ਪੰਚਾਇਤੀ ਚੋਣਾਂ: ਛੁੱਟੀ ਵਾਲੇ ਦਿਨ ਦਸ ਹਜ਼ਾਰ ਐੱਨਓਸੀਜ਼ ਜਾਰੀ
ਪਾਲ ਸਿੰਘ ਨੌਲੀ
ਜਲੰਧਰ, 3 ਅਕਤੂਬਰ
ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਦਾ 4 ਅਕਤੂਬਰ ਨੂੰ ਆਖਰੀ ਦਿਨ ਹੈ ਪਰ ਅਜੇ ਵੀ ਪਿੰਡਾਂ ਵਿੱਚ ਚੋਣਾਂ ਲੜਨ ਦੇ ਚਾਹਵਾਨਾਂ ਨੂੰ ਚੁੱਲ੍ਹੇ ਟੈਕਸ ਦੀਆਂ ਰਸੀਦਾਂ ਲੈਣ ਲਈ ਬੀਡੀਪੀਓ’ਜ਼ ਦਫ਼ਤਰਾਂ ਵਿੱਚ ਖੁਆਰ ਹੋਣਾ ਪੈ ਰਿਹਾ ਹੈ। ਉਧਰ, ਜਲੰਧਰ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਬੁੱਧੀਰਾਜ ਸਿੰਘ ਨੇ ਦਾਅਵਾ ਕੀਤਾ ਕਿ ਦੋ ਦਿਨ ਲਗਾਤਾਰ ਛੁੱਟੀਆਂ ਹੋਣ ਦੇ ਬਾਵਜੂਦ 10 ਹਾਜ਼ਰ ਦੇ ਕਰੀਬ ਐੱਨਓਸੀ’ਜ਼ ਜਾਰੀ ਕੀਤੀਆਂ ਗਈਆਂ ਹਨ ਤਾਂ ਜੋ ਚੋਣਾਂ ਲੜਨ ਦੇ ਚਾਹਵਾਨ ਨਾਮਜ਼ਦਗੀਆਂ ਦਾਖਲ ਕਰਵਾ ਸਕਣ। ਉਧਰ, ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਤੇ ਸੁਖਵਿਂੰਦਰ ਸਿੰਘ ਕੋਟਲੀ ਨੇ ਵੀ ਕਾਂਗਰਸ ਪੱਖੀ ਆਗੂਆਂ ਨੂੰ ਚੁੱਲ੍ਹੇ ਟੈਕਸ ਦੀਆਂ ਰਸੀਦਾਂ ਦੁਆਉਣ ਲਈ ਬੀਡੀਪੀਓ ਦਫਤਰਾਂ ਦਾ ਗੇੜੇ ’ਤੇ ਗੇੜਾ ਬੰਨ੍ਹਿਆ ਹੋਇਆ ਹੈ। ਜਲੰਧਰ ਪੂਰਬੀ ਬਲਾਕ ਵਿੱਚ ਵਿਧਾਇਕ ਪਰਗਟ ਸਿੰਘ ਤੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਬੀਡੀਓ ਦਫ਼ਤਰ ਪੁੱਜੇ ਹੋਏ ਸਨ। ਹਾਲਾਂਕਿ ਐੱਨਓਸੀ ਦੇਣ ਦਾ ਕੰਮ ਸਮੇਂ ਸਿਰ ਪੂਰਾ ਕਰਨ ਲਈ ਪ੍ਰਸ਼ਾਸਨ ਨੇ ਛੁੱਟੀ ਵਾਲੇ ਦਿਨ ਵੀ ਦਫ਼ਤਰ ਖੋਲ੍ਹਣ ਦਾ ਫ਼ੈਸਲਾ ਕੀਤਾ ਸੀ। ਅੱਜ ਨਾਮਜ਼ਦਗੀਆਂ ਦਾ ਆਖਰੀ ਦਿਨ ਹੋਵੇਗਾ ਅਤੇ ਦਫ਼ਤਰ ਵਿੱਚ ਭਾਰੀ ਭੀੜ ਇਕੱਠੀ ਹੋਣ ਦੀ ਸੰਭਾਵਨਾ ਹੈ।
ਬੁੱਧੀਰਾਜ ਸਿੰਘ ਨੇ ਦੱਸਿਆ ਨਾਮਜ਼ਦਗੀ ਭਰਨ ਦੇ ਆਖਰੀ ਦਿਨ ਵੀ ਐਨਓਸੀ’ਜ਼ ਜਾਰੀ ਕੀਤੀਆਂ ਜਾਣਗੀਆਂ। ਪਰਗਟ ਸਿੰਘ ਨੇ ਕਿਹਾ ਕਿ ਇਹ ਪਹਿਲੀ ਸਰਕਾਰ ਹੈ ਜਦੋਂ ਪੰਚਾਇਤੀ ਚੋਣਾਂ ਲਈ ਏਨਾ ਵੱਡਾ ਰੇੜਕਾ ਖੜ੍ਹਾ ਕੀਤਾ ਗਿਆ ਹੈ। ਨਾਮਜ਼ਦਗੀਆਂ ਭਰਨ ਲਈ ਪੂਰਾ ਸਮਾਂ ਨਹੀਂ ਦਿੱਤਾ ਜਾ ਰਿਹਾ। ਛੁੱਟੀਆਂ ਦਾ ਖਿਆਲ ਨਹੀਂ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਸਰਕਾਰੀ ਤੌਰ ’ਤੇ ਕੀਤੀਆਂ ਜਾਣ ਵਾਲੀਆਂ ਧਾਂਦਲੀਆਂ ਅਤੇ ਧੱਕੇਸ਼ਾਹੀਆਂ ’ਤੇ ਤਿੱਖੀ ਨਜ਼ਰ ਰੱਖੇਗੀ।