ਪੰਚਾਇਤ ਚੋਣਾਂ: ਰਾਖਵੇਂਕਰਨ ਅਤੇ ਵੋਟਰ ਸੂਚੀ ਵਿੱਚ ਇਕਸੁਰਤਾ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ
ਕਰਮਜੀਤ ਸਿੰਘ ਚਿੱਲਾ
ਐਸ.ਏ.ਐਸ.ਨਗਰ(ਮੁਹਾਲੀ), 30 ਸਤੰਬਰ
15 ਅਕਤੂਬਰ ਨੂੰ ਹੋਣ ਵਾਲੀ ਪੰਚਾਇਤੀ ਚੋਣਾਂ ਲਈ 27 ਸਤੰਬਰ ਤੋਂ ਨਾਮਜ਼ਦਗੀਆਂ ਦਾ ਅਮਲ ਜਾਰੀ ਹੈ। ਮੁਹਾਲੀ ਬਲਾਕ ਅਧੀਨ ਪੈਂਦੇ 73 ਪਿੰਡਾਂ ਦੀਆਂ ਪੰਚਾਇਤੀ ਚੋਣਾਂ ਲਈ ਪੰਚਾਂ ਅਤੇ ਸਰਪੰਚਾਂ ਤੋਂ ਨਾਮਜ਼ਦਗੀਆਂ ਹਾਸਿਲ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਬਲਾਕ ਨੂੰ 14 ਕਲੱਸਟਰਾਂ ਵਿੱਚ ਵੰਡਿਆ ਹੈ। ਇਹ 14 ਟੀਮਾਂ ਜ਼ਿਲ੍ਹਾ ਪਰਿਸ਼ਦ ਭਵਨ ਜੁਝਾਰ ਨਗਰ ਮੁਹਾਲੀ, ਸੀਜੀਸੀ ਕਾਲਜ ਲਾਂਡਰਾਂ ਅਤੇ ਨਗਰ ਨਿਗਮ ਦਫ਼ਤਰ ਮੁਹਾਲੀ ਵਿੱਚ ਬੈਠ ਕੇ ਨਾਜ਼ਦਗੀਆਂ ਹਾਸਿਲ ਕਰ ਰਹੀਆਂ ਹਨ। ਸਰਪੰਚ-ਪੰਚ ਬਣਨ ਦੇ ਚਾਹਵਾਨਾਂ ਵੱਲੋਂ ਪਿੰਡਾਂ ਵਿੱਚ ਘਰੋਂ-ਘਰੀ ਜਾ ਕੇ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਕਈ ਪਿੰਡਾਂ ਵਿੱਚ ਸਰਬਸੰਮਤੀ ਬਣਾਉਣ ਲਈ ਗੁਰਦੁਆਰਿਆਂ ਤੇ ਹੋਰ ਸਾਂਝੀਆਂ ਥਾਵਾਂ ’ਤੇ ਇਕੱਠ ਵੀ ਹੋ ਰਹੇ ਹਨ। ਕਈ ਪਿੰਡਾਂ ਵਿੱਚ ਸਰਬਸੰਮਤੀ ਨਾਲ ਸਰਪੰਚ ਦੀ ਚੋਣ ਕਰਨ ’ਤੇ ਚਾਹਵਾਨਾਂ ਵੱਲੋਂ ਆਪਣੇ ਵੱਲੋਂ ਵੱਡੀਆਂ-ਵੱਡੀਆਂ ਰਾਸ਼ੀਆਂ ਪਿੰਡਾਂ ਦੀਆਂ ਧਾਰਮਿਕ ਥਾਵਾਂ ਨੂੰ ਦੇਣ ਦੇ ਵੀ ਐਲਾਨ ਹੋ ਰਹੇ ਹਨ। ਅਨੇਕਾਂ ਪਿੰਡਾਂ ਵਿੱਚ ਪੰਚਾਂ ਦੀ ਰਾਖਵੇਂਕਰਨ ਅਤੇ ਵੋਟਰ ਸੂਚੀ ਵਿੱਚ ਦਰਜ ਘਰਾਂ ਦੇ ਨੰਬਰਾਂ ਵਿੱਚ ਪੰਚੀ ਦੇ ਚਾਹਵਾਨ ਉਮੀਦਵਾਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੋਟਰ ਸੂਚੀ ਅਨੁਸਾਰ ਉਮੀਦਵਾਰ ਨੇ ਆਪਣੀ ਨਾਮਜ਼ਦਗ ਵਿੱਚ ਲੜੀ ਨੰਬਰ ਭਰਨਾ ਹੁੰਦਾ ਹੈ। ਗਲਤ ਵੋਟਰ ਨੰਬਰ ਭਰਨ ਦੀ ਸੂਰਤ ਵਿੱਚ ਨਾਮਜ਼ਦਗੀਆਂ ਰੱਦ ਵੀ ਹੋ ਜਾਂਦੀਆਂ ਹਨ। ਅਨੇਕਾਂ ਪਰਿਵਾਰਾਂ ਦੇ ਵੋਟਰ ਸੂਚੀਆਂ ਵਿੱਚ ਜਿਹੜੇ ਨੰਬਰ ਮੌਜੂਦ ਹਨ, ਪੰਚਾਂ ਦੀ ਰਾਖਵੇਂਕਰਨ ਵਾਲੀ ਸੂਚੀ ਵਿੱਚ ਹੋਰ ਹਨ। ਅਜਿਹੇ ਵਿੱਚ ਇੱਕੋ ਵਾਰਡ ਦੇ ਘਰ ਇੱਧਰ-ਉੱਧਰਲੇ ਵਾਰਡਾਂ ਵਿੱਚ ਦਰਸਾਏ ਹੋਏ ਹਨ।
ਬਲਬੀਰ ਸਿੱਧੂ ਨੇ ਵੋਟਰ ਲਿਸਟਾਂ ਦੀਆਂ ਖ਼ਾਮੀਆਂ ਵਿਰੁੱਧ ਦਿੱਤੀ ਚਿਤਾਵਨੀ
ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਪੰਚਾਂ ਦੇ ਵਾਰਡਾਂ ਅਤੇ ਵੋਟਰ ਸੂਚੀਆਂ ਵਿੱਚ ਕੀਤੀ ਕੱਟ-ਵੱਢ ਦਰੁਸਤ ਨਾ ਕੀਤੀ ਤਾਂ ਉਹ ਤਿੱਖੇ ਸੰਘਰਸ਼ ਤੋਂ ਗੁਰੇਜ਼ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਪੰਚਾਂ ਦੇ ਵਾਰਡਾਂ ਵਿੱਚ ਬੁਰੀ ਤਰ੍ਹਾਂ ਧਾਂਦਲੀ ਕੀਤੀ ਗਈ ਹੈ। ਇੱਕੋ ਛੱਤ ਥੱਲੇ ਰਹਿੰਦੇ ਪਰਿਵਾਰਾਂ ਦੀਆਂ ਵੋਟਾਂ ਇੱਕ ਦੂਜੇ ਵਾਰਡ ਵਿੱਚ ਪਾ ਦਿੱਤੀਆਂ ਗਈਆਂ ਹਨ। ਵਿਰੋਧੀਆਂ ਦੀਆਂ ਵੋਟਾਂ ਕੱਟ ਦਿੱਤੀਆਂ ਗਈਆਂ ਹਨ। ਵੋਟਰ ਸੂਚੀ ਪਹਿਲੀ ਜਨਵਰੀ 2023 ਦੀ ਚੁੱਕੀ ਜਾ ਰਹੀ ਹੈ, ਜਦੋਂ ਕਿ ਇਸ ਤੋਂ ਬਾਅਦ ਲੋਕ ਸਭਾ ਦੀਆਂ ਵੋਟਾਂ ਵੀ ਪੈ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਮੌਕੇ ’ਤੇ ਹਾਕਮ ਧਿਰ ਦੀਆਂ ਜਾਅਲੀ ਵੋਟਾਂ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਚੋਣ ਕਮਿਸ਼ਨ ਤੋਂ ਤੁਰੰਤ ਦਖ਼ਲ ਦੀ ਮੰਗ ਕਰਦਿਆਂ ਪੰਚਾਂ ਦੀ ਵਾਰਡਬੰਦੀ, ਵੋਟਾਂ, ਰਾਖਵੇਂਕਰਨ ਆਦਿ ਨੂੰ ਤੁਰੰਤ ਦਰੁਸਤ ਕਰਾਉਣ ਦੀ ਮੰਗ ਕੀਤੀ ਹੈ। ਅਜਿਹਾ ਨਾ ਹੋਣ ਦੀ ਸੂਰਤ ਵਿੱਚ ਉਨ੍ਹਾਂ ਅਦਾਲਤ ਦਾ ਦਰਵਾਜ਼ਾ ਖੜਕਾਉਣ ਵੀ ਚਿਕਾਵਨੀ ਦਿੱਤੀ ਹੈ।