ਪਿੰਡਾਂ ਵਿੱਚ ਪੰਚਾਇਤੀ ਚੋਣਾਂ ਨੂੰ ਚੜ੍ਹਿਆ ਸਿਆਸੀ ਰੰਗ
ਮਹਿੰਦਰ ਸਿੰਘ ਰੱਤੀਆਂ
ਮੋਗਾ, 13 ਅਕਤੂਬਰ
ਸੂਬੇ ਵਿੱਚ 15 ਅਕਤੂਬਰ ਨੂੰ ਹੋਣ ਵਾਲੀਆਂ ਪੰਚਾਇਤ ਚੋਣਾਂ ਲਈ ਮੈਦਾਨ ਭਖ ਗਿਆ ਹੈ। ਇਸ ਵਾਰ ਰਿਵਾਇਤੀ ਚੋਣਾਂ ਵਾਲਾ ਸਿਆਸੀ ਰੰਗ ਅਤੇ ਹੋਰ ਨਵੇਂ ਤਜਰਬੇ ਅਤੇ ਵਿਆਹ ਵਰਗਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਵਿਧਾਇਕ ਤੇ ਹੋਰ ਸਿਆਸੀ ਆਗੂ ਆਪੋ ਆਪਣੇ ਸਮਰਥਕਾਂ ਦੇ ਹੱਕ ’ਚ ਪ੍ਰਚਾਰ ਕਰ ਰਹੇ ਹਨ। ਇਸ ਵਾਰ ਦੀਆਂ ਪੰਚਾਇਤ ਚੋਣਾਂ ਹਾਕਮ ਧਿਰ ਲਈ ਵੀ ਵੱਕਾਰ ਦਾ ਸਵਾਲ ਬਣ ਗਈਆਂ ਹਨ। ਇਥੇ ਸ਼ਹਿਰੀ ਹਲਕੇ ਤੋਂ ਹਾਕਮ ਧਿਰ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ਆਪਣੇ ਸਮਰਥਕ ਸਰਪੰਚ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਹਲਕਾ ਨਿਹਾਲ ਸਿੰਘ ਵਾਲਾ ਤੋਂ ਹਾਕਮ ਧਿਰ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਤੇ ਬਾਘਾਪੁਰਾਣਾ ਤੋਂ ਹਾਕਮ ਧਿਰ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਲਈ ਪੰਚਾਇਤੀ ਚੋਣਾਂ ਵੱਕਾਰ ਦੇ ਸਵਾਲ ਤੋਂ ਘੱਟ ਨਹੀਂ ਹਨ। ਧੜੇਬੰਦੀ ਕਾਰਨ ਉਨ੍ਹਾਂ ਦੇ ਪਿੰਡਾਂ ਵਿਚ ਸਰਬਸੰਮਤੀ ਨਹੀਂ ਹੋ ਸਕੀ। ਵਿਧਾਇਕ ਮਨਜੀਤ ਸਿੰਘ ਦੇ ਪਿੰਡ ਬਿਲਾਸਪੁਰ ਵਿੱਚ ਬਿਲਾਸਪੁਰ ਲਹਿੰਦਾਂ ਵਿਚ ਬੂਟਾ ਸਿੰਘ ਤੇ ਕਰਮ ਸਿੰਘ ਵਿਚ ਸਿੱਧਾ ਮੁਕਾਬਲਾ ਹੈ ਜਦੋਂ ਕਿ ਪਿੰਡ ਬਿਲਾਸਪੁਰ ਲਹਿੰਦਾਂ ਤੋਂ 6 ਔਰਤਾਂ ਸਰਪੰਚੀ ਦੀ ਚੋਣ ਲਈ ਮੈਦਾਨ ਵਿੱਚ ਹਨ। ਬਾਘਾਪੁਰਾਣਾ ਤੋਂ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਦੇ ਪਿੰਡ ਸੁਖਾਨੰਦ ਵਿੱਚ ਸੁਰਜੀਤ ਸਿੰਘ ਤੇ ਨਾਹਰ ਸਿੰਘ ਸੈਕਟਰੀ ਵਿਚ ਸਿੱਧਾ ਮੁਕਾਬਲਾ ਹੈ। ਇਸੇ ਪਿੰਡ ’ਚੋਂ ਬਣੀਆਂ ਦੋ ਪੰਚਾਇਤਾਂ ਸੁਖਾਨੰਦ ਖੁਰਦ ਤੇ ਸੰਤੂਵਾਲਾ ਰਾਖਵੀਆਂ ਹਨ। ਪਿੰਡ ਸੁਖਾਨੰਦ ਦੀ ਪੰਚਾਇਤ ਚੋਣਾਂ ’ਚ ਦਿਲਚਸਪੀ ਦੀ ਕੈਨੇਡਾ ਦੇ ਸਰੀ ਤੋਂ ਇਸ ਪਿੰਡ ਦੇ ਐਨਆਰਆਈਜ਼ ਦੀ ਵੀਡੀਓ ਵਾਇਰਲ ਹੋਈ ਹੈ ਜਿਸ ਵਿਚ ਹਾਕਮ ਧਿਰ ਨੂੰ ਤਿੱਖੇ ਸਵਾਲ ਕੀਤੇ ਜਾ ਰਹੇ ਹਨ। ਧਰਮਕੋਟ ਤੋਂ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੇ ਯਤਨਾਂ ਸਦਕਾ ਉਨ੍ਹਾਂ ਦੇ ਪਿੰਡ ਕੈਲਾ ਵਿੱਚ ਦੋ ਧਿਰਾਂ ਵਿਚ ਢਾਈ ਢਾਈ ਸਾਲ ਸਰਪੰਚ ਬਣਨ ਉੱਤੇ ਸਹਿਮਤੀ ਹੋਈ ਹੈ। ਪਹਿਲੇ ਢਾਈ ਸਾਲ ਪ੍ਰਕਾਸ਼ ਸਿੰਘ ਤੇ ਬਾਕੀ ਢਾਈ ਸਾਲ ਲਈ ਦਵਿੰਦਰ ਸਿੰਘ ਦੇ ਸਰਪੰਚੀ ਕਰਨ ਦਾ ਸਮਝੌਤਾ ਹੋਇਆ ਦੱਸਿਆ ਜਾ ਰਿਹਾ ਹੈ।
ਪਿੰਡਾਂ ਦੀ ਭਾਈਚਾਰਕ ਸਾਂਝ ’ਚ ਦਖ਼ਲਅੰਦਾਜ਼ੀ ਨਹੀਂ ਕਰਾਂਗੇ: ਮੱਖਣ ਬਰਾੜ
ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਲੰਡੇਕੇ, ਅਕਾਲੀ ਆਗੂ ਬਰਜਿੰਦਰ ਸਿੰਘ ਮੱਖਣ ਬਰਾੜ ਤੇ ਲੋਕ ਸਭਾ ਹਲਕਾ ਫ਼ਰੀਦਕੋਟ ਇੰਚਾਰਜ ਰਾਜਵਿੰਦਰ ਸਿੰਘ ਧਰਮਕੋਟ ਨੇ ਕਿਹਾ ਕਿ ਇਹ ਭਾਈਚਾਰਕ ਸਾਂਝ ਦੀਆਂ ਚੋਣਾਂ ਹੋਣ ਕਰਕੇ ਉਹ ਕਿਸੇ ਪਿੰਡ ’ਚ ਦਖਲਅੰਦਾਜ਼ੀ ਨਹੀਂ ਕਰਨਗੇ। ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਾਕੇਸ਼ ਸ਼ਰਮਾਂ ਨੇ ਕਿਹਾ ਕਿ ਪੰਚਾਇਤੀ ਚੋਣਾਂ ਵਿਚ ਸੱਤਾਧਾਰੀ ਧਿਰ ਦੀ ਧਕੇਸ਼ਾਹੀ ਕੋਈ ਨਵੀਂ ਗੱਲ ਨਹੀਂ ਹੈ। ਪਹਿਲਾਂ ਵੀ ਇਹੋ ਕੁਝ ਹੁੰਦਾ ਆਇਆ ਹੈ।