ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬ ’ਚ ਪੰਚਾਇਤ ਚੋਣਾਂ 15 ਅਕਤੂਬਰ ਨੂੰ

06:58 AM Sep 26, 2024 IST
ਪੰਜਾਬ ਦੇ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਪੰਚਾਇਤ ਚੋਣਾਂ ਲਈ ਚੋਣ ਪ੍ਰੋਗਰਾਮ ਦਾ ਐਲਾਨ ਕਰਦੇ ਹੋਏ। -ਫੋਟੋ: ਪੰਜਾਬੀ ਟ੍ਰਿਬਿਊਨ

* 13,237 ਸਰਪੰਚਾਂ ਅਤੇ 83,437 ਪੰਚਾਂ ਦੀ ਹੋਵੇਗੀ ਚੋਣ
* ਸਰਪੰਚੀ ਲਈ ਗੁਲਾਬੀ ਅਤੇ ਪੰਚਾਂ ਲਈ ਸਫ਼ੈਦ ਰੰਗ ਦਾ ਹੋਵੇਗਾ ਬੈਲੇਟ ਪੇਪਰ

Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 25 ਸਤੰਬਰ
ਪੰਜਾਬ ਵਿੱਚ ਪੰਚਾਇਤ ਚੋਣਾਂ 15 ਅਕਤੂਬਰ ਨੂੰ ਹੋਣਗੀਆਂ ਅਤੇ ਸਮੁੱਚੇ ਪੰਜਾਬ ਵਿਚ ਅੱਜ ਤੋਂ ਹੀ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਵੋਟਾਂ ਦੀ ਗਿਣਤੀ ਪੰਚਾਇਤ ਚੋਣਾਂ ਵਾਲੇ ਦਿਨ ਹੀ ਸ਼ਾਮ ਨੂੰ ਹੋਵੇਗੀ। ਪੰਚਾਇਤ ਚੋਣਾਂ ਲਈ ਵੋਟਰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪਾ ਸਕਣਗੇ। ਪੰਚਾਇਤ ਚੋਣਾਂ ਦੇ ਐਲਾਨ ਨਾਲ ਹੀ ਸੂਬੇ ਵਿਚ ਸਿਆਸੀ ਹਰਕਤ ਸ਼ੁਰੂ ਹੋ ਗਈ ਹੈ। ਪਹਿਲੀ ਵਾਰ ਝੋਨੇ ਦੇ ਖ਼ਰੀਦ ਸੀਜ਼ਨ ਦੌਰਾਨ ਪੰਚਾਇਤ ਚੋਣਾਂ ਹੋ ਰਹੀਆਂ ਹਨ। ਚੋਣ ਜ਼ਾਬਤਾ ਅਮਲ ’ਚ ਆਉਣ ਨਾਲ ਪੇਂਡੂ ਵਿਕਾਸ ਦੇ ਨਵੇਂ ਕੰਮ ਠੱਪ ਹੋ ਗਏ ਹਨ।
ਪੰਜਾਬ ਰਾਜ ਦੇ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਅੱਜ ਇੱਥੇ ਪ੍ਰੈੱਸ ਕਾਨਫ਼ਰੰਸ ਕਰਕੇ ਪੰਚਾਇਤ ਚੋਣਾਂ ਲਈ ਚੋਣ ਪ੍ਰੋਗਰਾਮ ਦਾ ਐਲਾਨ ਕੀਤਾ। ਪੰਚਾਇਤ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾਣ ਦਾ ਅਮਲ 27 ਸਤੰਬਰ (11 ਵਜੇ ਤੋਂ ਤਿੰਨ ਵਜੇ ਤੱਕ) ਨੂੰ ਸ਼ੁਰੂ ਹੋਵੇਗਾ ਅਤੇ ਚਾਹਵਾਨ ਉਮੀਦਵਾਰ 4 ਅਕਤੂਬਰ ਤੱਕ ਕਾਗ਼ਜ਼ ਦਾਖਲ ਕਰ ਸਕਣਗੇ। ਉਨ੍ਹਾਂ ਦੱਸਿਆ ਕਿ 28 ਸਤੰਬਰ ਨੂੰ ਛੁੱਟੀ ਹੋਣ ਕਰਕੇ ਨਾਮਜ਼ਦਗੀ ਪੱਤਰ ਨਹੀਂ ਲਏ ਜਾਣਗੇ। ਪੰਜ ਅਕਤੂਬਰ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਹੋਵੇਗੀ ਅਤੇ 7 ਅਕਤੂਬਰ (ਬਾਅਦ ਦੁਪਹਿਰ ਤਿੰਨ ਵਜੇ ਤੱਕ) ਤੱਕ ਉਮੀਦਵਾਰ ਆਪਣੇ ਕਾਗ਼ਜ਼ ਵਾਪਸ ਲੈ ਸਕਣਗੇ।

