For the best experience, open
https://m.punjabitribuneonline.com
on your mobile browser.
Advertisement

ਪੰਚਾਇਤੀ ਚੋਣਾਂ: ਪਿੰਡਾਂ ਵਿੱਚ ਔਰਤ ਆਗੂਆਂ ਦੀ ਘਾਟ ਰੜਕਣ ਲੱਗੀ

08:43 AM Sep 29, 2024 IST
ਪੰਚਾਇਤੀ ਚੋਣਾਂ  ਪਿੰਡਾਂ ਵਿੱਚ ਔਰਤ ਆਗੂਆਂ ਦੀ ਘਾਟ ਰੜਕਣ ਲੱਗੀ
Advertisement

ਪਾਲ ਸਿੰਘ ਨੌਲੀ
ਜਲੰਧਰ, 28 ਸਤੰਬਰ
ਆਮ ਆਦਮੀ ਪਾਰਟੀ ਦੀ ਸੂਬੇ ਵਿੱਚ ਸਰਕਾਰ ਬਣਨ ਦੇ ਢਾਈ ਸਾਲ ਬਾਅਦ ਪਹਿਲੀ ਵਾਰ ਹੋ ਰਹੀਆਂ ਪੰਚਾਇਤ ਚੋਣਾਂ ਵਿੱਚ 50 ਫੀਸਦ ਸੀਟਾਂ ਔਰਤਾਂ ਲਈ ਰਾਖਵੀਆਂ ਰੱਖੀਆਂ ਗਈਆਂ ਹਨ। ਜਿਨ੍ਹਾਂ ਨੇ ਪਿੰਡਾਂ ਦੀ ਸਰਪੰਚੀ ਲੈਣ ਵਾਸਤੇ ਚੋਣ ਲੜਨ ਦੀਆਂ ਤਿਆਰੀਆਂ ਕੱਸੀਆਂ ਹੋਈਆਂ ਸਨ, ਉਨ੍ਹਾਂ ਦੇ ਪਿੰਡ ਔਰਤਾਂ ਲਈ ਰਾਖਵੇਂ ਹੋ ਜਾਣ ਕਾਰਨ ਉਨ੍ਹਾਂ ਦੀਆਂ ਉਮੀਦਾਂ ’ਤੇ ਪਾਣੀ ਫਿਰ ਗਿਆ ਹੈ। ਜਲੰਧਰ ਜ਼ਿਲ੍ਹੇ ਦੇ 950 ਦੇ ਕਰੀਬ ਪਿੰਡ ਹਨ ਤੇ ਲਗਪਗ ਅੱਧੇ ਪਿੰਡਾਂ ਵਿੱਚ ਔਰਤਾਂ ਹੀ ਸਰਪੰਚ ਬਣਨਗੀਆਂ। ਔਰਤਾਂ ਲਈ 50 ਫੀਸਦ ਰਾਖਵਾਂਕਰਨ ਕੀਤੇ ਜਾਣ ਕਾਰਨ ਔਰਤ ਲੀਡਰਾਂ ਦੀ ਘਾਟ ਪਿੰਡਾਂ ਵਿੱਚ ਰੜਕਣ ਲੱਗ ਪਈ ਹੈ। ਜਲੰਧਰ ਪੂਰਬੀ ਬਲਾਕ ਵਿੱਚ 78 ਪਿੰਡ ਹਨ, ਇਨ੍ਹਾਂ ’ਚੋਂ 22 ਪਿੰਡ ਐੱਸਸੀ ਭਾਈਚਾਰੇ ਲਈ ਰਾਖਵੇਂ ਹਨ ਅਤੇ 22 ਪਿੰਡ ਹੀ ਐੱਸਸੀ ਭਾਈਚਾਰੇ ਦੀਆਂ ਔਰਤਾਂ ਲਈ ਰਾਖਵੇਂ ਹਨ। ਜਨਰਲ ਵਰਗ ਦੀਆਂ ਔਰਤਾਂ ਲਈ ਵੀ 17 ਪਿੰਡਾਂ ਰਾਖਵੇਂ ਰੱਖੇ ਗਏ ਹਨ। ਬਾਕੀ ਬਚੇ 17 ਪਿੰਡ ਜਨਰਲ ਵਰਗ ਲਈ ਹਨ। ਬੋਲੀਨਾ ਦੋਆਬਾ ਪਿੰਡ ਦੇ ਸਾਬਕਾ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪਹਿਲਾਂ ਜਦੋਂ ਸਰਪੰਚੀ ਵਾਸਤੇ ਔਰਤਾਂ ਲਈ 33 ਫੀਸਦੀ ਰਾਖਵਾਕਰਨ ਸੀ ਉਦੋਂ ਵੀ ਔਰਤ ਆਗੂ ਲੱਭਣ ’ਚ ਮੁਸ਼ਕਿਲਾਂ ਆਉਂਦੀਆਂ ਸਨ ਪਰ ਹੁਣ 50 ਫੀਸਦ ਨਾਲ ਇਹ ਸਮੱਸਿਆ ਹੋਰ ਵੀ ਵੱਡੀ ਬਣ ਗਈ ਹੈ।

