਏ ਤੱਕ ਆਪਣੇ ਪ੍ਰਚਾਰ ’ਤੇ ਖਰਚ ਕਰਨ ਦੀ ਖੁੱਲ ਹੈ। ਲਾਊਡ ਸਪੀਕਰਾਂ ਦੀ ਅਜਿਹੀ ਪ੍ਰਚਾਰ ਤੇ ਸੰਚਾਰ ਪ੍ਰਣਾਲੀ ਦਾ ਰਿਵਾਜ਼ ਅਗਲੇ ਦਿਨਾਂ ਅੰਦਰ ਹੋਰ ਪਿੰਡਾਂ ਤੱਕ ਵੀ ਦਸਤਕ ਦੇ ਸਕਦਾ ਹੈ।