ਐਤਕੀਂ ਪੰਚਾਇਤ ਚੋਣਾਂ ਦਸਹਿਰੇ (12 ਅਕਤੂਬਰ) ਤੋਂ ਬਾਅਦ ਅਤੇ ਦੀਵਾਲੀ (31 ਅਕਤੂਬਰ) ਤੋਂ ਪਹਿਲਾਂ ਹੋ ਰਹੀਆਂ ਹਨ, ਜਿਸ ਕਰਕੇ ਨਵੇਂ ਚੁਣੇ ਜਾਣ ਵਾਲੇ ਸਰਪੰਚਾਂ ਦੀ ਇਹ ਪਹਿਲੀ ਦੀਵਾਲੀ ਹੋਵੇਗੀ। ਪੰਚਾਇਤ ਚੋਣਾਂ ਤੋਂ ਪਹਿਲਾਂ ਜ਼ਿਲ੍ਹਿਆਂ ਵਿਚ ਸਰਪੰਚਾਂ ਦੇ ਰਾਖਵੇਂਕਰਨ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਸੀ। ਰਾਖਵੇਂਕਰਨ ਦੀ ਪ੍ਰਕਿਰਿਆ ਮੁਕੰਮਲ ਹੋਣ ਮਗਰੋਂ ਹੀ ਪੰਚਾਇਤ ਚੋਣਾਂ ਦਾ ਐਲਾਨ ਹੋਇਆ ਹੈ। ਪੰਜਾਬ ਸਰਕਾਰ ਨੇ ਪਿਛਲੇ ਸਾਲ 10 ਅਗਸਤ ਨੂੰ ਨੋਟੀਫ਼ਿਕੇਸ਼ਨ ਜਾਰੀ ਕਰਕੇ ਪੰਚਾਇਤੀ ਸੰਸਥਾਵਾਂ ਭੰਗ ਕਰ ਦਿੱਤੀਆਂ ਸਨ ਅਤੇ ਮਾਮਲਾ ਹਾਈਕੋਰਟ ਵਿਚ ਜਾਣ ਕਰਕੇ ਸਰਕਾਰ ਨੇ ਫ਼ੈਸਲਾ ਵਾਪਸ ਲੈ ਲਿਆ ਸੀ। ਮਗਰੋਂ ਮਿਆਦ ਪੁਗਾ ਚੁੱਕੀਆਂ ਪੰਚਾਇਤਾਂ ਨੂੰ ਭੰਗ ਕਰਕੇ ਪ੍ਰਬੰਧਕ ਲਗਾ ਦਿੱਤੇ ਸਨ। ਸੂਬਾਈ ਚੋਣ ਕਮਿਸ਼ਨਰ ਚੌਧਰੀ ਨੇ ਦੱਸਿਆ ਕਿ ਪੰਚਾਇਤ ਚੋਣਾਂ ਬੈਲੇਟ (ਮਤਪੱਤਰ) ਨਾਲ ਹੋਣਗੀਆਂ ਅਤੇ ਸਰਪੰਚੀ ਲਈ ਬੈਲੇਟ ਪੇਪਰ ਗੁਲਾਬੀ ਰੰਗ ਅਤੇ ਪੰਚਾਂ ਲਈ ਬੈਲੇਟ ਪੇਪਰ ਸਫ਼ੈਦ ਰੰਗ ਦਾ ਹੋਵੇਗਾ। ਬੈਲੇਟ ਪੇਪਰ ਵਿਚ ‘ਨੋਟਾ’ (ਉਪਰੋਕਤ ’ਚੋਂ ਕੋਈ ਵੀ ਨਹੀਂ) ਦਾ ਬਦਲ ਵੀ ਹੋਵੇਗਾ। ਉਨ੍ਹਾਂ ਦੱਸਿਆ ਕਿ ਸੂਬੇ ਦੀਆਂ 13,237 ਗਰਾਮ ਪੰਚਾਇਤਾਂ ਦੇ ਸਰਪੰਚਾਂ ਅਤੇ ਪੰਚਾਂ ਲਈ ਵੋਟਾਂ ਪੈਣਗੀਆਂ ਅਤੇ ਵੋਟਾਂ ਲਈ 19110 ਪੋਲਿੰਗ ਬੂਥ ਬਣਾਏ ਜਾਣਗੇ। ਉਨ੍ਹਾਂ ਦੱਸਿਆ ਕਿ 23 ਸੀਨੀਅਰ ਆਈਏਐੱਸ ਅਤੇ ਪੀਸੀਐੱਸ ਅਧਿਕਾਰੀਆਂ ਨੂੰ ਜਨਰਲ ਆਬਜ਼ਰਵਰ ਵਜੋਂ ਤਾਇਨਾਤ ਕੀਤਾ ਜਾਵੇਗਾ। ਇਨ੍ਹਾਂ ਚੋਣਾਂ ’ਚ 13,237 ਸਰਪੰਚ ਅਤੇ 83,437 ਪੰਚ ਚੁਣੇ ਜਾਣੇ ਹਨ। ਸੂਬੇ ਵਿਚ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਮੁਕੰਮਲ ਹੋ ਗਿਆ ਹੈ ਅਤੇ ਇਨ੍ਹਾਂ ਚੋਣਾਂ ਵਿਚ 1,33,97,922 ਵੋਟਰ ਆਪਣੇ ਵੋਟ ਦਾ ਹੱਕ ਇਸਤੇਮਾਲ ਕਰਨਗੇ। ਇਨ੍ਹਾਂ ਵਿਚ 70,51,722 