For the best experience, open
https://m.punjabitribuneonline.com
on your mobile browser.
Advertisement

ਪੰਚਾਇਤ ਚੋਣਾਂ: ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਅੰਤਿਮ ਮਿਤੀ ਅੱਜ

10:10 AM Oct 04, 2024 IST
ਪੰਚਾਇਤ ਚੋਣਾਂ  ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਅੰਤਿਮ ਮਿਤੀ ਅੱਜ
Advertisement

ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 3 ਅਕਤੂਬਰ
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਪੰਚਾਇਤ ਚੋਣ ਦੀਆਂ ਸਰਗਰਮੀਆਂ ਜ਼ੋਰਾਂ ’ਤੇ ਹਨ। ਸਰਕਾਰੀ ਦਫ਼ਤਰਾਂ ਵਿੱਚ ਵੀ ਐਨਓਸੀ ਅਤੇ ਚੁੱਲ੍ਹਾ ਟੈਕਸ ਕਲੀਅਰੈਂਸ ਲੈਣ ਲਈ ਵੱਡੀ ਭੀੜ ਦੇਖਣ ਨੂੰ ਮਿਲ ਰਹੀ ਹੈ। ਮੀਡੀਆ ਦੀਆਂ ਖ਼ਬਰਾਂ ਅਤੇ ਲੋਕਾਂ ਦੇ ਵਿਰੋਧ ਨੂੰ ਦੇਖਦੇ ਹੋਏ ਛੁੱਟੀ ਵਾਲੇ ਦਿਨ ਵੀ ਬੀਡੀਪੀਓ ਅਤੇ ਹੋਰ ਅਧਿਕਾਰੀ ਆਪੋ ਆਪਣੇ ਦਫ਼ਤਰਾਂ ਵਿੱਚ ਤਾਇਨਾਤ ਰਹਿ ਕੇ ਇਹ ਕੰਮ ਨਿਬੇੜਦੇ ਦੇਖੇ ਗਏ।
ਪੰਚਾਇਤ ਚੋਣਾਂ ਸਬੰਧੀ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ ਭਲਕੇ 4 ਅਕਤੂਬਰ ਨੂੰ ਅਖੀਰਲਾ ਇੱਕ ਦਿਨ ਹੈ। ਹੁਣ ਤੱਕ 332 ਗਰਾਮ ਪੰਚਾਇਤਾਂ ਲਈ ਸਿਰਫ਼ 438 ਉਮੀਦਵਾਰ ਹੀ ਨਾਮਜ਼ਦਗੀ ਪੱਤਰ ਦਾਖ਼ਲ ਕਰ ਸਕੇ ਹਨ। ਜਿਨ੍ਹਾਂ ਵਿੱਚ ਸਰਪੰਚੀ ਲਈ 178 ਉਮੀਦਵਾਰ ਅਤੇ ਪੰਚੀ ਲਈ 260 ਉਮੀਦਵਾਰਾਂ ਦੇ ਹੀ ਕਾਗਜ਼ ਦਾਖ਼ਲ ਹੋਏ ਹਨ ਕਿਉਂਕਿ ਚੋਣ ਲੜਨ ਦੇ ਚਾਹਵਾਨ ਜ਼ਿਆਦਾਤਰ ਵਿਅਕਤੀਆਂ ਨੂੰ ਸਮੇਂ ਸਿਰ ਐੱਨਓਸੀ ਨਹੀਂ ਮਿਲੀਆਂ। ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਆਸ਼ਿਕਾ ਜੈਨ ਨੇ ਦੱਸਿਆ ਕਿ ਚੁੱਲ੍ਹਾ ਟੈਕਸ ਅਤੇ ਐੱਨਓਸੀ ਜਾਰੀ ਕਰਨ ਸਬੰਧੀ ਬੀਡੀਪੀਓ ਅਤੇ ਸਟਾਫ਼ ਨੂੰ ਮੈਰਿਟ ਦੇ ਆਧਾਰ ’ਤੇ ਬਿਨਾਂ ਕਿਸੇ ਪੱਖਪਾਤ ਤੋਂ ਪਾਰਦਰਸ਼ੀ ਅਤੇ ਤਨਦੇਹੀ ਨਾਲ ਕੰਮ ਕਰਨ ਦੇ ਆਦੇਸ਼ ਦਿੱਤੇ ਗਏ ਹਨ ਅਤੇ ਇਸ ਸਬੰਧੀ ਲੇਟ-ਲਤੀਫ਼ੀ ਅਤੇ ਲਾਪਰਵਾਹੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਲੋਕਹਿੱਤ ਵਿੱਚ ਇਹ ਗੱਲ ਦਾਅਵੇ ਨਾਲ ਆਖੀ ਕਿ ਚੋਣਾਂ ਲੜਨ ਦੇ ਚਾਹਵਾਨ ਵਿਅਕਤੀਆਂ ਦੇ ਨਾਮਜ਼ਦਗੀ ਪੱਤਰ ਬਿਨਾਂ ਐੱਨਓਸੀ ਪ੍ਰਾਪਤ ਕੀਤੇ ਜਾਣਗੇ ਤਾਂ ਜੋ ਕਿਸੇ ਉਮੀਦਵਾਰ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ। ਜਦੋਂ ਅਧਿਕਾਰੀ ਨੂੰ ਇਹ ਪੁੱਛਿਆ ਗਿਆ ਕਿ ਭਲਕੇ ਨਾਮਜ਼ਦਗੀ ਪੱਤਰ ਦਾਖ਼ਲ ਦਾ ਅਖੀਰਲਾ ਦਿਨ ਹੈ ਕੀ ਇੱਕ ਦਿਨ ਵਿੱਚ ਐਨੀ ਵੱਡੀ ਗਿਣਤੀ ਲੋਕਾਂ ਦੇ ਨਾਮਜ਼ਦਗੀ ਪੱਤਰ ਦਾਖ਼ਲ ਹੋ ਸਕਣਗੇ ਤਾਂ ਉਨ੍ਹਾਂ ਦਾਅਵੇ ਨਾਲ ਆਖਿਆ ਕਿ ਸਾਰੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਹਾਸਲ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਡੀਸੀ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿੱਚ ਕੁੱਲ 332 ਗਰਾਮ ਪੰਚਾਇਤਾਂ ਹਨ ਅਤੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਭਲਕੇ 4 ਅਕਤੂਬਰ ਆਖ਼ਰੀ ਦਿਨ ਹੈ ਅਤੇ 5 ਅਕਤੂਬਰ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਜਾਵੇਗੀ।

Advertisement

ਮੁਹਾਲੀ ਬਲਾਕ ਵਿੱਚ 1500 ਦੇ ਕਰੀਬ ਨਾਮਜ਼ਦਗੀਆਂ ਇੱਕੋ ਦਿਨ ਹੋਣਗੀਆਂ ਦਾਖ਼ਲ

ਐਸ.ਏ.ਐਸ.ਨਗਰ(ਮੁਹਾਲੀ)(ਕਰਮਜੀਤ ਸਿੰਘ ਚਿੱਲਾ): ਪੰਚਾਇਤੀ ਚੋਣਾਂ ਲਈ 4 ਅਕਤੂਬਰ ਨੂੰ ਨਾਮਜ਼ਦਗੀਆਂ ਭਰਨ ਦੇ ਆਖਰੀ ਦਿਨ ਵੱਡੀਆਂ ਲਾਈਨਾਂ ਲੱਗਣਗੀਆਂ। ਪ੍ਰਸ਼ਾਸਨ ਵੱਲੋਂ ਬਲਾਕ ਦੇ ਪਿੰਡਾਂ ਤੋਂ ਸੁਚਾਰੂ ਢੰਗ ਨਾਲ ਨਾਮਜ਼ਦਗੀਆਂ ਹਾਸਲ ਕਰਨ ਲਈ 14 ਕਲੱਸਟਰ ਬਣਾਏ ਗਏ ਹਨ। ਇਨ੍ਹਾਂ ਕਲੱਸਟਰਾਂ ਲਈ ਨਿਯੁਕਤ ਕੀਤੇ ਗਏ ਰਿਟਰਨਿੰਗ ਅਤੇ ਸਹਾਇਕ ਰਿਟਰਨਿੰਗ ਅਫ਼ਸਰ ਤਿੰਨ ਥਾਵਾਂ, ਜ਼ਿਲ੍ਹਾ ਪਰਿਸ਼ਦ ਭਵਨ ਜੁਝਾਰ ਨਗਰ, ਨਗਰ ਨਿਗਮ ਦਫ਼ਤਰ ਮੁਹਾਲੀ ਅਤੇ ਸੀਜੀਸੀ ਕਾਲਜ ਲਾਂਡਰਾਂ ਵਿੱਚ ਬੈਠ ਕੇ ਫ਼ਾਰਮ ਹਾਸਲ ਕਰਨਗੇ।
ਪ੍ਰਾਪਤ ਜਾਣਕਾਰੀ ਅਨੁਸਾਰ ਫ਼ਾਰਮ ਹਾਸਿਲ ਕਰਨ ਦਾ ਸਮਾਂ ਗਿਆਰਾਂ ਤੋਂ ਤਿੰਨ ਵਜੇ ਦਾ ਹੈ ਪਰ ਰਾਜ ਦੇ ਚੋਣ ਕਮਿਸ਼ਨਰ ਵੱਲੋਂ 2 ਅਕਤੂਬਰ ਨੂੰ ਇੱਕ ਨਵਾਂ ਪੱਤਰ ਜਾਰੀ ਕੀਤਾ ਗਿਆ ਹੈ। ਤਾਜ਼ਾ ਨਿਰਦੇਸ਼ਾਂ ਅਨੁਸਾਰ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਤਿੰਨ ਵਜੇ ਤੱਕ ਜਿਹੜਾ ਵੀ ਉਮੀਦਵਾਰ ਨਾਮਜ਼ਦਗੀ ਭਰਨ ਵਾਲੀ ਲਾਈਨ ਵਿਚ ਲਗ ਜਾਵੇਗਾ, ਉਸ ਦੀ ਨਾਮਜ਼ਦਗੀ ਲੈਣੀ ਯਕੀਨੀ ਬਣਾਈ ਜਾਵੇ, ਭਾਵੇਂ ਕਿੰਨਾ ਵੀ ਵੱਧ ਸਮਾਂ ਨਾ ਲੱਗ ਜਾਵੇ।
