ਪੰਚਾਇਤੀ ਚੋਣਾਂ: ਪਿੰਡਾਂ ਦੀ ਨੁਹਾਰ ਬਦਲਣਗੀਆਂ ਸਰਪੰਚ ਬੀਬੀਆਂ
ਮਨੋਜ ਸ਼ਰਮਾ
ਬਠਿੰਡਾ, 18 ਅਕਤੂਬਰ
ਬਠਿੰਡਾ ਵਿੱਚ ਸਿਆਸੀ ਤਬਦੀਲੀ ਔਰਤਾਂ ਲਈ ਨਵੀਂ ਉਡਾਣ ਲੈ ਕੇ ਆਈ ਹੈ। ਸਿਆਸਤ ਦੀ ਇਸ ਉਡਾਣ ਵਿੱਚ ਸੈਂਕੜੇ ਔਰਤਾਂ ਸਵਾਰ ਹੋ ਗਈਆਂ ਹਨ। ਬਠਿੰਡਾ ਖੇਤਰ ਵਿੱਚ ਮਹਿਲਾ ਸਰਪੰਚ, ਔਰਤਾਂ ਦੇ ਅਧਿਕਾਰਾਂ ਲਈ ਅਹਿਮ ਭੂਮਿਕਾ ਨਿਭਾਉਣਗੀਆਂ ਅਤੇ ਜ਼ਿਲ੍ਹੇ ਦੀ ਨੁਹਾਰ ਬਦਲਣਗੀਆਂ। ਬਠਿੰਡਾ ਜ਼ਿਲ੍ਹੇ ਦੀਆਂ ਕੁੱਲ 316 ਪੰਚਾਇਤਾਂ ਵਿੱਚੋਂ ਇਸ ਵਾਰ 162 ਮਹਿਲਾ ਸਰਪੰਚ ਚੁਣੀਆਂ ਗਈਆਂ ਹਨ। 24 ਸਾਲਾ ਅਮਨਦੀਪ ਕੌਰ ਪਿੰਡ ਜੋਧਪੁਰ ਪਾਖਰ ਦੀ ਸਰਪੰਚ ਚੁਣੀ ਗਈ ਹੈ। ਸਭ ਤੋਂ ਪਹਿਲਾਂ ਉਸ ਦੀ ਮਾਤਾ ਹਰਪਾਲ ਕੌਰ ਨੇ ਉਮੀਦਵਾਰ ਵਜੋਂ ਕਾਗਜ਼ ਦਾਖ਼ਲ ਕੀਤ ਜਦਕਿ ਅਮਨਦੀਪ ਨੇ ਡੰਮੀ ਉਮੀਦਵਾਰ ਵਜੋਂ ਕਾਗਜ਼ ਦਾਖਲ ਕੀਤੇ ਪਰ ਪੜਤਾਲ ਦੌਰਾਨ ਹਰਪਾਲ ਕੌਰ ਦੇ ਕਾਗਜ਼ ਰੱਦ ਕਰ ਦਿੱਤੇ ਗਏ ਅਤੇ ਅਮਨਦੀਪ ਦੇ ਕਾਗਜ਼ ਸਵੀਕਾਰ ਕਰ ਲਏ ਗਏ, ਜਿਸ ਕਾਰਨ ਉਹ ਆਪਣੇ ਪਿੰਡ ਤੋਂ ਚੋਣ ਜਿੱਤ ਕੇ ਚੋਣ ਜਿੱਤ ਗਈ। ਸ਼ਗਨਪ੍ਰੀਤ ਕੌਰ (26) ਪਿੰਡ ਭਾਈ ਰੂਪਾ ਖੁਰਦ ਦੀ ਸਰਪੰਚ ਚੁਣੀ ਗਈ ਹੈ। ਉਹ ਸਰਕਾਰੀ ਰਾਜਿੰਦਰਾ ਕਾਲਜ ਤੋਂ ਐੱਮਐੱਸਸੀ ਦੇ ਆਖ਼ਰੀ ਸਾਲ ਦੀ ਵਿਦਿਆਰਥਣ ਹੈ ਅਤੇ ਬੀਐੱਡ ਵੀ ਕਰ ਚੁੱਕੀ ਹੈ। ਸ਼ਗਨਪ੍ਰੀਤ ਨੇ ਕਿਹਾ ਕਿ ਉਸ ਦੇ ਪਿੰਡ ’ਚ ਬਹੁਤ ਸਾਰੇ ਮੁੱਦੇ ਹਨ ਜਿਨ੍ਹਾਂ ‘ਤੇ ਉਹ ਧਿਆਨ ਕੇਂਦਰਤ ਕਰ ਰਹੀ ਹੈ। ਉਨ੍ਹਾਂ ਕਿਹਾ ਔਰਤਾਂ ਦੀ ਬਿਹਤਰੀ ਦੇ ਨਾਲ-ਨਾਲ ਪਿੰਡ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨਾ ਉਸ ਦੇ ਮੁੱਖ ਟੀਚੇ ਵਿੱਚ ਸ਼ਾਮਲ ਹੈ। ਇਸ ਤੋਂ ਇਲਾਵਾ ਪਿੰਡ ਦੇ ਛੱਪੜ ਦੀ ਸਫ਼ਾਈ ਦੇ ਨਾਲ-ਨਾਲ ਬਿਹਤਰ ਡਰੇਨੇਜ, ਚੰਗੀਆਂ ਸੜਕਾਂ ਅਤੇ ਪੀਣ ਵਾਲਾ ਸਾਫ਼ ਪਾਣੀ ਉਨ੍ਹਾਂ ਦੀ ਪਹਿਲ ਹੋਵੇਗੀ। ਇਸੇ ਤਰ੍ਹਾਂ 27 ਸਾਲਾ ਕੰਚਨ ਬਾਵਾ ਜੀਵਨ ਸਿੰਘ ਪਿੰਡ ਦੀ ਸਰਪੰਚ ਚੁਣੀ ਗਈ ਹੈ।
