For the best experience, open
https://m.punjabitribuneonline.com
on your mobile browser.
Advertisement

ਪੰਚਾਇਤੀ ਚੋਣਾਂ: ਲੋਕਾਂ ਵੱਲੋਂ ਬੀਡੀਪੀਓ ਦਫ਼ਤਰ ਅੱਗੇ ਧਰਨਾ

07:12 AM Oct 05, 2024 IST
ਪੰਚਾਇਤੀ ਚੋਣਾਂ  ਲੋਕਾਂ ਵੱਲੋਂ ਬੀਡੀਪੀਓ ਦਫ਼ਤਰ ਅੱਗੇ ਧਰਨਾ
ਸੁਨਾਮ ਵਿੱਚ ਪਿੰਡ ਮੈਦੇਵਾਸ ਦੇ ਲੋਕ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ।
Advertisement

ਸਰਬਜੀਤ ਸਿੰਘ ਭੰਗੂ
ਪਟਿਆਲਾ, 4 ਅਕਤੂਬਰ
ਪੰਚਾਇਤੀ ਚੋਣਾਂ ਸਬੰਧੀ ਨਾਮਜ਼ਦਗੀ ਦੇ ਅੱਜ ਆਖ਼ਰੀ ਦਿਨ ਜ਼ਿਲ੍ਹੇ ਭਰ ਦੇ ਬੀਡੀਪੀਓ ਦਫਤਰਾਂ ਵਿਚ ਭਾਰੀ ਗਹਿਮਾ ਗਹਿਮੀ ਰਹੀ। ਉਧਰ ‘ਆਪ’ ਆਗੂਆਂ ’ਤੇ ਧੱਕੇਸ਼ਾਹੀ ਅਤੇ ਅਫਸਰਸ਼ਾਹੀ ਵੱਲੋਂ ਲੋਕਾਂ ਦੀ ਗੱੱਲ ਨਾ ਸੁਣਨ ਅਤੇ ਕਈ ‘ਆਪ’ ਆਗੂਆਂ ਵੱਲੋਂ ਸਰਕਾਰ ਵਿਰੋਧਂ ਉਮੀਦਵਾਰਾਂ ਦੀਆਂ ਫਾਈਲਾਂ ਖੋਹਣ ਅਤੇ ਪਾੜਨ ਦੇ ਦੋਸ਼ ਵੀ ਲਾਉਂਦਿਆਂ ਸਨੌਰ ਦੇ ਸਾਬਕਾ ਅਕਾਲੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਅਗਵਾਈ ਹੇਠਾਂ ਅੱਜ ਇਥੇ ਰਾਜਪੁਰਾ ਰੋਡ ਸਥਿਤ ਬੀਡੀਪੀਓ ਸਨੌਰ ਦੇ ਦਫਤਰ ਦੇ ਸਾਹਮਣੇ ਧਰਨਾ ਮਾਰ ਕੇ ਆਵਾਜਾਈ ਵੀ ਠੱਪ ਕੀਤੀ ਗਈ। ਚੰਦੂਮਾਜਰਾ ਦਾ ਕਹਿਣਾ ਸੀ ਕਿ ‘ਆਪ’ ਕਾਰਕੁਨਾਂ ਨੇ ਵਿਧਾਇਕ ਹਰਮੀਤ ਪਠਾਣਮਾਜਰਾ ਦੀ ਸ਼ਹਿ ’ਤੇ ਗੁੰਡਾਗਰਦੀ ਦੀ ਨੰਗਾ ਨਾਚ ਕੀਤਾ ਹੈ। ਉਨ੍ਹਾਂ ਕਿਹਾ ਕਿ ਕੁਝ ਆਪ ਵਰਕਰਾਂ ਨੇ ਤਾਂ ਉਮੀਦਵਾਰਾਂ ਦੇ ਹੱਥਾਂ ਵਿਚੋਂ ਖੋਹ ਕੇ ਫਾਈਲਾਂ ਪਾੜ ਹੀ ਦਿੱਤੀਆਂ ਗਈਆ। ਉਨ੍ਹਾਂ ਕਿਹਾ ਕਿ ਵਿਧਾਇਕ ਦੇ ਨਜਦੀਕੀ ਕੁਝ ਆਪ ਕਾਰਕੁਨ ਬੀਡੀਪੀਓ ਦਫਤਰ ’ਚ ਬੈਠੇ ਰਹੇ ਤੇ ਉਹ ਅਕਾਲੀ ਤੇ ਹੋਰ ਪਾਰਟੀਆਂ ਨਾਲ ਸਬੰਧਤ ਉਮੀਦਵਾਰਾਂ ਨੂੰ ਧਮਕਾ ਰਹੇ ਸਨ। ਉਧਰ, ਸਨੌਰ ਤੋਂ ‘ਆਪ’ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਚੰਦੂਮਾਜਰਾ ਦੇ ਦੋਸ਼ਾਂ ਨੂੰ ਸਿਰੇ ਤੋਂ ਹੀ ਨਕਾਰ ਦਿਤਾ। ਪਠਾਣਮਾਜਰਾ ਦਾ ਕਹਿਣਾ ਸੀ ਕਿ ਅਸਲ ’ਚ ਲੋਕ ਪਿੰਡਾਂ ’ਚ ਇਨ੍ਹਾਂ ਨੂੰ ਮੂੰਹ ਨਹੀ ਲਾ ਰਹੇ ਜਿਸ ਕਰਕੇ ਇਹ ਲੋਕ ਹੁਣ ਆਪ ਵਰਕਰਾਂ ਨੂੰ ਬਦਨਾਮ ਕਰਕੇ ਚੋਣ ਲੜਨ ਤੋਂ ਭੱਜਣ ਦਾ ਬਹਾਨਾ ਲਾ ਰਹੇ ਹਨ। ਭਾਜਪਾ ਦੇ ਸੀਨੀਅਰ ਆਗੂ ਹਰਵਿੰਦਰ ਸਿੰਘ ਹਰਪਾਲਪੁਰ ਨੇ ਕਿਹਾ ਕਿ ਜੋ ਲੋਕ ਆਪਣੀਆਂ ਸਰਕਾਰਾਂ ਦੌਰਾਨ ਲੋਕਾਂ ਦੇ ਸਰਪੰਚੀ ਤੇ ਪੰਚੀ ਦੇ ਕਾਗਜ਼ ਰੱਦ ਕਰਵਾ ਕੇ ਆਪਣੇ ਚਹੇਤਿਆਂ ਨੂੰ ਸਰਪੰਚ ਪੰਚ ਬਣਾਉਂਦੇ ਰਹੇ ਤੇ ਹੋਰਾਂ ’ਤੇ ਝੂਠੇ ਪਰਚੇ ਦਰਜ ਕਰਵਾਉਂਦੇ ਰਹੇ, ਉਹ ਅੱਜ ਆਪਣੀ ਵਾਰੀ ਚੀਕਾਂ ਮਾਰ ਰਹੇ ਹਨ।
ਰਾਜਪੁਰਾ (ਦਰਸ਼ਨ ਸਿੰਘ ਮਿੱਠਾ): ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੇ ਅੱਜ ਅਖੀਰਲੇ ਦਿਨ ਇੱਥੇ ਪਟੇਲ ਕਾਲਜ ਵਿਖੇ ਦੋ ਧਿਰਾਂ ਦਰਮਿਆਲ ਝੜਪ ਹੋ ਗਈ। ਦੋਵਾਂ ਧਿਰਾਂ ਨੇ ਇਕ-ਦੂਜੇ ’ਤੇ ਕਾਗ਼ਜ਼ ਪਾੜਨ ਦੇ ਦੋਸ਼ ਲਗਾਏ। ਇਸ ਝੜਪ ਵਿਚ ਇਸ਼ਪਿੰਦਰ ਸਿੰਘ ਪੁੱਤਰ ਮਸਤਾਨ ਸਿੰਘ ਵਾਸੀ ਪਿੰਡ ਆਕੜੀ ਜ਼ਖ਼ਮੀ ਹੋ ਗਿਆ। ਉਸ ਨੂੰ ਇੱਥੋਂ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਇਸ਼ਪਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਪਿੰਡ ਆਕੜੀ ਤੋਂ ਸਰਪੰਚੀ ਦੀ ਚੋਣ ਲਈ ਕਾਗ਼ਜ਼ ਦਾਖ਼ਲ ਕਰਨੇ ਸਨ। ਜਦੋਂ ਉਹ ਪਟੇਲ ਕਾਲਜ ਵਿਖੇ ਕਾਗ਼ਜ਼ ਦਾਖ਼ਲ ਕਰਨ ਲਈ ਪੁੱਜਿਆ ਤਾਂ ਉਸ ਦੇ ਪਿੰਡ ਦੀ ਦੂਜੀ ਧਿਰ ਦੇ ਵਿਅਕਤੀਆਂ ਨੇ ਉਸ ਨੂੰ ਘੇਰ ਲਿਆ। ਉਸ ਨੇ ਦੋਸ਼ ਲਗਾਇਆ ਕਿ ਸਰਪੰਚੀ ਦੇ ਚਾਹਵਾਨ ਪਿੰਡ ਦੇ ਹੀ ਵਸਨੀਕ ਸੋਨੀ ਨੇ ਕਥਿਤ ਸਰਕਾਰ ਦੀ ਸ਼ਹਿ ’ਤੇ ਉਸ ਦੇ ਹੱਥੋਂ ਫਾਈਲ ਫੜ ਕੇ ਪਾੜ ਦਿੱਤੀ ਅਤੇ ਉਸ ਨਾਲ ਕੁੱਟਮਾਰ ਕੀਤੀ ਹੈ। ਇਸ ਸਬੰਧੀ ਗੱਲ ਕਰਨ ’ਤੇ ਐੱਸਡੀਐੱਮ ਰਾਜਪੁਰਾ ਅਵਕੇਸ਼ ਗੁਪਤਾ ਨੇ ਕਿਹਾ ਕਿ ਦੋਵਾਂ ਧਿਰਾਂ ਨੇ ਇਕ ਦੂਜੇ ਉਪਰ ਕਾਗ਼ਜ਼ ਪਾੜਨ ਦੇ ਦੋਸ਼ ਲਗਾਏ ਹਨ। ਪ੍ਰਸ਼ਾਸਨ ਨੇ ਹਰਕਤ ਵਿਚ ਆਉਂਦਿਆਂ ਦੋਵੇਂ ਧਿਰਾਂ ਦੇ ਕਾਗ਼ਜ਼ ਦਾਖ਼ਲ ਕਰਵਾ ਦਿੱਤੇ ਹਨ ਅਤੇ ਮਾਮਲਾ ਸੁਲਝ ਗਿਆ ਹੈ।
ਨਾਭਾ (ਜਸਮੀਨ ਭਾਰਦਵਾਜ): ਪੰਚਾਇਤ ਚੋਣਾਂ ਦੌਰਾਨ ਅੱਜ ਨਾਮਜ਼ਦਗੀ ਦਰਜ ਕਰਨ ਦੇ ਆਖ਼ਰੀ ਦਿਨ ਕਥਿਤ ਸੱਤਾਧਾਰੀ ਧਿਰ ਤੋਂ ਸਮਰਥਨ ਪ੍ਰਾਪਤ ਉਮੀਦਵਾਰ ਦੇ ਸਾਥੀ ਨੇ ਦੂਜੇ ਉਮੀਦਵਾਰ ਦੇ ਸਰਕਾਰੀ ਮੁਲਾਜ਼ਮ ਕੋਲੋਂ ਨਾਮਜ਼ਦਗੀ ਕਾਗਜ਼ ਕਥਿਤ ਤੌਰ ’ਤੇ ਖੋਹ ਲਏ। ਐੱਸਡੀਐੱਮ ਨੇ ਕਿਹਾ ਕਿ ਸ਼ਿਕਾਇਤ ਮਿਲਣ ਮਗਰੋਂ ਕਾਰਵਾਈ ਕੀਤੀ ਜਾਵੇਗੀ।