Advertisement

ਮੌਕੇ ਮਿਲਣ ਨਾਲ ਹੀ ਔਰਤਾਂ ਵਿੱਚ ਲੀਡਰਸ਼ਿਪ ਉਭਰੇਗੀ: ਬੀਬੀ ਜਗੀਰ ਕੌਰ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਸਰਪੰਚੀ ਲਈ ਔਰਤਾਂ ਵਾਸਤੇ 50 ਫੀਸਦ ਸੀਟਾਂ ਰਾਖਵੀਆਂ ਰੱਖੇ ਜਾਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਮੌਕੇ ਮਿਲਣ ਨਾਲ ਹੀ ਔਰਤਾਂ ’ਚੋਂ ਲੀਡਰਸ਼ਿਪ ਉਭਰ ਕੇ ਸਾਹਮਣੇ ਆਵੇਗੀ। ਉਨ੍ਹਾਂ ਕਿਹਾ ਕਿ ਚੋਣ ਜਿੱਤ ਕੇ ਸਰਪੰਚ ਬਣਨ ਵਾਲੀਆਂ ਔਰਤ ਬੀਬੀਆਂ ਸਰਪੰਚ ਵਾਲੇ ਸਾਰੇ ਫੈਸਲੇ ਆਪ ਲੈਣ ਨਾ ਕਿ ਪਰਿਵਾਰਕ ਮੈਂਬਰਾਂ ਨੂੰ ਅੱਗੇ ਕਰਨ।

Advertisement

ਔਰਤਾਂ ਲਈ ਪਿੰਡ ਦੀ ਅਗਵਾਈ ਕਰਨਾ ਔਖਾ ਨਹੀਂ: ਪਰਗਟ ਸਿੰਘ

ਕਾਂਗਰਸ ਦੇ ਸੀਨੀਅਰ ਆਗੂ ਤੇ ਜਲੰਧਰ ਛਾਉਣੀ ਤੋਂ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਔਰਤਾਂ ਨੂੰ ਵੱਧ ਅਧਿਕਾਰ ਦੇਣ ਲਈ ਕਾਂਗਰਸ ਹਮੇਸ਼ਾ ਮੋਹਰੀ ਭੂਮਿਕਾ ਵਿੱਚ ਰਹੀ ਹੈ। ਉਨ੍ਹਾਂ ਕਿਹਾ ਕਿ 50 ਫੀਸਦ ਔਰਤਾਂ ਲਈ ਰਾਖਵੇਂਕਰਨ ਦੇ ਨਵੇਂ ਤਜਰਬੇ ਨਾਲ ਚੰਗੀਆਂ ਔਰਤ ਆਗੂ ਸਾਹਮਣੇ ਆਉਣਗੀਆਂ। ਉਨ੍ਹਾਂ ਕਿਹਾ ਕਿ ਜੇ ਔਰਤ ਘਰ ਨੂੰ ਚਲਾਉਣਾ ਬਾਖੂਬੀ ਜਾਣਦੀ ਹੈ ਤਾਂ ਉਸ ਲਈ ਪਿੰਡ ਦੀ ਅਗਵਾਈ ਕਰਨੀ ਕੋਈ ਔਖੀ ਗੱਲ ਨਹੀਂ।

ਕਰਤਾਰਪੁਰ ’ਚ 55 ਔਰਤਾਂ ਕਰਨਗੀਆਂ ਪੰਚਾਇਤਾਂ ਦੀ ਨੁਮਾਇੰਦਗੀ

ਕਰਤਾਰਪੁਰ (ਗੁਰਨੇਕ ਸਿੰਘ ਵਿਰਦੀ): ਪੰਚਾਇਤੀ ਚੋਣਾਂ ’ਚ ਔਰਤਾਂ ਨੂੰ ਨੁਮਾਇੰਦਗੀ ਦੇਣ ਦੇ ਮਨੋਰਥ ਨਾਲ ਸੂਬਾ ਸਰਕਾਰ ਨੇ ਜਲੰਧਰ ਪੱਛਮੀ ਬਲਾਕ ਦੇ 112 ਪਿੰਡਾਂ ’ਚੋਂ 55 ਸੀਟਾਂ ਔਰਤਾਂ ਲਈ ਰਾਖਵੀਆਂ ਰੱਖੀਆਂ ਹਨ। ਜਲੰਧਰ ਦੇ ਡੀਸੀ ਹਿਮਾਂਸ਼ੂ ਅਗਰਵਾਲ ਵੱਲੋਂ ਜਾਰੀ ਨੋਟੀਫਿਕੇਸ਼ਨ ਰਾਹੀਂ ਇਹ ਜਾਣਕਾਰੀ ਸਾਹਮਣੇ ਆਈ ਹੈ। ਪੰਚਾਇਤੀ ਚੋਣਾਂ ਮੌਕੇ ਜਲੰਧਰ ਪੱਛਮੀ ਬਲਾਕ, ਜੋ ਵਿਧਾਨ ਸਭਾ ਹਲਕਾ ਕਰਤਾਰਪੁਰ ਵਜੋਂ ਜਾਣਿਆ ਜਾਂਦਾ ਹੈ, ਦੇ 112 ਪਿੰਡਾਂ ’ਚੋਂ 55 ਵਿੱਚ ਮਹਿਲਾਵਾਂ ਸਰਪੰਚ ਬਣ ਕੇ ਪਿੰਡਾਂ ਦੀ ਨੁਮਾਇੰਦਗੀ ਕਰਨਗੀਆਂ। ਇਸੇ ਤਰ੍ਹਾਂ 57 ਪਿੰਡਾਂ ਵਿੱਚ ਮਰਦ ਸਰਪੰਚ ਬਣਨਗੇ। ਬਲਾਕ ਦੇ ਪਿੰਡਾਂ ’ਚੋਂ 27 ਸੀਟਾਂ ਐੱਸਸੀ ਔਰਤਾਂ ਅਤੇ 28 ਸੀਟਾਂ ਜਨਰਲ ਲਈ ਰਾਖਵੀਆਂ ਹਨ। ਇਸੇ ਤਰ੍ਹਾਂ 28 ਐੱਸਸੀ ਮਰਦਾਂ ਅਤੇ 29 ਜਨਰਲ ਲਈ ਰਾਖਵੀਆਂ ਰੱਕੀਆਂ ਗਈਆਂ ਹਨ। ਇਸ ਸਬੰਧੀ ਐੱਸਸੀ ਕਮਿਸ਼ਨ ਦੇ ਸਾਬਕਾ ਮੈਂਬਰ ਪ੍ਰਭਦਿਆਲ ਰਾਮਪੁਰ ਨੇ ਕਿਹਾ ਕਿ ਪੰਚਾਇਤਾਂ ਵਿੱਚ ਔਰਤਾਂ ਨੂੰ ਜੋ ਨੁਮਾਇੰਦਗੀ ਮਿਲੇਗੀ, ਉਹ ਖੁਦ ਅੱਗੇ ਆ ਕੇ ਪਿੰਡਾਂ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਨੂੰ ਤਰਜੀਹ ਦੇਣ।

Advertisement
Author Image

sukhwinder singh

View all posts

Advertisement