ਪੰਚਾਇਤੀ ਚੋਣਾਂ: ਜਲਾਲਾਬਾਦ ਦੇ ਬੀਡੀਪੀਓ ਦਫ਼ਤਰ ਬਾਹਰ ਗੋਲੀ ਚੱਲੀ
ਮਲਕੀਤ ਸਿੰਘ
ਜਲਾਲਾਬਾਦ, 5 ਅਕਤੂਬਰ
ਪੰਚਾਇਤੀ ਚੋਣਾਂ ਨੂੰ ਲੈ ਕੇ ਅੱਜ ਜਲਾਲਾਬਾਦ ਦੇ ਬੀਡੀਪੀਓ ਦਫ਼ਤਰ ਦੇ ਬਾਹਰ ਗੋਲੀ ਚੱਲਣ ਕਾਰਨ ਦੋ ਵਿਅਕਤੀ ਜ਼ਖ਼ਮੀ ਹੋ ਗਏ। ਇਨ੍ਹਾਂ ’ਚੋਂ ਇੱਕ ਦੀ ਹਾਲਤ ਗੰਭੀਰ ਹੈ, ਜਿਸ ਨੂੰ ਡੀਐੱਮਸੀ ਲੁਧਿਆਣਾ ਰੈਫਰ ਕੀਤਾ ਗਿਆ ਹੈ।
ਫਾਜ਼ਿਲਕਾ ਦੇ ਐੱਸਐੱਸਪੀ ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਜਲਾਲਾਬਾਦ ਦੇ ਬੀਡੀਪੀਓ ਦਫਤਰ ਵਿੱਚ ਅੱਜ ਸ਼ਾਮ ਅਕਾਲੀ ਆਗੂ ਨੋਨੀ ਮਾਨ, ਉਸ ਦਾ ਭਰਾ ਅਤੇ ਉਨ੍ਹਾਂ ਨਾਲ ਕੁਝ ਹੋਰ ਵਿਅਕਤੀ ਆਏ ਸਨ। ਉਹ ਬੀਡੀਪੀਓ ਨਾਲ ਆਪਣੇ ਪਿੰਡ ਦੇ ਕਿਸੇ ਮਸਲੇ ਬਾਰੇ ਗੱਲ ਕਰ ਕੇ ਜਦੋਂ ਵਾਪਸ ਜਾਣ ਲੱਗੇ ਤਾਂ ਬਾਹਰ ਪਿੰਡ ਮੁਹੰਮਦੇ ਵਾਲਾ ਤੋਂ ਸਰਪੰਚੀ ਦੇ ਉਮੀਦਵਾਰ ਮਨਦੀਪ ਬਰਾੜ ਦੇ ਨਾਲ ਉਨ੍ਹਾਂ ਦੀ ਕੋਈ ਗੱਲਬਾਤ ਹੋ ਗਈ। ਇਸ ਦੌਰਾਨ ਉਨ੍ਹਾਂ ਗੋਲੀਆਂ ਚਲਾ ਦਿੱਤੀਆਂ। ਇਨ੍ਹਾਂ ’ਚੋਂ ਇੱਕ ਗੋਲੀ ਮਨਦੀਪ ਬਰਾੜ ਦੀ ਛਾਤੀ ਵਿੱਚ ਲੱਗੀ। ਉਸ ਨੂੰ ਲੁਧਿਆਣਾ ਰੈਫਰ ਕੀਤਾ ਗਿਆ ਹੈ।
ਐੱਸਐੱਸਪੀ ਬਰਾੜ ਨੇ ਦੱਸਿਆ ਕਿ ਇਸੇ ਹੀ ਫਾਇਰ ਦਾ ਛੱਰਾ ਇੱਕ ਹੋਰ ਵਿਅਕਤੀ ਨੂੰ ਵੀ ਲੱਗਾ, ਜਿਸ ਦਾ ਜਲਾਲਾਬਾਦ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਖੁਦ ਇਸ ਸਾਰੇ ਮਾਮਲੇ ਦੀ ਜਾਣਕਾਰੀ ਲੈ ਰਹੇ ਹਨ ਅਤੇ ਜੋ ਵੀ ਵਿਅਕਤੀ ਇਸ ਵਿੱਚ ਸ਼ਾਮਲ ਹੋਇਆ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।
ਵਿਧਾਇਕ ਵੱਲੋਂ ਘਟਨਾ ਮੰਦਭਾਗੀ ਕਰਾਰ
