ਪੰਚਾਇਤ ਚੋਣਾਂ: ਚਾਹਵਾਨ ਉਮੀਦਵਾਰਾਂ ਨੂੰ ਲੋੜੀਦੇ ਕਾਗਜ਼ਾਤ ਨਾ ਦੇਣ ’ਤੇ ਰੋਸ
ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 30 ਸਤੰਬਰ
ਪੰਚਾਇਤੀ ਚੋਣਾਂ ਦੇ ਚਾਹਵਾਨ ਉਮੀਦਵਾਰਾਂ ਨੂੰ ਆਪਣੇ ਕਾਗਜ਼ ਦਾਖਲ ਕਰਨ ਲਈ ਬੀਡੀਪੀਓ ਦਫਤਰ ਭਗਤਾ ਭਾਈ ਵੱਲੋਂ ਲੋੜੀਂਦੇ ਕਾਗਜ਼ਾਤ ਨਹੀਂ ਮਿਲ ਰਹੇ ਜਿਸ ਕਾਰਨ ਰੋਹ ਵਿਚ ਆਏ ਗੁੰਮਟੀ ਕਲਾਂ, ਦਿਆਲਪੁਰਾ ਮਿਰਜ਼ਾ, ਸੁਰਜੀਤਪੁਰਾ ਆਦਿ ਪਿੰਡਾਂ ਦੇ ਲੋਕਾਂ ਵੱਲੋਂ ਸਥਾਨਕ ਸ਼ਹਿਰ ਦੇ ਮੁੱਖ ਚੌਕ ਵਿਚ ਸੜਕ ਜਾਮ ਕਰ ਕੇ ਧਰਨਾ ਦਿੱਤਾ ਗਿਆ। ਧਰਨਾਕਾਰੀਆਂ ਵਿਚ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਹੋਰ ਪਾਰਟੀਆਂ ਦੇ ਉਮੀਦਵਾਰ ਤੇ ਸਮਰਥਕ ਸ਼ਾਮਲ ਸਨ। ਉਨ੍ਹਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਪੰਚਾਇਤ ਚੋਣਾਂ ਵਿੱਚ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨਾਲ ਧੱਕੇਸ਼ਾਹੀ ਕਰਨ ਦਾ ਦੋਸ਼ ਲਗਾਇਆ। ਇਸ ਧਰਨੇ ’ਚ ਪਹੁੰਚੇ ਨੌਜਵਾਨ ਆਗੂ ਲੱਖਾ ਸਿੰਘ ਸਿਧਾਣਾ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ’ਤੇ ਪੰਚਾਇਤ ਚੋਣਾਂ ਦੌਰਾਨ ਲੋਕਤੰਤਰ ਦੇ ਕਤਲ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਇਸ ਸਰਕਾਰ ਨੇ ਪਿਛਲੀਆਂ ਸਰਕਾਰਾਂ ਦੀਆਂ ਧੱਕੇਸ਼ਾਹੀਆਂ ਨੂੰ ਵੀ ਮਾਤ ਪਾ ਦਿੱਤੀ ਹੈ। ਇਸ ਮੌਕੇ ਸਾਬਕਾ ਬਲਾਕ ਸਮਿਤੀ ਮੈਂਬਰ ਗੁਰਪਾਲ ਸਿੰਘ ਭੱਟੀ ਦਿਆਲਪੁਰਾ ਮਿਰਜ਼ਾ, ਦਲਜੀਤ ਸਿੰਘ ਪੱਪਾ ਬਰਾੜ ਸਮੇਤ ਹੋਰ ਆਗੂਆਂ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਵੱਲੋਂ ਪੰਚਾਇਤ ਚੋਣਾਂ ਪੂਰੀ ਨਿਰਪੱਖਤਾ ਨਾਲ ਕਰਵਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਦੂਜੇ ਪਾਸੇ ਸਰਕਾਰ ਦੀ ਸ਼ਹਿ ’ਤੇ ਬੀਡੀਪੀਓ ਦਫ਼ਤਰ ਭਗਤਾ ਵੱਲੋਂ ਐਨਓਸੀ, ਚੁੱਲ੍ਹਾ ਟੈਕਸ ਸਮੇਤ ਹੋਰ ਲੋੜੀਂਦੇ ਕਾਗਜ਼ ਨਹੀਂ ਦਿੱਤੇ ਜਾ ਰਹੇ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਦੀ ਇਸ ਬੇਰੁਖੀ ਕਾਰਨ ਚੋਣ ਲੜਨ ਦੇ ਚਾਹਵਾਨ ਉਮੀਦਵਾਰ ਲੋੜੀਂਦੇ ਕਾਗਜ਼ ਲੈਣ ਲਈ ਖੱਜਲ ਖੁਆਰ ਹੋ ਰਹੇ ਹਨ। ਉਕਤ ਆਗੂਆਂ ਨੇ ਖ਼ਦਸ਼ਾ ਜ਼ਾਹਿਰ ਕੀਤਾ ਕਿ ਸਰਕਾਰ ਦੀ ਇਸ ਨੀਤੀ ਨੂੰ ਦੇਖ ਕੇ ਲੱਗਦਾ ਹੈ ਕਿ ਸੱਤਾਧਾਰੀ ਧਿਰ ਚੋਣਾਂ ਵਾਲੇ ਦਿਨ ਵੀ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਲਈ ਧੱਕੇਸ਼ਾਹੀ ਕਰੇਗੀ। ਇਸ ਸਬੰਧ ਵਿਚ ਬੀਡੀਪੀਓ ਦਫ਼ਤਰ ਦੇ ਅਧਿਕਾਰੀਆਂ ਦਾ ਪੱਖ ਜਾਨਣ ਦੀ ਕੋਸ਼ਿਸ਼ ਕੀਤੀ ਪਰ ਫੋਨ ਬੰਦ ਹੋਣ ਕਾਰਨ ਸੰਪਰਕ ਨਹੀਂ ਹੋ ਸਕਿਆ।