Advertisement

ਨਾਮਜ਼ਦਗੀ ਨਾ ਭਰਵਾਏ ਜਾਣ ਖ਼ਿਲਾਫ਼ ਮੈਦੇਵਾਸ ਵਾਸੀਆਂ ਵੱਲੋਂ ਪ੍ਰਦਰਸ਼ਨ

ਸੁਨਾਮ ਊਧਮ ਸਿੰਘ ਵਾਲਾ (ਬੀਰ ਇੰਦਰ ਸਿੰਘ ਬਨਭੌਰੀ): ਸਥਾਨਕ ਆਈਟੀਆਈ ਚੌਕ ਵਿਖੇ ਅੱਜ ਉਸ ਸਮੇਂ ਭਾਰੀ ਹੰਗਾਮਾ ਵੇਖਣ ਨੂੰ ਮਿਲਿਆ ਜਦੋਂ ਨੇੜਲੇ ਪਿੰਡ ਮੈਦੇਵਾਸ ਦੇ ਇੱਕ ਸਰਪੰਚੀ ਦੇ ਚਾਹਵਾਨ ਵਿਅਕਤੀ ਨੇ ਆਪਣੇ ਸੈਂਕੜੇ ਸਮਰਥਕਾਂ ਨਾਲ ਪੁੱਜ ਕੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਪ੍ਰਸ਼ਾਸਨ ਉੱਤੇ ਧੱਕੇਸ਼ਾਹੀ ਦਾ ਦੋਸ਼ ਲਾਉਂਦਿਆਂ ਦਾਅਵਾ ਕੀਤਾ ਕਿ ਪ੍ਰਸ਼ਾਸਨਿਕ ਅਧਿਕਾਰੀ ਜਾਣ-ਬੁੱਝ ਕੇ ਉਨ੍ਹਾਂ ਦੀ ਨਾਮਜ਼ਦਗੀ ਪੱਤਰ ਨਹੀਂ ਭਰਵਾ ਰਹੇ ਅਤੇ ਗਲਤ ਇਤਰਾਜ਼ ਲਗਾ ਰਹੇ ਹਨ। ਮੈਦੇਵਾਸ ਵਾਸੀ ਬਲਵਿੰਦਰ ਸਿੰਘ ਨੇ ਕਿਹਾ ਕਿ ਉਹ ਪਿਛਲੇ ਕਈ ਦਿਨਾਂ ਤੋਂ ਕਾਗਜ਼ ਭਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਸਬੰਧਤ ਅਧਿਕਾਰੀ ਉਸ ਨੂੰ ਵਾਪਸ ਮੋੜ ਦਿੰਦੇ ਹਨ। ਉਨ੍ਹਾਂ ਕਿਹਾ ਕਿ ਅਧਿਕਾਰੀ ਵੱਲੋਂ ਇਹ ਇਤਰਾਜ਼ ਲਗਾਇਆ ਜਾ ਰਿਹਾ ਹੈ ਕਿ ਉਸ ਵੱਲੋਂ ਪਿੰਡ ਦੀ ਪੰਚਾਇਤੀ ਜ਼ਮੀਨ ’ਤੇ ਕਬਜ਼ਾ ਕੀਤਾ ਹੋਇਆ ਹੈ ਜਦੋਂ ਕਿ ਉਸ ਕੋਲ ਤਹਿਸੀਲਦਾਰ ਸੁਨਾਮ ਵੱਲੋਂ ਤਿਆਰ ਕੀਤੀ ਗਈ ਰਿਪੋਰਟ ਮੌਜੂਦ ਹੈ। ਜਦੋਂ ਇਸ ਸਬੰਧੀ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਸੁਨਾਮ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਪਹਿਲਾਂ ਹੀ ਅਦਾਲਤ ਦੇ ਵਿਚਾਰ ਅਧੀਨ ਹੈ ਅਤੇ ਜੇਕਰ ਬਲਵਿੰਦਰ ਸਿੰਘ ਕੋਲ ਆਪਣੇ ਪੱਖ ਵਿਚ ਕੋਈ ਸਬੂਤ ਹਨ ਤਾਂ ਉਹ ਅਦਾਲਤ ਵਿਚ ਜਾ ਸਕਦਾ ਹੈ।

