ਪੰਚਾਇਤ ਚੋਣਾਂ: ਡੀਸੀ ਦਫ਼ਤਰ ਅੱਗੇ ਧਰਨੇ ’ਤੇ ਬੈਠੇ ਸੁਖਬੀਰ ਬਾਦਲ
ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 8 ਅਕਤੂਬਰ
ਪੰਚਾਇਤ ਚੋਣਾਂ ’ਚ ਅਕਾਲੀ ਦਲ ਪੱਖੀ ਸਰਪੰਚ ਤੇ ਪੰਚ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਪ੍ਰਵਾਨ ਕਰਨ ਤੋਂ ਬਾਅਦ ਰੱਦ ਕਰਨ ਖ਼ਿਲਾਫ਼ ਰੋਸ ਪ੍ਰਗਟ ਕਰਨ ਲਈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਡੀਸੀ ਦਫਤਰ ਸਾਹਮਣੇ ਕੜਾਕੇ ਦੀ ਧੁੱਪ ਵਿੱਚ ਸੜਕ ’ਤੇ ਬੈਠ ਕੇ ਧਰਨਾ ਦਿੱਤਾ। ਕਰੀਬ ਦੋ ਘੰਟੇ ਚੱਲੇ ਧਰਨੇ ਨੂੰ ਸੰਬੋਧਨ ਕਰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਇਹ ‘ਆਪ’ ਦੀ ਧੱਕੇਸ਼ਾਹੀ ਹੈ। ਉਨ੍ਹਾਂ ਦੱਸਿਆ ਕਿ ਗਿੱਦੜਬਾਹਾ ਤੇ ਮੁਕਤਸਰ ’ਚ ਇਹ ਧੱਕੇਸ਼ਾਹੀ ਸਭ ਹੱਦਾਂ ਬੰਨ੍ਹੇ ਪਾਰ ਕਰ ਗਈ।
‘ਆਪ’ ਦੇ ਉਮੀਦਵਾਰਾਂ ਤੋਂ ਬਿਨਾਂ ਬਾਕੀ ਸਾਰੇ ਉਮੀਦਵਾਰਾਂ ਦੇ ਪਹਿਲਾਂ ਕਵਰਿੰਗ ਉਮੀਦਵਾਰਾਂ ਦੇ ਕਾਗਜ਼ ਵਾਪਸ ਕਰਵਾ ਦਿੱਤੇ ਅਤੇ ਮਗਰੋਂ ਉਮੀਦਵਾਰਾਂ ਦੇ ਕਾਗਜ਼ ਰੱਦ ਕਰ ਦਿੱਤੇ। ਇਸ ਦੌਰਾਨ ਉਨ੍ਹਾਂ ਅਫਸਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਮੁਕਤਸਰ ਦੇ ਡੀਸੀ ਤੋਂ ਲੈ ਕੇ ਰਿਟਰਨਿੰਗ ਅਫਸਰਾਂ ਤੱਕ ਸਭ ਨੂੰ ਹਾਈ ਕੋਰਟ ’ਚ ਲੈ ਕੇ ਜਾਵਾਂਗੇ, ਸੀਬੀਆਈ ਜਾਂਚ ਕਰਾਵਾਂਗੇ, ਚੋਣ ਕਮਿਸ਼ਨ ਕੋਲ ਸ਼ਿਕਾਇਤ ਕਰਾਂਗੇ, ਇਹ ਸਾਰੇ ਅੰਦਰ ਹੋਣਗੇ। ਉਨ੍ਹਾਂ ਕਿਹਾ ਕਿ ਕਈ ਅਫਸਰ ਤਾਂ ਛੁੱਟੀ ਜਾਣਾ ਚਾਹੁੰਦੇ ਸੀ ਪਰ ਕਥਿਤ ਤੌਰ ’ਤੇ ਸਰਕਾਰ ਨੇ ਉਨ੍ਹਾਂ ਨੂੰ ਵਿਜੀਲੈਂਸ ’ਚ ਫਸਾਉਣ ਤੇ ਨੌਕਰੀ ਤੋਂ ਕੱਢਣ ਦਾ ਡਰਾਵਾ ਦੇ ਕੇ ਅੱਧੀ ਰਾਤ ਨੂੰ ਨਾਮਜ਼ਦਗੀ ਪੱਤਰ ਰੱਦ ਕਰਵਾਏ। ਇਸ ਮੌਕੇ ਸਾਬਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਹਰਪ੍ਰੀਤ ਸਿੰਘ ਕੋਟਭਾਈ, ਮਨਤਾਰ ਸਿੰਘ ਬਰਾੜ, ਸ਼ੇਰ ਸਿੰਘ ਮੰਡ, ਬਸੰਤ ਸਿੰਘ ਕੰਗ, ਗੁਰਦੀਪ ਸਿੰਘ ਮੱੜਮੱਲੂ ਸਣੇ ਮੌਜੂਦ ਸਨ। ਮਗਰੋਂ ਸੁਖਬੀਰ ਬਾਦਲ ਡੀਸੀ ਨੂੰ ਮਿਲਣ ਲਈ ਦਫਤਰ ਗਏ ਪਰ ਡੀਸੀ ਰਾਜੇਸ਼ ਤ੍ਰਿਪਾਠੀ ਛੁੱਟੀ ’ਤੇ ਹੋਣ ਕਰਕੇ ਉਹ ਵਧੀਕ ਡਿਪਟੀ ਕਮਿਸ਼ਨਰ ਏਡੀਸੀ ਗੁਰਪ੍ਰੀਤ ਸਿੰਘ ਥਿੰਦ ਨੂੰ ਮਿਲੇ। ਉਨ੍ਹਾਂ ਨਾਮਜ਼ਦਗੀ ਪੱਤਰ ਰੱਦ ਹੋਣ ਸਬੰਧੀ ਰੋਸ ਪ੍ਰਗਟ ਕਰਦਿਆਂ ਵੇਰਵੇ ਮੰਗੇ ਜੋ ਏਡੀਸੀ ਵੱਲੋਂ ਜਲਦ ਮੁਹੱਈਆ ਕਰਾਉਣ ਦਾ ਭਰੋਸਾ ਦਿੱਤਾ ਗਿਆ।
ਐੱਸਡੀਐੱਮ ਦਫਤਰ ਗਿੱਦੜਬਾਹਾ ਦਾ ਘਿਰਾਓ ਭਲਕੇ
ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਜੇ ਸਰਕਾਰ ਨੇ ਰੱਦ ਕੀਤੇ ਕਾਗਜ਼ ਬਹਾਲ ਨਾ ਕੀਤੇ ਤਾਂ ਉਹ 10 ਅਕਤੂਬਰ ਨੂੰ ਸਵੇਰੇ 11 ਵਜੇ ਗਿੱਦੜਬਾਹਾ ਐੱਸਡੀਐੱਮ ਦਫ਼ਤਰ ਦਾ ਘਿਰਾਓ ਕਰਨਗੇ।