ਪੰਚਾਇਤ ਚੋਣਾਂ: ਅਧਿਕਾਰੀ ਛੁੱਟੀ ਵਾਲੇ ਦਿਨ ਵੀ ਦਫ਼ਤਰ ਖੋਲ੍ਹ ਕੇ ਬੈਠੇ
ਖ਼ਬਰ ਦਾ ਅਸਰ
ਦਰਸ਼ਨ ਸਿੰਘ ਸੋਢੀ
ਐਸਏਐਸ ਨਗਰ (ਮੁਹਾਲੀ), 2 ਅਕਤੂਬਰ
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਪੰਚਾਇਤ ਚੋਣਾਂ ਸਬੰਧੀ ਜਿੱਥੇ ਪਿੰਡਾਂ ’ਚ ਸਿਆਸੀ ਮਾਹੌਲ ਭਖ ਗਿਆ ਹੈ, ਉੱਥੇ ਚੋਣ ਲੜਨ ਦੇ ਚਾਹਵਾਨਾਂ ਨੂੰ ਐਨਓਸੀ ਲੈਣ ਲਈ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਲੋਕ ਸਰਕਾਰ ’ਤੇ ਧੱਕੇਸ਼ਾਹੀ ਦੇ ਦੋਸ਼ ਲਗਾ ਰਹੇ ਹਨ। ਇਸ ਸਬੰਧੀ ‘ਪੰਜਾਬੀ ਟ੍ਰਿਬਿਊਨ’ ਵਿੱਚ ‘ਪੰਚਾਇਤ ਚੋਣਾਂ: ਅਧਿਕਾਰੀ ਦਫ਼ਤਰ ਵਿੱਚ ਨਾ ਮਿਲਣ ਕਾਰਨ ਚੋਣਾਂ ਲੜਨ ਦੇ ਚਾਹਵਾਨ ਪ੍ਰੇਸ਼ਾਨ’ ਸਿਰਲੇਖ ਹੇਠ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਅੱਜ ਸਰਕਾਰੀ ਛੁੱਟੀ ਵਾਲੇ ਦਿਨ ਵੀ ਬੀਡੀਪੀਓ ਦਾ ਦਫ਼ਤਰ ਆਮ ਦਿਨਾਂ ਵਾਂਗ ਖੁੱਲ੍ਹਾ ਰਿਹਾ ਤੇ ਚੋਣਾਂ ਲੜਨ ਦੇ ਚਾਹਵਾਨਾਂ ਨੂੰ ਐਨਓਸੀ ਜਾਰੀ ਕੀਤੀਆਂ ਗਈਆਂ। ਚੱਪੜਚਿੜੀ ਕਲਾਂ ਦੇ ਸਾਬਕਾ ਸਰਪੰਚ ਗੁਰਮੇਲ ਸਿੰਘ ਤੇ ਸਰਪੰਚੀ ਦੀ ਉਮੀਦਵਾਰ ਪਰਮਜੀਤ ਕੌਰ ਨੇ ਦੱਸਿਆ ਕਿ ਅੱਜ ਉਨ੍ਹਾਂ ਨੂੰ ਐਨਓਸੀ ਮਿਲ ਗਈ ਹੈ। ਇਸੇ ਤਰ੍ਹਾਂ ਕਈ ਹੋਰਨਾਂ ਵਿਅਕਤੀਆਂ ਨੇ ਵੀ ਐਨਓਸੀ ਮਿਲਣ ਦੀ ਪੁਸ਼ਟੀ ਕੀਤੀ।