Advertisement

ਘਨੌਰੀ ਕਲਾਂ ਵਿੱਚ ਇੱਕ-ਦੂਜੇ ਵਾਰਡਾਂ ਦੀਆਂ ਵੋਟਾਂ ਬਦਲਣ ਵਿਰੁੱਧ ਰੋਸ

ਸ਼ੇਰਪੁਰ (ਬੀਰਬਲ ਰਿਸ਼ੀ): ਬਲਾਕ ਸ਼ੇਰਪੁਰ ਨਾਲ ਸਬੰਧਤ ਪਿੰਡ ਘਨੌਰੀ ਕਲਾਂ ’ਚ ਵਾਰਡਾਂ ਦੀਆਂ ਵੋਟਾਂ ਦੀ ਅਦਲਾ-ਬਦਲੀ ਤੋਂ ਪ੍ਰੇਸ਼ਾਨ ਵੋਟਰਾਂ ਨੇ ਰੋਸ ਪ੍ਰਗਟ ਕਰਦਿਆਂ ਜਿੱਥੇ ਆਪਣੀਆਂ ਵੋਟਾਂ ਆਪਣੇ ਹੀ ਵਾਰਡ ਵਿੱਚ ਪਵਾਉਣ ਲਈ ਯਕੀਨੀ ਬਣਾਉਣ ਲਈ ਕਿਹਾ, ਉੱਥੇ ਵੋਟਾਂ ਦੀ ਅਦਲਾ-ਬਦਲੀ ਪਿਛਲੇ ਗੁੱਝੇ ਮਨੋਰਥ ਸਾਹਮਣੇ ਲਿਆ ਕੇ ਜ਼ਿੰਮੇਵਾਰ ਤੇ ਬਣਦੀ ਕਾਰਵਾਈ ਕਰਨ ਦੀ ਜ਼ੋਰਦਾਰ ਮੰਗ ਉਠਾਈ। ਘਨੌਰੀ ਕਲਾਂ ਵਾਰਡ ਨੰਬਰ 10 ਤੋਂ ਗੁਰਪ੍ਰੀਤ ਸਿੰਘ ਮੁਖੀਆ ਨੇ ਦੱਸਿਆ ਕਿ ਉਸਦੀ ਪਤਨੀ ਹਰਜੀਤ ਕੌਰ ਤੇ ਪਿਤਾ ਜੱਗਰ ਸਿੰਘ ਦੀ ਵੋਟ ਵਾਰਡ ਨੰਬਰ 8 ਵਿੱਚ ਕਰ ਦਿੱਤੀ। ਮੁਖੀਆ ਅਨੁਸਾਰ ਗਰਮੇਲ ਸਿੰਘ ਤੇ ਉਸਦੇ ਪਰਿਵਾਰਕ ਮੈਂਬਰਾਂ, ਗੁਰਜੰਟ ਸਿੰਘ ਦੇ ਪਰਿਵਾਰ ਦੀਆਂ ਚਾਰ ਵੋਟਾਂ, ਰਘਵੀਰ ਸਿੰਘ ਦੇ ਪਰਿਵਰ ਦੀਆਂ ਤਿੰਨ ਵੋਟਾਂ ਵੀ 8 ਨੰਬਰ ਵਾਰਡ ਵਿੱਚ ਪਾ ਦਿੱਤੀਆਂ। ਉਨ੍ਹਾਂ ਦਾਅਵਾ ਕੀਤਾ ਕਿ ਵਾਰਡ ਨੰਬਰ 10 ਵਿੱਚ ਤਕਰੀਬਨ 48 ਵੋਟਾਂ ਹੋਰ ਵਾਰਡਾਂ ਦੀਆਂ ਪਾ ਦਿੱਤੀਆਂ। ਬੀਡੀਪੀਓ ਭੂਸ਼ਨ ਕੁਮਾਰ ਨੇ ਦੋਸ਼ ਨਕਾਰਦਿਆਂ ਕਿਹਾ ਕਿ ਉਹ ਹਾਲੇ ਨਵੇਂ ਆਏ ਹਨ, ਇਹ ਕੰਮ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਦਾ ਹੈ। ਉਨ੍ਹਾਂ ਹਾਲ ਦੀ ਘੜੀ ਵੋਟਾਂ ਦੀ ਸ਼ੁਧਾਈ ਸਬੰਧੀ ਕੁੱਝ ਵੀ ਕਹਿਣ ਤੋਂ ਟਾਲਾ ਵੱਟਿਆ।

Advertisement
Author Image

sukhwinder singh

View all posts

Advertisement