ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਚਾਇਤ ਚੋਣਾਂ: ਸਰਪੰਚੀ ਦੇ ਚਾਹਵਾਨ ਪੱਬਾਂ ਭਾਰ

08:52 AM Sep 21, 2024 IST

ਚਰਨਜੀਤ ਭੁੱਲਰ
ਚੰਡੀਗੜ੍ਹ, 20 ਸਤੰਬਰ
ਪੰਜਾਬ ਵਿੱਚ ਪੰਚਾਇਤ ਚੋਣਾਂ 13 ਅਕਤੂਬਰ ਨੂੰ ਹੋਣ ਦੀ ਸੰਭਾਵਨਾ ਹੈ, ਜਿਸ ਨੂੰ ਲੈ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਤਿਆਰੀਆਂ ਖਿੱਚ ਲਈਆਂ ਹਨ। ਰਾਜ ਚੋਣ ਕਮਿਸ਼ਨ ਵੱਲੋਂ ਚੋਣ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਭਲਕੇ ਸ਼ਨਿਚਰਵਾਰ ਨੂੰ ਡਿਪਟੀ ਕਮਿਸ਼ਨਰਾਂ ਨਾਲ ਵਰਚੁਅਲ ਮੀਟਿੰਗ ਕੀਤੀ ਜਾਵੇਗੀ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਪੰਜਾਬ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ 23 ਸਤੰਬਰ ਤੋਂ ਚੋਣ ਜ਼ਾਬਤਾ ਲੱਗ ਸਕਦਾ ਹੈ। ਪੰਚਾਇਤੀ ਚੋਣਾਂ ਦੇ ਬਿਗਲ ਦੇ ਨਾਲ ਹੀ ਸਰਪੰਚੀ ਦੇ ਚਾਹਵਾਨ ਪੱਬਾਂ ਭਾਰ ਹੋ ਗਏ ਹਨ।
ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮੁੱਢਲੇ ਪੜਾਅ ’ਤੇ ਸਰਪੰਚਾਂ ਦੇ ਰਾਖਵੇਂਕਰਨ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ ਅਤੇ ਭਲਕੇ ਸ਼ਨਿੱਚਰਵਾਰ ਤੱਕ ਰਾਖਵੇਂਕਰਨ ਨੂੰ ਲੈ ਕੇ ਨਵੇਂ ਰੋਸਟਰ ਬਣਾਏ ਜਾਣ ਦਾ ਕੰਮ ਮੁਕੰਮਲ ਹੋਣ ਦੀ ਸੰਭਾਵਨਾ ਹੈ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਪਹਿਲਾਂ ਪੰਚਾਇਤਾਂ ਨੂੰ ਨੋਟੀਫਾਈ ਕੀਤਾ ਜਾਣਾ ਹੈ ਅਤੇ ਉਸ ਮਗਰੋਂ ਰਾਖਵੇਂਕਰਨ ਬਾਰੇ ਨੋਟੀਫ਼ਿਕੇਸ਼ਨ ਡਿਪਟੀ ਕਮਿਸ਼ਨਰਾਂ ਵੱਲੋਂ ਜਾਰੀ ਕੀਤਾ ਜਾਵੇਗਾ। ਪੰਚਾਇਤੀ ਚੋਣਾਂ ਦੀ ਸਮੁੱਚੀ ਪ੍ਰਕਿਰਿਆ 25 ਕੁ ਦਿਨਾਂ ਵਿੱਚ ਨੇਪਰੇ ਚਾੜ੍ਹੀ ਜਾਣੀ ਹੈ। ਮਾਨਸਾ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਨਵੇਂ ਰੋਸਟਰ ਬਣਾਉਣ ਦਾ ਕੰਮ ਮੁਕੰਮਲ ਕਰ ਲਿਆ ਹੈ ਤੇ ਵਾਰਡਬੰਦੀ ਪੁਰਾਣੀ ਹੀ ਕਾਇਮ ਰਹੇਗੀ।
