ਪੰਚਾਇਤੀ ਚੋਣਾਂ: ਅਧਿਆਪਕਾਂ ਦੇ ਵਫ਼ਦ ਵੱਲੋਂ ਏਡੀਸੀ ਨਾਲ ਮੁਲਾਕਾਤ
ਸਤਵਿੰਦਰ ਬਸਰਾ
ਲੁਧਿਆਣਾ, 9 ਅਕਤੂਬਰ
ਜ਼ਿਲ੍ਹਾ ਲੁਧਿਆਣਾ ਦੀਆਂ ਪੰਚਾਇਤੀ ਚੋਣਾਂ ਵਿੱਚ ਲੱਗੀਆਂ ਡਿਊਟੀਆਂ ਕਾਰਨ ਅਧਿਆਪਕਾਂ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਜ਼ਿਲ੍ਹਾ ਲੁਧਿਆਣਾ ਦਾ ਵਫ਼ਦ ਏਡੀਸੀ ਪੇਂਡੂ ਵਿਕਾਸ ਲੁਧਿਆਣਾ ਹਰਜਿੰਦਰ ਸਿੰਘ ਨੂੰ ਮਿਲਿਆ। ਵਫ਼ਦ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਪਰਮਿੰਦਰਪਾਲ ਸਿੰਘ ਕਾਲੀਆ, ਚਰਨ ਸਰਾਭਾ, ਪ੍ਰਵੀਨ ਕੁਮਾਰ, ਸੰਜੀਵ ਸ਼ਰਮਾ ਅਤੇ ਟਹਿਲ ਸਿੰਘ ਸਰਾਭਾ ਨੇ ਕੀਤੀ। ਆਗੂਆਂ ਨੇ ਦੱਸਿਆ ਕਿ ਵਫ਼ਦ ਨੇ ਏਡੀਸੀ ਨਾਲ ਅਪਾਹਜ, ਇੱਕ ਸਾਲ ਤੋਂ ਛੋਟੇ ਬੱਚਿਆਂ ਦੀਆਂ ਮਾਵਾਂ, ਗੰਭੀਰ ਬਿਮਾਰੀਆਂ ਤੋਂ ਪੀੜਤ, ਗਰਭਪਤੀ ਮਹਿਲਾ ਮੁਲਾਜ਼ਮਾਂ, ਦੂਰ-ਦੁਰਾਡੇ ਲਾਈ ਮਹਿਲਾ ਅਧਿਆਪਕਾਂ ਦੀ ਡਿਊਟੀ, ਬੀ.ਐੱਲ.ਓ. ਦੀ ਦੂਹਰੀ ਡਿਊਟੀ, ਡਿਊਟੀ ਦੌਰਾਨ ਮੁਲਾਜ਼ਮਾਂ ਦੀ ਸੁਰੱਖਿਆ ਤੇ ਹੋਰ ਸਮੱਸਿਆਵਾਂ ਸਬੰਧੀ ਗੱਲਬਾਤ ਕੀਤੀ। ਵਫ਼ਦ ਨੇ ਮੰਗ ਕੀਤੀ ਕਿ ਇਨ੍ਹਾਂ ਸਮੱਸਿਆਵਾਂ ਨਾਲ ਸਬੰਧਤ ਸਾਰੇ ਅਧਿਆਪਕਾਂ ਨੂੰ ਪੰਚਾਇਤੀ ਚੋਣਾਂ ਦੌਰਾਨ ਛੋਟ ਦਿੱਤੀ ਜਾਵੇ। ਬੀਐੱਲਓਜ਼ ਵਜੋਂ ਸੇਵਾਵਾਂ ਦੇ ਰਹੇ ਬਹੁਤ ਸਾਰੇ ਅਧਿਆਪਕ ਹੁਣ ਵੀ ਐੱਸਜੀਪੀਸੀ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀ ਤਿਆਰੀ ਵਿੱਚ ਵੀ ਲੱਗੇ ਹੋਏ ਹਨ, ਪਰ ਇਨ੍ਹਾਂ ਦੀ ਡਿਊਟੀ ਵੀ ਪੰਚਾਇਤੀ ਚੋਣਾਂ ਦੌਰਾਨ ਲਾ ਦਿੱਤੀ ਗਈ ਹੈ। ਯੂਨੀਅਨ ਨੇ ਮੰਗ ਕੀਤੀ ਕਿ ਇਹ ਸਾਰੀਆਂ ਪੰਚਾਇਤੀ ਚੋਣਾਂ ਦੀਆਂ ਡਿਊਟੀਆਂ ਰੱਦ ਕੀਤੀਆਂ ਜਾਣ। ਜਥੇਬੰਦੀ ਵੱਲੋਂ ਮੰਗ ਕੀਤੀ ਗਈ ਕਿ ਪੰਚਾਇਤੀ ਚੋਣਾਂ ਦੌਰਾਨ ਅਕਸਰ ਕਈ ਜਗ੍ਹਾ ਉੱਪਰ ਹਿੰਸਕ ਘਟਨਾਵਾਂ ਵਾਪਰ ਜਾਂਦੀਆਂ ਹਨ। ਪੰਚਾਇਤੀ ਚੋਣਾਂ ਵਿੱਚ ਡਿਊਟੀ ਨਿਭਾਅ ਰਹੇ ਮੁਲਾਜ਼ਮਾਂ ਦੀ ਸੁਰੱਖਿਆ ਦਾ ਪੁਖ਼ਤਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਕਿਸੇ ਨੂੰ ਜਾਨੀ ਅਤੇ ਮਾਲੀ ਨੁਕਸਾਨ ਨਾ ਹੋ ਸਕੇ। ਇਸੇ ਤਰ੍ਹਾਂ ਹੀ ਸਾਮਾਨ ਜਮ੍ਹਾਂ ਕਰਵਾਉਣ ਉਪਰੰਤ ਰਾਤ ਸਮੇਂ ਸਾਰੇ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਪਹੁੰਚਾਉਣ ਦਾ ਪ੍ਰਬੰਧ ਕੀਤਾ ਜਾਵੇ। ਵਫ਼ਦ ਨੇ ਦੱਸਿਆ ਕਿ ਏ.ਡੀ.ਸੀ. ਨੇ ਭਰੋਸਾ ਦਿੱਤਾ ਕਿ ਬੀ.ਐੱਲ.ਓਜ. ਨੂੰ ਜਲਦੀ ਹੀ ਚੋਣ ਡਿਊਟੀਆਂ ਤੋਂ ਛੋਟ ਦੇ ਦਿੱਤੀ ਜਾਵੇਗੀ ਤੇ ਬਾਕੀ ਜਾਇਜ਼ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਇਸ ਮੌਕੇ ਹਰੀ ਦੇਵ, ਬਲਬੀਰ ਸਿੰਘ ਕੰਗ, ਮਨੀਸ਼ ਸ਼ਰਮਾ, ਪਰਮਜੀਤ ਸਿੰਘ ਸਵੱਦੀ,ਕੁਲਦੀਪ ਸਿੰਘ ਪੱਖੋਵਾਲ ਪ੍ਰਧਾਨ, ਸਤਵਿੰਦਰਪਾਲ ਸਿੰਘ ਦੋਰਾਹਾ ਬਲਾਕ, ਸੰਦੀਪ ਸਿੰਘ ਲਲਤੋਂ, ਬਲਦੇਵ ਸਿੰਘ ਜਲਾਲਦੀਵਾਲ, ਨਰਿੰਦਰਪਾਲ ਸਿੰਘ, ਗਗਨਦੀਪ ਸਿੰਘ, ਚਰਨ ਸਿੰਘ ਤਾਜਪੁਰੀ ਸਮੇਤ ਹੋਰ ਆਗੂ ਹਾਜ਼ਰ ਸਨ।