ਮੁਹਾਲੀ ਬਲਾਕ ਦੇ 73 ਪਿੰਡਾਂ ਦੀ ਸਰਪੰਚੀ ਲਈ ਹੁਣ ਤੱਕ ਸਿਰਫ਼ 16 ਨਾਮਜ਼ਦਗੀਆਂ ਦਾਖ਼ਲ ਹੋਈਆਂ ਹਨ। ਇਸੇ ਤਰ੍ਹਾਂ 471 ਪੰਚਾਂ ਲਈ ਸਿਰਫ਼ 27 ਉਮੀਦਵਾਰਾਂ ਨੇ ਹੀ ਪੇਪਰ ਦਾਖ਼ਲ ਕਰਵਾਏ ਹਨ। ਬਲਾਕ ਵਿੱਚੋਂ 1500 ਤੋਂ ਵਧੇਰੇ ਉਮੀਦਵਾਰਾਂ ਨੇ ਐੱਨਓਸੀ ਹਾਸਿਲ ਕੀਤੀ ਤੇ ਨਾਮਜ਼ਦਗੀਆਂ ਭਰਨ ਵਾਲਿਆਂ ਦੀ ਗਿਣਤੀ ਸਿਰਫ 43 ਹੋਈ ਹੈ। ਇਸ ਤਰ੍ਹਾਂ ਰਹਿੰਦੇ 1500 ਤੋਂ ਵੱਧ ਪੰਚੀ-ਸਰਪੰਚੀ ਦੇ ਉਮੀਦਵਾਰ ਹੁਣ ਆਖਰੀ ਦਿਨ ਹੀ ਫ਼ਾਰਮ ਭਰ ਸਕਣਗੇ। ਮੁਹਾਲੀ ਬਲਾਕ ਦੇ ਬੀਡੀਪੀਓ ਧਨਵੰਤ ਸਿੰਘ ਰੰਧਾਵਾ ਨੇ ਦੱਸਿਆ ਕਿ ਬਲਾਕ ਵੱਲੋਂ ਹੁਣ ਤੱਕ 1521 ਵਿਅਕਤੀਆਂ ਨੂੰ ਐੱਨਓਸੀ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ 100 ਤੋਂ ਵੱਧ ਵਿਅਕਤੀਆਂ ਦੀਆਂ ਐਨਓਸੀਜ਼ ਦੇਣ ਲਈ ਪੜਤਾਲ ਜਾਰੀ ਹੈ ਤੇ ਅੱਜ ਸ਼ਾਮ ਤੱਕ ਸਾਰੀਆਂ ਐੱਨਓਸੀਜ਼ ਦੇ ਦਿੱਤੀਆਂ ਜਾਣਗੀਆਂ।

Advertisement

Advertisement
Author Image

sukhwinder singh

View all posts

Advertisement