ਪੰਜਾਬ ਸਰਕਾਰ ਪੰਚਾਇਤੀ ਚੋਣਾਂ ਐਨ ਝੋਨੇ ਦੇ ਖ਼ਰੀਦ ਸੀਜ਼ਨ ਵਿੱਚ ਕਰਵਾ ਰਹੀ ਹੈ ਅਤੇ ਅਧਿਕਾਰੀਆਂ ਨੇ ਖ਼ਰੀਦ ਪ੍ਰਬੰਧ ਵੀ ਦੇਖਣੇ ਹੁੰਦੇ ਹਨ। ਡਿਪਟੀ ਕਮਿਸ਼ਨਰਾਂ ਲਈ ਆਉਂਦੇ ਦਿਨ ਪ੍ਰੀਖਿਆ ਤੋਂ ਘੱਟ ਨਹੀਂ ਹੋਣਗੇ। ਸਰਕਾਰ ਦਾ ਤਰਕ ਹੈ ਕਿ ਝੋਨੇ ਦੀ ਮੰਡੀਆਂ ਵਿੱਚ ਆਮਦ ਦੂਸਰੇ ਹਫ਼ਤੇ ਤੋਂ ਬਾਅਦ ਹੀ ਤੇਜ਼ ਹੋਣੀ ਹੈ, ਜਿਸ ਕਰ ਕੇ ਉਸ ਤੋਂ ਪਹਿਲਾਂ ਹੀ ਪੰਚਾਇਤੀ ਚੋਣਾਂ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ।
ਗੁਰਦਾਸਪੁਰ ਜ਼ਿਲ੍ਹੇ ਵਿੱਚ 1285 ਪੰਚਾਇਤਾਂ ਹਨ। ਇਸ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਉਮਾ ਸ਼ੰਕਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਰਪੰਚਾਂ ਦੇ ਰਾਖਵੇਂਕਰਨ ਨੂੰ ਅੰਤਿਮ ਛੋਹਾਂ ਦੇ ਦਿੱਤੀਆਂ ਹਨ ਅਤੇ ਜਲਦ ਹੀ ਨੋਟੀਫ਼ਿਕੇਸ਼ਨ ਕਰ ਦਿੱਤਾ ਜਾਵੇਗਾ। ਸਰਪੰਚੀ ਦੇ ਚਾਹਵਾਨਾਂ ਨੇ ਸੱਤਾਧਾਰੀ ਧਿਰ ਦੇ ਵਿਧਾਇਕਾਂ ਅਤੇ ਵਜ਼ੀਰਾਂ ਦੁਆਲੇ ਚੱਕਰ ਕੱਟਣੇ ਸ਼ੁਰੂ ਕਰ ਦਿੱਤੇ ਹਨ। ਪਿੰਡਾਂ ਨੂੰ ਰਾਖਵੇਂ ਜਾਂ ਜਨਰਲ ਕਰਾਉਣ ਵਾਸਤੇ ਚਾਹਵਾਨ ਜੋੜ ਤੋੜ ਲਗਾ ਰਹੇ ਹਨ।
ਸਰਪੰਚਾਂ ਦੇ ਅਹੁਦੇ ਰਾਖਵੇਂ ਕਰਨ ਵਾਸਤੇ ਜੋ ਰੋਸਟਰ ਤਿਆਰ ਹੋ ਰਹੇ ਹਨ, ਉਨ੍ਹਾਂ ਲਈ 2011 ਦੀ ਜਨਗਣਨਾ ਨੂੰ ਆਧਾਰ ਬਣਾਇਆ ਗਿਆ ਹੈ। ਆਉਂਦੇ ਦੋ ਤਿੰਨ ਦਿਨਾਂ ਦੌਰਾਨ ਹੀ ਪੰਚਾਇਤ ਚੋਣਾਂ ਦਾ ਰਾਜ ਚੋਣ ਕਮਿਸ਼ਨ ਐਲਾਨ ਕਰ ਸਕਦਾ ਹੈ। ਪੰਜਾਬ ਵਿਚ ਕੁੱਲ 13241 ਪੰਚਾਇਤਾਂ ਹਨ।

Advertisement

Advertisement