ਪੁਰਸ਼ ਵੋਟਰ ਅਤੇ 63,46,008 ਮਹਿਲਾ ਵੋਟਰਾਂ ਤੋਂ ਇਲਾਵਾ 192 ਅਦਰਜ਼ ਵੀ ਸ਼ਾਮਲ ਹਨ। ਚੋਣ ਪ੍ਰਕਿਰਿਆ ਮੁਕੰਮਲ ਕਰਾਉਣ ਲਈ 96 ਹਜ਼ਾਰ ਚੋਣ ਅਮਲਾ ਤਾਇਨਾਤ ਕੀਤਾ ਜਾਵੇਗਾ। ਪੰਚਾਇਤ ਚੋਣਾਂ ਲੜਨ ਲਈ ਉਮਰ ਹੱਦ 25 ਸਾਲ ਰੱਖੀ ਗਈ ਹੈ। ਪੰਚਾਇਤ ਚੋਣਾਂ ਲਈ ਜ਼ਮਾਨਤ ਰਾਸ਼ੀ 100 ਰੁਪਏ ਰੱਖੀ ਗਈ ਹੈ ਜਦੋਂ ਕਿ ਐੱਸਸੀ ਉਮੀਦਵਾਰਾਂ ਲਈ ਇਹ ਰਾਸ਼ੀ 50 ਰੁਪਏ ਹੋਵੇਗੀ। ਪੰਚਾਇਤਾਂ ਚੋਣਾਂ ਲੜਨ ਵਾਲੇ ਸਰਪੰਚੀ ਦੇ ਉਮੀਦਵਾਰਾਂ ਲਈ ਚੋਣ ਖ਼ਰਚ ਹੱਦ 40 ਹਜ਼ਾਰ ਰੁਪਏ ਤੈਅ ਕੀਤੀ ਗਈ ਹੈ ਅਤੇ ਪੰਚੀ ਦੇ ਉਮੀਦਵਾਰਾਂ ਲਈ ਖ਼ਰਚ ਹੱਦ 30 ਹਜ਼ਾਰ ਰੁਪਏ ਰੱਖੀ ਗਈ ਹੈ। ਸਾਲ 2013 ਦੀਆਂ ਪੰਚਾਇਤੀ ਚੋਣਾਂ ਸਮੇਂ ਸਰਪੰਚ ਲਈ ਖ਼ਰਚ ਹੱਦ 23,500 ਰੁਪਏ ਅਤੇ ਪੰਚੀ ਲਈ 16 ਹਜ਼ਾਰ ਰੁਪਏ ਸੀ। ਉਸ ਮਗਰੋਂ 2018 ਦੀਆਂ ਚੋਣਾਂ ਵਿਚ ਸਰਪੰਚੀ ਦੀ ਚੋਣ ਲਈ ਖ਼ਰਚ ਸੀਮਾ 30 ਹਜ਼ਾਰ ਅਤੇ ਪੰਚੀ ਲਈ 20 ਹਜ਼ਾਰ ਰੁਪਏ ਸੀ। ਰਾਜ ਚੋਣ ਕਮਿਸ਼ਨਰ ਨੇ ਦੱਸਿਆ ਕਿ ਚੋਣਾਂ ਵਿਚ ਚੋਣ ਅਬਜ਼ਰਵਰ ਲਾਏ ਜਾਣਗੇ ਤਾਂ ਜੋ ਆਦਰਸ਼ ਚੋਣ ਜ਼ਾਬਤੇ ਦੀ ਪੂਰਨ ਪਾਲਣਾ ਕਰਾਈ ਜਾ ਸਕੇ। ਚੋਣ ਕਮਿਸ਼ਨ ਨੇ ਚੋਣ ਨਿਸ਼ਾਨਾਂ ਦੀ ਸੂਚੀ ਵੀ ਜਾਰੀ ਕਰ ਦਿੱਤੀ ਹੈ ਜਿਸ ਤਹਿਤ ਕੁੱਲ 173 ਚੋਣ ਨਿਸ਼ਾਨ ਰੱਖੇ ਗਏ ਹਨ। ਸਰਪੰਚਾਂ ਲਈ 38 ਚੋਣ ਨਿਸ਼ਾਨ ਅਤੇ ਪੰਚਾਂ ਲਈ 70 ਚੋਣ ਨਿਸ਼ਾਨ ਰੱਖੇ ਗਏ ਹਨ। ਉਨ੍ਹਾਂ ਦੱਸਿਆ ਕਿ ਸੂਬੇ ਵਿਚ ਨਿਰਪੱਖ ਤੇ ਸੁਤੰਤਰ ਚੋਣਾਂ ਕਰਾਉਣ ਲਈ ਸਭ ਪ੍ਰਬੰਧ ਮੁਕੰਮਲ ਕਰ ਲਏ ਹਨ। ਪੰਚਾਇਤ ਚੋਣਾਂ ਲਈ ਸਰਪੰਚਾਂ ਦੇ ਅਹੁਦੇ ਦਾ ਰਾਖਵੇਂਕਰਨ ਐਤਕੀਂ ਬਲਾਕ ਨੂੰ ਇਕਾਈ ਮੰਨ ਕੇ ਨਵਾਂ ਰੋਸਟਰ ਤਿਆਰ ਕਰਕੇ ਕੀਤਾ ਗਿਆ ਹੈ ਜਿਸ ਵਾਸਤੇ ਪੰਜਾਬ ਵਿਧਾਨ ਸਭਾ ’ਚ ਪੰਚਾਇਤੀ ਰਾਜ ਐਕਟ ਸੋਧ ਬਿੱਲ ਲਿਆਂਦਾ ਗਿਆ ਸੀ। ਪੰਚਾਇਤੀ ਰਾਜ ਰੂਲਜ਼ ਵਿਚ ਸੋਧ ਕਰਨ ਮਗਰੋਂ ਐਤਕੀਂ ਉਮੀਦਵਾਰ ਪਾਰਟੀ ਦੇ ਚੋਣ ਨਿਸ਼ਾਨ ’ਤੇ ਚੋਣ ਨਹੀਂ ਲੜ ਸਕਣਗੇ।