ਪਿੰਡ ਕੰਬਾਲਾ ਦੇ ਤਤਕਾਲੀ ਸਰਪੰਚ ਅਮਰੀਕ ਸਿੰਘ ਨੇ ਦੱਸਿਆ ਕਿ ਕਾਫ਼ੀ ਖੱਜਲ-ਖੁਆਰੀ ਤੋਂ ਬਾਅਦ ਅੱਜ ਐਨਓਸੀ ਮਿਲੀ ਹੈ। ਵੋਟਰ ਸੂਚੀ ਦੇ ਵੀ 500-500 ਰੁਪਏ ਵਸੂਲੇ ਜਾ ਰਹੇ ਹਨ, ਜਦੋਂਕਿ ਸੂਚੀਆਂ ਮੁਫ਼ਤ ਮਿਲਣੀਆਂ ਚਾਹੀਦੀਆਂ ਹਨ। ਗ਼ਰੀਬਾਂ ਨੂੰ ਬਿਜਲੀ-ਪਾਣੀ ਮੁਫ਼ਤ ਸਹੂਲਤ ਹੈ ਪਰ ਇਸ ਦਾ ਸਰਟੀਫਿਕੇਟ ਮੰਗਿਆ ਜਾ ਰਿਹਾ ਹੈ। ਬਲੌਂਗੀ ਦੇ 13 ਵਾਰਡਾਂ ਦੀ ਵੋਟਰ ਸੂਚੀ 6500 ਰੁਪਏ ਵਿੱਚ ਮਿਲ ਰਹੀ ਹੈ।
ਦਵਿੰਦਰ ਸਿੰਘ ਨੇ ਕਿਹਾ ਕਿ ਉਸ ਨੇ ਪਿੰਡ ਪੱਤੋਂ ਦੀ ਸ਼ਾਮਲਾਤ ਠੇਕੇ ’ਤੇ ਲਈ ਹੋਈ ਹੈ ਅਤੇ ਉਹ ਪੰਚੀ ਦੀ ਚੋਣ ਲੜਨਾ ਚਾਹੁੰਦਾ ਹੈ ਪਰ ਅਧਿਕਾਰੀ ਨੇ ਉਸ ਨੂੰ ਇਹ ਕਹਿ ਕੇ ਵਾਪਸ ਮੋੜ ਦਿੱਤਾ ਕਿ ਉਸ ਨੇ ਸ਼ਾਮਲਾਤ ਜ਼ਮੀਨ ਠੇਕੇ ’ਤੇ ਲਈ ਹੋਈ ਹੈ। ਇੱਕ ਹੋਰ ਪੀੜਤ ਨੇ ਦੱਸਿਆ ਕਿ ਉਸ ਨੂੰ ਇਹ ਕਹਿ ਕੇ ਵਾਪਸ ਮੋੜ ਦਿੱਤਾ ਕਿ ਉਸ ਦੀ ਘਰਵਾਲੀ ਸਰਪੰਚ ਹੈ, ਉਹ ਪੰਚੀ ਦੀ ਚੋਣ ਨਹੀਂ ਲੜ ਸਕਦਾ। ਚੱਪੜਚਿੜੀ ਖੁਰਦ ਦੀ ਤਤਕਾਲੀ ਸਰਪੰਚ ਰਾਜਵੀਰ ਕੌਰ ਨੇ ਦੱਸਿਆ ਕਿ ਉਸ ਨੂੰ ਵੀ ਹਾਲੇ ਤੱਕ ਐਨਓਸੀ ਨਹੀਂ ਮਿਲੀ।
ਬੀਡੀਪੀਓ ਦਫ਼ਤਰ ਪੁੱਜੇ ਬਲਬੀਰ ਸਿੰਘ ਸਿੱਧੂ
ਐਸਏਐਸ ਨਗਰ(ਮੁਹਾਲੀ) (ਕਰਮਜੀਤ ਸਿੰਘ ਚਿੱਲਾ): ਲੋਕਾਂ ਦੀ ਖੱਜਲ-ਖ਼ੁਆਰੀ ਬਾਰੇ ਸੂਚਨਾ ਮਿਲਦਿਆਂ ਹੀ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੀ ਬੀਡੀਪੀਓ ਦਫ਼ਤਰ ਪਹੁੰਚ ਗਏ। ਉਨ੍ਹਾਂ ਨੇ ਪੀੜਤਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਬੀਡੀਪੀਓ ਨਾਲ ਗੱਲ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਅਧਿਕਾਰੀ ‘ਆਪ’ ਦੇ ਹੱਥ ਠੋਕਾ ਬਣ ਕੇ ਵਿਰੋਧੀ ਪਾਰਟੀਆਂ ਦੇ ਸਮਰਥਕਾਂ ਨੂੰ ਪੰਚਾਇਤ ਚੋਣਾਂ ਲੜਨ ਤੋਂ ਰੋਕਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ ਮਹਿਜ਼ ਦੋ ਦਿਨ ਬਾਕੀ ਬਚੇ ਹਨ। ਜੇ ਅਧਿਕਾਰੀ ਇਸੇ ਤਰ੍ਹਾਂ ਖੁਆਰ ਕਰਦੇ ਰਹੇ ਤਾਂ ਵੱਡੀ ਗਿਣਤੀ ਵਿੱਚ ਲੋਕਾਂ ਦਾ ਚੋਣਾਂ ਵਿੱਚ ਹਿੱਸਾ ਲੈਣ ਤੋਂ ਵਾਂਝੇ ਰਹਿਣ ਦਾ ਖ਼ਦਸ਼ਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਧੱਕੇਸ਼ਾਹੀ ਕਰ ਕੇ ਪੰਚਾਇਤ ਚੋਣਾਂ ਜਿੱਤਣਾ ਚਾਹੁੰਦੀ ਹੈ।
ਸਾਰੇ ਦੋਸ਼ ਬੇਬੁਨਿਆਦ ਅਤੇ ਮਨਘੜਤ: ਬੀਡੀਪੀਓ
ਬੀਡੀਪੀਓ ਧਨਵੰਤ ਸਿੰਘ ਰੰਧਾਵਾ ਨੇ ਸਾਰੇ ਦੋਸ਼ ਬੇਬੁਨਿਆਦ ਅਤੇ ਮਨਘੜਤ ਹਨ। ਉਨ੍ਹਾਂ ਕਿਹਾ ਕਿ ਅੱਜ ਉਹ ਛੁੱਟੀ ਵਾਲੇ ਦਿਨ ਵੀ ਦਫ਼ਤਰ ਖੋਲ੍ਹ ਕੇ ਬੈਠੇ ਹਨ ਤੇ ਚੋਣਾਂ ਲੜਨ ਦੇ ਚਾਹਵਾਨਾਂ ਨੂੰ ਐਨਓਸੀ ਜਾਰੀ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਾਬਕਾ ਮੰਤਰੀ ਬਲਬੀਰ ਸਿੱਧੂ ਪਿੰਡ ਰੁੜਕਾ ਦੇ ਸਰਪੰਚ ਦੀ ਸਿਫ਼ਾਰਸ਼ ਕਰ ਰਹੇ ਸਨ ਜਿਸ ਵਿਰੁੱਧ ਵਿਭਾਗੀ ਜਾਂਚ ਚੱਲ ਰਹੀ ਹੈ। ਉਸ ਨੂੰ ਕਾਨੂੰਨ ਮੁਤਾਬਕ ਐਨਓਸੀ ਨਹੀਂ ਦਿੱਤੀ ਜਾ ਸਕਦੀ ਸੀ ਪਰ ਸਰਪੰਚ ਦੇ ਪੁੱਤਰ ਨੂੰ ਐਨਓਸੀ ਦੇ ਦਿੱਤੀ ਗਈ ਹੈ। ਅਧਿਕਾਰੀ ਨੇ ਮੰਨਿਆ ਕਿ 500 ਵਿੱਚ ਵੋਟਰ ਸੂਚੀ ਮਿਲਣ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਅੱਜ ਆਇਆ, ਉਨ੍ਹਾਂ ਅਜਿਹਾ ਕਰਨ ਵਾਲੇ ਪ੍ਰਾਈਵੇਟ ਵਿਅਕਤੀ ਨੂੰ ਇੱਥੋਂ ਭਜਾ ਦਿੱਤਾ ਹੈ।