ਪੰਚਾਇਤ ਚੋਣਾਂ: ਹਾਈ ਕੋਰਟ ਦਾ ਫ਼ੈਸਲਾ ਜਮਹੂਰੀਅਤ ਦੀ ਜਿੱਤ ਕਰਾਰ
ਮਹਿੰਦਰ ਸਿੰਘ ਰੱਤੀਆਂ
ਮੋਗਾ, 14 ਅਕਤੂਬਰ
ਸੂਬੇ ’ਚ ਪੰਚਾਇਤੀ ਚੋਣਾਂ ਨੂੰ ਲੈ ਕੇ ਸਿਆਸੀ ਪਾਰਾ ਪੂਰੀ ਤਰ੍ਹਾਂ ਚੜ੍ਹਿਆ ਹੋਇਆ ਹੈ। ਇੱਥੇ ਹਾਕਮ ਧਿਰ ਵਿਧਾਇਕਾਂ ਨੇ ਪੰਚਾਇਤੀ ਚੋਣਾਂ ਲਈ ਰਾਹ ਪੱਧਰਾ ਕਰਨ ਵਾਲੇ ਹਾਈ ਕੋਰਟ ਦੇ ਫੈਸਲੇ ਦੀ ਸ਼ਲਾਘਾ ਕੀਤੀ ਹੈ। ਜਦੋਂ ਕਿ ਕਈ ਪਿੰਡਾਂ ’ਚ ਸਰਪੰਚ ਬਣਨ ਦੇ ਚਾਹਵਾਨਾਂ ਨੂੰ ਬਿਜਲੀ ਵਾਂਗ ਝਟਕਾ ਲੱਗਾ ਹੈ।
ਮੋਗਾ ਸ਼ਹਿਰੀ ਹਲਕੇ ਤੋਂ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਅਤੇ ਧਰਮਕੋਟ ਤੋਂ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਅਤੇ ‘ਆਪ’ ਕਾਨੂੰਨੀ ਸੈੱੱਲ ਦੇ ਸੂਬਾ ਆਗੂ ਐਡਵੋਕੇਟ ਬਰਿੰਦਰਪਾਲ ਸਿੰਘ ਰੱਤੀਆਂ ਨੇ ਕਿਹਾ ਕਿ ਹਾਈ ਕੋਰਟ ਦਾ ਇਹ ਫ਼ੈਸਲਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਇਹ ਚੋਣਾਂ ਨੂੰ ਪਾਰਦਰਸ਼ਤਾ, ਨਿਰਪੱਖਤਾ ਅਤੇ ਸ਼ਾਂਤੀਪੂਰਨ ਤਰੀਕੇ ਨਾਲ ਸਿਰੇ ਚਾੜ੍ਹਨ ਲਈ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਉਨ੍ਹਾਂ ਹਾਈ ਕੋਰਟ ਦੇ ਫੈਸਲੇ ਨੂੰ ਲੋਕਤੰਤਰ ਦੀ ਵੱਡੀ ਜਿੱਤ ਕਰਾਰ ਦਿੰਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਸੀ ਭਾਈਚਾਰਾ ਕਾਇਮ ਰੱਖਦੇ ਹੋਏ ਵੋਟਾਂ ਪਾਉਣ ਅਤੇ ਆਪਣੇ ਆਪਣੇ ਪਿੰਡਾਂ ਦੇ ਚੰਗੇ ਨੁਮਾਇੰਦੇ ਚੁਣਨ। ਉਨ੍ਹਾਂ ਵਿਰੋਧੀ ਪਾਰਟੀਆਂ ’ਤੇ ਇਨ੍ਹਾਂ ਚੋਣਾਂ ਸਬੰਧੀ ਰਾਜਨੀਤੀ ਕਰਨ ਦੇ ਦੋਸ਼ ਲਗਾਉਂਦੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਕੰਮ ਦੀ ਸਿਆਸਤ ਕਰ ਰਹੇ ਹਨ। ਪੰਚਾਇਤ ਚੋਣਾਂ ਦਾ ਰਾਹ ਸਾਫ ਕਰਨ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਧੰਨਵਾਦ ਕਰਦੇ ਉਨ੍ਹਾਂ ਪੰਜਾਬੀਆਂ ਨੂੰ ‘ਅਮਨ-ਸ਼ਾਂਤੀ ਨਾਲ ਆਪਸੀ ਭਾਈਚਾਰਾ’ ਕਾਇਮ ਰੱਖਦੇ ਹੋਏ ਵੋਟਾਂ ਪਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਇੱਕ ਅਜਿਹਾ ਸੂਬਾ ਹੈ, ਜਿਥੇ ਕਿ ਹਮੇਸ਼ਾ ਭਾਈਚਾਰਕ ਸਾਂਝ ਰਹੀ ਹੈ ਅਤੇ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਹੀ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਨੂੰ ਰੱਖਿਆ ਹੈ। ਪੰਜਾਬ ਵਿੱਚ ਅਣਸੁਖਾਵੇਂ ਦੌਰ ਦੌਰਾਨ ਵੀ ਪੰਜਾਬੀਆਂ ਨੇ ਆਪਸੀ ਭਾਈਚਾਰਕ ਸਾਂਝ ਨੂੰ ਖੋਰਾ ਨਹੀਂ ਸੀ ਲੱਗਣ ਦਿੱਤਾ। ਹੁਣ ਪੰਚਾਇਤ ਚੋਣਾਂ ਵੇਲੇ ਵੀ ਸਮੂਹ ਪੰਜਾਬੀਆਂ ਖਾਸ ਕਰਕੇ ਪੇਂਡੂ ਭਾਈਚਾਰੇ ਨੂੰ ਆਪਸੀ ਸਾਂਝ ਕਾਇਮ ਰੱਖਣ ਲਈ ਯਤਨ ਕਰਨੇ ਚਾਹੀਦੇ ਹਨ। ਆਪਸੀ ਸਾਂਝ ਨਾ ਤੋੜੀ ਜਾਵੇ ਸਗੋਂ ਸਿਆਸੀ ਵਿਚਾਰਾਂ ਦੇ ਵਖਰੇਵੇਂ ਦੇ ਬਾਵਜੂਦ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਿਆ ਜਾਵੇ। ਦੂਜੇ ਪਾਸੇ ਹਾਈ ਕੋਰਟ ਵੱਲੋਂ ਰਾਹਤ ਨਾ ਮਿਲਣ ਕਾਰਨ ਕਈ ਪਿੰਡਾਂ ’ਚ ਸਰਪੰਚ ਬਣਨ ਦੇ ਚਾਹਵਾਨਾਂ ਨੂੰ ਅਸਮਾਨੀ ਬਿਜਲੀ ਵਾਂਗ ਝਟਕਾ ਲੱਗਿਆ ਹੈ। ਕਈ ਪਿੰਡਾਂ ’ਚ ਜਿੱਥੇ ਖੁਸ਼ੀਆਂ ਦਾ ਮਾਹੌਲ ਬਣਿਆ ਉਥੇ ਸਰਪੰਚ ਬਣਨ ਦੀਆਂ ਸੱਧਰਾਂ ਪੂਰੀਆਂ ਨਾ ਹੋ ਸਕਣ ਅਤੇ ਉਮੀਦਾਂ ਟੁੱਟਣ ਕਾਰਨ ਕਈਆਂ ਦੇ ਬੁੱਲ੍ਹਾਂ ’ਤੇ ਸਿਕਰੀ ਜੰਮ ਗਈ। ਕਈ- ਕਈ ਧੜਿਆਂ ਵਿੱਚ ਵੰਡੇ ਪਿੰਡਾਂ ਵਿੱਚ ਇਸ ਤਰ੍ਹਾਂ ਜਾਪ ਰਿਹਾ ਹੈ ਕਿ ਜਿਵੇਂ ਆਪਸੀ ਭਾਈਚਾਰਕ ਸਾਂਝ ਬਿਲਕੁਲ ਖਤਮ ਹੋ ਗਈ ਹੋਵੇ। ਵੱਡੀ ਗਿਣਤੀ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਪੰਚਾਇਤ ਚੋਣਾਂ ਨੂੰ ਆਪਣੇ ਵਕਾਰ ਦਾ ਸਵਾਲ ਬਣਾ ਲਿਆ ਹੈ ਅਤੇ ਸਾਰੇ ਹੀ ਉਮੀਦਵਾਰ ਹਰ ਹੀਲੇ ਇਹ ਪੰਚਾਇਤ ਚੋਣਾਂ ਜਿੱਤਣਾ ਚਾਹੁੰਦੇ ਹਨ।