ਪੰਚਾਇਤ ਚੋਣਾਂ: ਨਾਮਜ਼ਦਗੀਆਂ ਦਾਖ਼ਲ ਕਰਾਉਣ ਆਏ ਦੋ ਪਾਰਟੀਆਂ ਦੇ ਸਮਰਥਕ ਭਿੜੇ
ਹਰਦੀਪ ਸਿੰਘ
ਫ਼ਤਹਿਗੜ੍ਹ ਪੰਜਤੂਰ, 1 ਅਕਤੂਬਰ
Panchayat Elections Punjab: ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਦਾਖਲ ਕਰਾਉਣ ਮੌਕੇ ਇਥੇ ਨਗਰ ਪੰਚਾਇਤ ਦਫ਼ਤਰ ਵਿਖੇ ਦੋ ਸਿਆਸੀ ਪਾਰਟੀਆਂ ਦੇ ਸਮਰਥਕ ਆਪਸ ਵਿੱਚ ਭਿੜ ਗਏ ਜਿਸ ਕਾਰਨ ਕਾਂਗਰਸ ਸਮਰਥਕ ਦੋ ਵਿਅਕਤੀ ਜ਼ਖ਼ਮੀ ਹੋ ਗਏ। ਦੋਹਾਂ ਜ਼ਖਮੀਆਂ ਨੂੰ ਕੋਟ ਈਸੇ ਖਾਂ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਬਾਅਦ ਦੁਪਹਿਰ ਇਥੋਂ ਦੇ ਨਗਰ ਪੰਚਾਇਤ ਦਫ਼ਤਰ ਵਿਖੇ ਪਿੰਡ ਮੇਲਕ ਅਕਾਲੀਆਂ ਦੇ ਸਾਬਕਾ ਸਰਪੰਚ ਸੁਖਜਿੰਦਰ ਸਿੰਘ ਰਾਜੂ ਜੋ ਕਿ ਕਾਂਗਰਸ ਨਾਲ ਸਬੰਧਤ ਹਨ ਆਪਣੇ ਸਮਰਥਕਾਂ ਨਾਲ ਪਿੰਡ ਦੀਆਂ ਪੰਚਾਇਤ ਚੋਣਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਪੁੱਜੇ ਹੋਏ ਸਨ। ਜਿਉਂ ਹੀ ਉਹ ਧਰਮਕੋਟ ਚੌਕ ਵਿਖੇ ਸਥਿਤ ਨਗਰ ਪੰਚਾਇਤ ਦੇ ਦਫਤਰ ਪੁੱਜੇ ਤਾਂ ਉਨ੍ਹਾਂ ਦੀ ਦਫਤਰ ਦੇ ਗੇਟ ’ਤੇ ਪਿੰਡ ਦੇ ਹੀ ਕਥਿਤ ‘ਆਪ’ ਸਮਰਥਕਾਂ ਨਾਲ ਝੜਪ ਹੋ ਗਈ।
ਇਸ ਝੜਪ ਵਿੱਚ ਉਨ੍ਹਾਂ ਦੇ ਸਾਥੀਆਂ ਹਰਜਿੰਦਰ ਸਿੰਘ ਪੁੱਤਰ ਹਰਨੇਕ ਸਿੰਘ ਅਤੇ ਦਵਿੰਦਰ ਸਿੰਘ ਪੁੱਤਰ ਲਖਬੀਰ ਸਿੰਘ ਜ਼ਖ਼ਮੀ ਹੋ ਗਏ। ਜ਼ਖ਼ਮੀ ਹਰਜਿੰਦਰ ਸਿੰਘ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਸਮਰਥਕਾਂ ਨੂੰ ਕਾਗਜ਼ ਦਾਖ਼ਲ ਕਰਨ ਤੋਂ ਰੋਕਿਆ ਗਿਆ ਅਤੇ ਉਨ੍ਹਾਂ ’ਤੇ ਕਥਿਤ ਜਾਨਲੇਵਾ ਹਮਲਾ ਕੀਤਾ ਗਿਆ।
ਧਰਮਕੋਟ ਦੇ ਉਪ ਮੰਡਲ ਪੁਲੀਸ ਅਧਿਕਾਰੀ ਰਮਨਦੀਪ ਸਿੰਘ ਨੇ ਸਪੰਰਕ ਕਰਨ ’ਤੇ ਦੋਹਾਂ ਧਿਰਾਂ ਵਿਚਾਲੇ ਕਾਗਜ਼ ਦਾਖਲ ਕਰਨ ਮੌਕੇ ਝੜਪ ਹੋਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਹ ਝਗੜਾ ਦਫਤਰ ਨਗਰ ਪੰਚਾਇਤ ਦੀ ਹਦੂਦ ਤੋਂ 100 ਮੀਟਰ ਦੂਰ ਹੋਇਆ ਹੈ। ਉਨ੍ਹਾਂ ਕਿਹਾ ਕਿ ਪੀੜਤ ਧਿਰ ਨੂੰ ਇਨਸਾਫ ਦਾ ਭਰੋਸਾ ਦਿੱਤਾ ਗਿਆ ਹੈ।