ਇਸੇ ਤਰ੍ਹਾਂ ਪਿੰਡ ਪੂਹਲੀ ਤੋਂ ਸੁਮਨਪ੍ਰੀਤ ਕੌਰ ਸਿੱਧੂ (35) ਸਰਪੰਚ ਚੁਣੀ ਗਈ ਹੈ। ਉਸ ਨੇ ਕੰਪਿਊਟਰ ਸਾਇੰਸ ਵਿੱਚ ਬੀਟੈਕ ਅਤੇ ਕਮਿਊਨਿਟੀ ਐਜੂਕੇਸ਼ਨ ਅਤੇ ਗਵਰਨੈਂਸ ਵਿੱਚ ਐੱਮਏ ਕੀਤੀ ਹੋਈ ਹੈ। ‘ਪੰਜਾਬੀ ਟ੍ਰਿਬਿਊਨ’ ਨਾਲ ਗੱਲਬਾਤ ਕਰਦਿਆਂ ਸੁਮਨਪ੍ਰੀਤ ਨੇ ਕਿਹਾ, “ਉਹ ਸਿਵਲ ਸਰਵਿਸਿਜ਼ ਦੀ ਤਿਆਰੀ ਕਰ ਰਹੀ ਸੀ, ਜਿਸ ਦੌਰਾਨ ਉਸ ਨੂੰ ਲੱਗਦਾ ਸੀ ਕਿ ਰਾਜਨੀਤੀ ਉਹ ਹੈ ਜੋ ਨੀਤੀਆਂ ਬਣਾਉਂਦੀ ਹੈ, ਜਿਸ ਕਾਰਨ ਉਸ ਨੇ ਇਸ ਵਿੱਚ ਸਿਆਸੀ ਸਮਝ ਲਈ ਪੈਰ ਰੱਖਿਆ ਅਤੇ ਰਾਜਨੀਤੀ ਦੀ ਪਹਿਲੀ ਪੋੜੀ ਬਾਰੇ ਸਿੱਖਣ ਲਈ ਸਰਪੰਚ ਚੁਣੀ ਗਈ। ਉਸ ਦਾ ਕਹਿਣਾ ਹੈ ਕਿ ਪਿੰਡ ਵਿੱਚ ਸਿੱਖਿਆ ਅਤੇ ਡਾਕਟਰੀ ਸਹੂਲਤਾਂ ਦੇ ਨਾਲ-ਨਾਲ ਨਿਕਾਸੀ ਸਹੂਲਤਾਂ ਅਤੇ ਉਹ ਆਪਣੇ ਪਿੰਡ ਦੇ ਸਰਬਪੱਖੀ ਵਿਕਾਸ ‘ਤੇ ਧਿਆਨ ਕੇਂਦਰਿਤ ਕਰੇਗੀ।
‘ਆਪ’ ਦੇ ਜ਼ਿਲ੍ਹਾ ਪ੍ਰਧਾਨ ਦੀ ਪਤਨੀ ਬਣੀ ਸਰਪੰਚ
ਬਠਿੰਡਾ: ‘ਆਪ’ ਦੇ ਜ਼ਿਲ੍ਹਾ ਬਠਿੰਡਾ ਸ਼ਹਿਰੀ ਦੇ ਪ੍ਰਧਾਨ ਸੁਰਿੰਦਰ ਬਿੱਟੂ ਦੀ ਪਤਨੀ ਗੁਰਜੀਤ ਕੌਰ ਪਿੰਡ ਮਹਿਮਾ ਸਰਜਾ ਦੀ ਸਰਪੰਚ ਬਣ ਗਈ ਹੈ। ਉਨ੍ਹਾਂ ਅੱਜ ਇਤਿਹਾਸਕ ਨਗਰ ਲੱਖੀ ਜੰਗਲ ਸਾਹਿਬ ਦੇ ਗੁਰੂਘਰ ਵਿੱਚ ਪੰਚਾਇਤ ਨਾਲ ਮੱਥਾ ਟੇਕ ਗੁਰੂ ਦਾ ਆਸ਼ਰੀਵਾਦ ਲਿਆ। ਗੁਰੂਘਰ ਦੇ ਹੈੱਡ ਗ੍ਰੰਥੀ ਭਾਈ ਜੀਵਨ ਸਿੰਘ ਖਾਲਸਾ ਅਤੇ ਪਿੰਡ ਦੀਆਂ ਮੋਹਤਬਰ ਸ਼ਖ਼ਸੀਅਤਾਂ ਵੱਲੋਂ ਪੰਚਾਇਤ ਦਾ ਸਨਮਾਨ ਕੀਤਾ ਗਿਆ। ਸਰਪੰਚ ਨੇ ਆਖਿਆ ਕਿ ਉਹ ਪਿੰਡ ਦੇ ਵਿਕਾਸ ’ਚ ਕੋਈ ਕਸਰ ਨਹੀਂ ਛੱਡਣਗੇ। ਉਨ੍ਹਾਂ ਕਿਹਾ ਕਿ ਔਰਤਾਂ ਅਤੇ ਬੱਚਿਆਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਸੁਰਿੰਦਰ ਬਿੱਟੂ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਮਹਿਮਾ ਸਰਜਾ ਨੂੰ ਜ਼ਿਲ੍ਹੇ ਵਿੱਚੋਂ ਨਮੂਨੇ ਦਾ ਪਿੰਡ ਬਣਾਇਆ ਜਾਵੇਗਾ।