For the best experience, open
https://m.punjabitribuneonline.com
on your mobile browser.
Advertisement

ਪੰਚਾਇਤ ਚੋਣਾਂ: ਪਿੰਡ ਖੁੱਡਾ ’ਚ ਦੂਜੇ ਦਿਨ ਵੀ ਵਿਵਾਦ, ਲੋਕਾਂ ਨੇ ਮੁੜ ਪੋਲਿੰਗ ਰੋਕਣ ਲਈ ਬੂਥ ਨੂੰ ਲਾਇਆ ਜਿੰਦਰਾ

12:52 PM Oct 16, 2024 IST
ਪੰਚਾਇਤ ਚੋਣਾਂ  ਪਿੰਡ ਖੁੱਡਾ ’ਚ ਦੂਜੇ ਦਿਨ ਵੀ ਵਿਵਾਦ  ਲੋਕਾਂ ਨੇ ਮੁੜ ਪੋਲਿੰਗ ਰੋਕਣ ਲਈ ਬੂਥ ਨੂੰ ਲਾਇਆ ਜਿੰਦਰਾ
ਪਿੰਡ ਖੁੱਡਾ ਵਿਚ ਵਿਰੋਧ ਜ਼ਾਹਰ ਕਰਦੇ ਹੋਏ ਪਿੰਡ ਵਾਸੀ।
Advertisement

ਸਰਬਜੀਤ ਸਿੰਘ ਭੰਗੂ
ਪਟਿਆਲਾ, 16 ਅਕਤੂਬਰ 
Punjab Panchayat Polls: ਪੰਜਾਬ ਵਿਚ ਹੋਈਆਂ ਪੰਚਾਇਤ ਚੋਣਾਂ ਦੌਰਾਨ ਮੰਗਲਵਾਰ ਨੂੰ ਪਟਿਆਲਾ ਜ਼ਿਲ੍ਹੇ ਦੇ ਸਨੌਰ ਨੇੜਲੇ ਪਿੰਡ ਖੁੱਡਾ ਵਿਖੇ ਪੋਲਿੰਗ ਬੂਥ 'ਤੇ ਕਬਜ਼ੇ ਨੂੰ ਲੈ ਕੇ ਹੋਏ ਝਗੜੇ ਦਾ ਮਾਮਲਾ ਬੁੱਧਵਾਰ ਨੂੰ ਵੀ ਨਿੱਬੜਦਾ ਨਜ਼ਰ ਨਹੀਂ ਆ ਰਿਹਾ ਅਤੇ ਆਖ਼ਰੀ ਖ਼ਬਰਾਂ ਮਿਲਣ ਤੱਕ ਪਿੰਡ ਵਿਚ ਤਣਾਅ ਤੇ ਵਿਵਾਦ ਜਾਰੀ ਸੀ ਅਤੇ ਪਿੰਡ ਵਾਸੀ ਬੀਤੇ ਦਿਨ ਵਾਪਰੀ ਗੋਲੀ ਚੱਲਣ ਦੀ ਘਟਨਾ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਤੋਂ ਬਿਨਾਂ ਅੱਜ ਦੁਬਾਰਾ ਪੋਲਿੰਗ ਦੀ ਇਜਾਜ਼ਤ ਦੇਣ ਲਈ ਤਿਆਰ ਨਹੀਂ ਹਨ। ਦੱਸਿਆ ਜਾਂਦਾ ਹੈ ਕਿ ਪਿੰਡ ਵਾਸੀਆਂ ਨੇ ਪੋਲਿੰਗ ਬੂਥ ਨੂੰ ਜਿੰਦਰਾ ਮਾਰ ਦਿੱਤਾ ਹੈ।
ਦੱਸਣਯੋਗ ਹੈ ਕਿ ਰਾਜ ਚੋਣ ਕਮਿਸ਼ਨ ਨੇ ਬੀਤੇ ਦਿਨ ਦੀ ਹਿੰਸਾ ਤੇ ਝਗੜਿਆਂ ਕਾਰਨ ਪਿੰਡ ਖੁੱਡਾ ਦੀ ਪੰਚਾਇਤ ਚੋਣ ਰੱਦ ਕਰ ਦਿੱਤੀ ਸੀ ਅਤੇ ਬੁੱਧਵਾਰ ਨੂੰ ਦੁਬਾਰਾ ਪੋਲਿੰਗ ਕਰਾਉਣ ਦਾ ਪ੍ਰੋਗਰਾਮ ਮਿਥਿਆ ਗਿਆ ਸੀ। ਇਸ ਤਹਿਤ ਚੋਣ ਅਮਲਾ ਵੀ ਸਵੇਰੇ ਪਿੰਡ ਵਿਚ ਪੁੱਜ ਗਿਆ, ਦੁਪਹਿਰ 12 ਵਜੇ ਤੱਕ ਵੋਟਾਂ ਪੈਣ ਦੀ ਪ੍ਰਕਿਰਿਆ ਸ਼ੁਰੂ ਨਹੀਂ ਹੋ ਸਕੀ ਸੀ।
ਹਾਕਮ ਧਿਰ ਆਮ ਆਦਮੀ ਪਾਰਟੀ (ਆਪ) ਦੀ ਵਿਰੋਧੀ ਧਿਰ ਨਾਲ ਸਬੰਧਤ ਸਰਪੰਚੀ ਦੇ ਉਮੀਦਵਾਰ ਜੋਗਿੰਦਰ ਸਿੰਘ ਅਤੇ ਉਨ੍ਹਾਂ ਦੇ ਹਮਾਇਤੀ ਮੰਗ ਕਰ ਰਹੇ ਹਨ ਕਿ ਮੰਗਲਵਾਰ ਨੂੰ ਜਿਹੜੇ ਬੰਦਿਆਂ ਨੇ ਬੂਥ ’ਤੇ ਕਬਜ਼ਾ ਕਰਨ ਮੌਕੇ ਗੋਲੀ ਮਾਰ ਕੇ ਸਰਬਜੀਤ ਸੋਨੀ ਨੂੰ ਜ਼ਖ਼ਮੀ ਕੀਤਾ, ਪਹਿਲਾਂ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਇਸੇ ਦੌਰਾਨ ਖੁੱਡਾ ਵਿਖੇ ਪੁਲੀਸ ਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਪੁੱਜੇ ਹੋਏ ਹਨ, ਜੋ ਲੋਕਾਂ ਨੂੰ ਵੋਟਿੰਗ ਸ਼ੁਰੂ ਕਰਵਾਉਣ ਲਈ ਮਨਾ ਰਹੇ ਹਨ, ਪਰ ਰਿਪੋਰਟ ਲਿਖੇ ਜਾਣ ਤੱਕ ਵੋਟਾਂ ਪਾਉਣ ਦੀ ਪ੍ਰਕਿਰਿਆ ਸ਼ੁਰੂ ਨਹੀਂ ਹੋ ਸਕੀ ਸੀ।

Advertisement

ਢਾਈ-ਢਾਈ ਸਾਲ ਦੀ ਸਰਪੰਚੀ ਲਈ ਗੱਲਬਾਤ ਜਾਰੀ

ਖੁੱਡਾ ਪਿੰਡ ’ਚ ‘ਆਪ’ ਦੀ ਤਰਫੋਂ ਕਸ਼ਮੀਰ ਸਿੰਘ ਲਾਡੀ ਅਤੇ ਵਿਰੋਧੀ ਧਿਰ ਤੋਂ ਜੋਗਿੰਦਰ ਸਿੰਘ ਸਰਪੰਚ ਦੇ ਉਮੀਦਵਾਰ ਹਨ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਦੋਵਾਂ ਧਿਰਾਂ ਦਰਮਿਆਨ ਢਾਈ-ਢਾਈ ਸਾਲ ਸਰਪੰਚੀ ਕਰਨ ਲਈ ਵੀ ਗੱਲਬਾਤ ਚੱਲ ਰਹੀ ਹੈ।

Advertisement

ਪਿੰਡ ਕਰੀਮਗੜ੍ਹ ਚਿੱਚੜਵਾਲ ਤੇ ਖੇੜੀ ਰਾਜੂ ਸਿੰਘ ਵਿਚ ਸ਼ੁਰੂ ਹੋਈ ਮੁੜ ਪੋਲਿੰਗ

ਸ਼ੁਤਰਾਣਾ ਦੇ ਪਿੰਡ ਕਰੀਮਗੜ੍ਹ ਚਿੱਚੜਵਾਲ ਵਿਖੇ ਵੀ ਮੰਗਲਵਾਰ ਨੂੰ ਬੂਥ 'ਤੇ ਕਬਜ਼ੇ ਮੌਕੇ ਹੋਈ ਝੜਪ ਕਰਨ ਚੋਣ ਮੁਲਤਵੀ ਕਰ ਦਿੱਤੀ ਗਈ ਸੀ ਅਤੇ ਅੱਜ ਉਤੇ ਦੁਬਾਰਾ ਵੋਟਾਂ ਪਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਇਹ ਸ਼ੁਤਰਾਣਾ ਹਲਕੇ ਤੋਂ ‘ਆਪ’ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਦਾ ਪਿੰਡ ਹੈ। ਦੂਜੇ ਬੰਨੇ ਬਲਾਕ ਭੁਨਰਹੇੜੀ ਅਧੀਨ ਪੈਂਦੇ ਪਿੰਡ ਖੇੜੀ ਰਾਜੂ ਸਿੰਘ ਵਿਖੇ ਵੀ ਮੰਗਲਵਾਰ ਨੂੰ ਚੋਣ ਰੱਦ ਕਰ ਦਿੱਤੀ ਗਈ ਸੀ ਤੇ ਅੱਜ ਉਥੇ ਵੀ ਮੁੜ ਪੋਲਿੰਗ ਹੋ ਰਹੀ ਹੈ।

Advertisement
Author Image

Balwinder Singh Sipray

View all posts

Advertisement