ਪੰਚਾਇਤ ਚੋਣਾਂ ਸਾਰੀਆਂ ਪਾਰਟੀਆਂ ਲਈ ਵਕਾਰ ਦਾ ਸਵਾਲ

ਪੰਚਾਇਤ ਚੋਣਾਂ ਬੇਸ਼ੱਕ ਪਾਰਟੀ ਦੇ ਚੋਣ ਨਿਸ਼ਾਨ ’ਤੇ ਨਹੀਂ ਲੜੀਆਂ ਜਾਣਗੀਆਂ ਪਰ ਇਹ ਚੋਣਾਂ ਪੇਂਡੂ ਖੇਤਰ ਵਿਚ ਸਿਆਸੀ ਧਿਰਾਂ ਦੇ ਅਧਾਰ ਦੀ ਨਿਰਖ਼ ਕਰਨਗੀਆਂ। ਆਮ ਆਦਮੀ ਪਾਰਟੀ ਬਤੌਰ ਸੱਤਾਧਾਰੀ ਧਿਰ ਪਹਿਲੀ ਵਾਰ ਪੰਚਾਇਤ ਚੋਣਾਂ ਵਿਚ ਅਸਿੱਧੇ ਤਰੀਕੇ ਨਾਲ ਮੈਦਾਨ ਵਿਚ ਉੱਤਰੇਗੀ। ਭਾਜਪਾ ਵੀ ਇਨ੍ਹਾਂ ਚੋਣਾਂ ਵਿਚ ਆਪਣਾ ਸਿਆਸੀ ਕੱਦ ਮਾਪੇਗੀ। ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਮੁੜ ਸੁਰਜੀਤੀ ਹੀ ਪੰਚਾਇਤ ਚੋਣਾਂ ’ਚੋਂ ਦੇਖ ਰਿਹਾ ਹੈ। ਕਾਂਗਰਸ ਵੀ ਪੰਚਾਇਤਾਂ ’ਤੇ ਆਪਣੀ ਪੁਰਾਣੀ ਪੈਂਠ ਰੱਖਣ ਵਾਸਤੇ ਤਾਣ ਲਾਵੇਗੀ। ਮੁੱਖ ਮੰਤਰੀ ਭਗਵੰਤ ਮਾਨ ਆਖ ਚੁੱਕੇ ਹਨ ਕਿ ਪੰਜਾਬ ਵਿਚ ਜੋ ਪੰਚਾਇਤ ਸਰਬਸੰਮਤੀ ਕਰੇਗੀ, ਉਸ ਪਿੰਡ ਨੂੰ ਤਰਜੀਹੀ ਅਧਾਰ ’ਤੇ ਗਰਾਂਟ ਅਤੇ ਸਿਹਤ ਤੇ ਸਿੱਖਿਆ ਸੰਸਥਾਵਾਂ ਮਿਲਣਗੀਆਂ।