ਘਟਨਾ ਦੀ ਸੂਚਨਾ ਮਿਲਦੇ ਹੀ ਵਿਧਾਇਕ ਜਗਦੀਪ ਕੰਬੋਜ ਗੋਲਡੀ ਸਰਕਾਰੀ ਹਸਪਤਾਲ ਪਹੁੰਚੇ। ਵਿਧਾਇਕ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਦੀ ਜਾਂਚ ਮਗਰੋਂ ਜੋ ਵੀ ਮੁਲਜ਼ਮ ਨਿਕਲਿਆ, ਉਸ ਖ਼ਿਲਾਫ਼ ਪੁਲੀਸ ਕਾਰਵਾਈ ਯਕੀਨੀ ਬਣਾਈ ਜਾਵੇਗੀ।
ਉਮੀਦਵਾਰਾਂ ਦੀਆਂ ਫਾਈਲਾਂ ਪਾੜਨ ਖ਼ਿਲਾਫ਼ ਚੱਕਾ ਜਾਮ
ਜਲਾਲਾਬਾਦ: ਇੱਥੇ ਬੀਤੇ ਦਿਨ ਪੰਚਾਇਤੀ ਚੋਣਾਂ ਲੜਨ ਦੇ ਚਾਹਵਾਨ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਪਾੜਨ ਖ਼ਿਲਾਫ਼ ਲੋਕਾਂ ਦਾ ਰੋਸ ਲਗਾਤਾਰ ਵਧਦਾ ਜਾ ਰਿਹਾ ਹੈ। ਇਸੇ ਤਹਿਤ ਅੱਜ ਜਲਾਲਾਬਾਦ ਦੇ ਬੱਤੀਆਂ ਵਾਲੇ ਚੌਕ ਵਿੱਚ ਕੌਮੀ ਮਾਰਗ ਜਾਮ ਕਰ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਦੀ ਅਗਵਾਈ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਦੇ ਜ਼ਿਲ੍ਹਾ ਮੀਤ ਸਕੱਤਰ ਕਾਮਰੇਡ ਸੁਰਿੰਦਰ ਢੰਡੀਆਂ, ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਐਡਵੋਕੇਟ ਪਰਮਜੀਤ ਢਾਬਾਂ, ਆਲ ਇੰਡੀਆ ਸਟੂਡੈਂਟਸ ਦੇ ਸੂਬਾ ਪ੍ਰਧਾਨ ਰਮਨ ਧਰਮੋਵਾਲਾ, ਸੀਪੀਆਈ ਬਲਾਕ ਗੁਰੂਹਰਸਹਾਇ ਦੇ ਸਕੱਤਰ ਕਾਮਰੇਡ ਬਲਵੰਤ ਚੁਹਾਣਾ ਅਤੇ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਕ੍ਰਿਸ਼ਨ ਧਰਮੂਵਾਲਾ ਨੇ ਕੀਤੀ। ਆਗੂਆਂ ਨੇ ਕਿਹਾ ਕਿ ਬੀਤੇ ਦਿਨ ਵਾਪਰੀ ਘਟਨਾ ਸਬੰਧੀ ਪ੍ਰਸ਼ਾਸਨ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਉਨ੍ਹਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਜਾਣਗੇ ਅਤੇ ਫਾਈਲਾਂ ਪਾੜਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ ਪਰ ਇਹ ਫਾਈਲਾਂ ਖੋਹਣ ਵਾਲਾ ਵਿਅਕਤੀ ਪੁਲੀਸ ਅਧਿਕਾਰੀ ਹੀ ਹੈ, ਜਿਸ ਨੂੰ ਬਚਾਉਣ ਲਈ ਇਹ ਮਾਮਲਾ ਲਮਕਾਇਆ ਜਾ ਰਿਹਾ ਹੈ।