ਪੰਚਾਇਤੀ ਚੋਣਾਂ: ਹਿੰਸਕ ਘਟਨਾਵਾਂ ਰੋਕਣ ਲਈ ਪੁਲੀਸ ਗੰਭੀਰ
ਪੱਤਰ ਪ੍ਰੇਰਕ
ਮਾਨਸਾ, 5 ਅਕਤੂਬਰ
ਪੰਜਾਬ ਵਿੱਚ ਪੰਚਾਇਤ ਚੋਣਾਂ ਲਈ ਕਈ ਥਾਵਾਂ ’ਤੇ ਟਕਰਾਅ ਵਾਲਾ ਮਾਹੌਲ ਬਣਨ ਤੋਂ ਬਾਅਦ ਮਾਲਵਾ ਖੇਤਰ ਵਿੱਚ ਪੁਲੀਸ ਅਮਨ-ਕਾਨੂੰਨ ਨੂੰ ਕਾਇਮ ਰੱਖਣ ਲਈ ਗੰਭੀਰ ਹੋਈ ਹੈ। ਭਾਵੇਂ ਇਸ ਖੇਤਰ ਵਿੱਚ ਅਜੇ ਤੱਕ ਲੜਾਈ-ਝਗੜਿਆਂ ਦੇ ਬਹੁਤੇ ਮਾਮਲੇ ਸਾਹਮਣੇ ਨਹੀਂ ਆਏ ਹਨ, ਪਰ ਪਿਛਲੀਆਂ ਚੋਣਾਂ ਦੌਰਾਨ ਹੋਈਆਂ ਲੜਾਈਆਂ ਨੂੰ ਧਿਆਨ ਵਿੱਚ ਰੱਖਦਿਆਂ ਪੁਲੀਸ ਦੇ ਉਚ ਅਧਿਕਾਰੀਆਂ ਨੇ ਥਾਣਾ ਮੁਖੀਆਂ ਨੂੰ ਸੁਸਤੀਆਂ ਲਾਹਕੇ ਚੁਸਤ ਰਹਿਣ ਦੇ ਸਖ਼ਤ ਆਦੇਸ਼ ਜਾਰੀ ਕੀਤੇ ਹਨ। ਅੱਜ ਬਠਿੰਡਾ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ (ਡੀਆਈਜੀ) ਹਰਚਰਨ ਸਿੰਘ ਭੁੱਲਰ ਵੱਲੋਂ ਇੱਥੇ ਮਾਨਸਾ ਦੇ ਐੱਸਐੱਸਪੀ ਭਾਗੀਰਥ ਸਿੰਘ ਮੀਨਾ ਦੀ ਮੌਜੂਦਗੀ ਵਿੱਚ ਪੁਲੀਸ ਦੇ ਸਮੂਹ ਜੀਓਜ਼, ਮੁੱਖ ਥਾਣਾ ਅਫ਼ਸਰਾਂ, ਚੌਕੀ ਇੰਚਰਾਜਾਂ ਅਤੇ ਬ੍ਰਾਂਚ ਇੰਚਰਾਜਾਂ ਨੂੰ ਆਪੋ-ਆਪਣੇ ਇਲਾਕਿਆਂ ਵਿੱਚ ਅਮਨ-ਅਮਾਨ ਕਾਇਮ ਰੱਖਣ ਲਈ ਸਖ਼ਤ ਆਦੇਸ਼ ਜਾਰੀ ਕੀਤੇ ਹਨ। ਸ੍ਰੀ ਭੁੱਲਰ ਨੇ ਪੁਲੀਸ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰੇਕ ਥਾਣੇ ਦੇ ਉਨ੍ਹਾਂ ਪਿੰਡਾਂ ਦੀ ਸੂਚੀ ਅੱਜ ਸ਼ਾਮ ਤੱਕ ਹੀ ਬਣਾ ਲਈ ਜਾਵੇ, ਜਿਹੜੇ ਪਿੰਡਾਂ ਵਿੱਚ ਪਾਰਟੀਬਾਜ਼ੀ ਕਾਰਨ ਲੜਾਈ-ਝਗੜੇ ਹੋਣ ਦਾ ਖਦਸ਼ਾ ਹੈ।