Advertisement

ਪੰਚਾਇਤੀ ਚੋਣਾਂ ਤੋਂ ਪਹਿਲਾਂ ਵੱਡਾ ਪੁਲੀਸ ਤੇ ਪ੍ਰਸ਼ਾਸਨਿਕ ਫੇਰਬਦਲ

ਚੰਡੀਗੜ੍ਹ (ਟਨਸ):

ਪੰਜਾਬ ਸਰਕਾਰ ਨੇ ਪੰਚਾਇਤੀ ਚੋਣਾਂ ਕਰਕੇ ਸੂਬੇ ਵਿਚ ਚੋਣ ਜ਼ਾਬਤਾ ਲਾਗੂ ਹੋਣ ਤੋਂ ਐਨ ਪਹਿਲਾਂ ਅੱਜ ਵੱਡਾ ਪੁਲੀਸ ਤੇ ਪ੍ਰਸ਼ਾਸਨਿਕ ਫੇਰ ਬਦਲ ਕੀਤਾ ਹੈ। ਸੂਬਾ ਸਰਕਾਰ ਨੇ ਦੋ ਵੱਖ-ਵੱਖ ਹੁਕਮਾਂ ਵਿਚ ਪੰਜਾਬ ਭਰ ’ਚ 11 ਆਈਏਐੱਸ, 22 ਆਈਪੀਐੱਸ ਤੇ 38 ਪੀਸੀਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਆਈਏਐੱਸ ਅਧਿਕਾਰੀ ਵਿਜੈ ਨਾਮਦਿਓਰਾਓ ਜ਼ਾਦੇ ਨੂੰ ਵਿੱਤ ਵਿਭਾਗ ’ਚ ਸਕੱਤਰ (ਖਰਚਾ), ਸ੍ਰੀਮਤੀ ਗੌਰੀ ਪਰਾਸ਼ਰ ਜੋਸ਼ੀ ਨੂੰ ਵਿਸ਼ੇਸ਼ ਸਕੱਤਰ ਪ੍ਰਸੋਨਲ, ਸਨਯਮ ਅਗਰਵਾਲ ਨੂੰ ਡਾਇਰੈਕਟਰ ਉੱਚੇਰੀ ਸਿੱਖਿਆ, ਨਵਜੋਤ ਪਾਲ ਸਿੰਘ ਰੰਧਾਵਾ ਨੂੰ ਕਮਿਸ਼ਨਰ ਨਗਰ ਨਿਗਮ ਬਠਿੰਡਾ, ਗੁਲਪ੍ਰੀਤ ਸਿੰਘ ਔਲਖ ਨੂੰ ਡਿਪਟੀ ਕਮਿਸ਼ਨਰ ਤਰਨ ਤਾਰਨ, ਅੰਕੁਰਜੀਤ ਸਿੰਘ ਨੂੰ ਮੁੱਖ ਪ੍ਰਸ਼ਾਸਕ ਜਲੰਧਰ ਵਿਕਾਸ ਅਥਾਰਟੀ, ਨਿਕਾਸ ਕੁਮਾਰ ਨੂੰ ਵਧੀਕ ਡਿਪਟੀ ਕਮਿਸ਼ਨਰ ਲੁਧਿਆਣਾ, ਹਰਜਿੰਦਰ ਸਿੰਘ ਨੂੰ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਲੁਧਿਆਣਾ, ਦਿਵਿਆ ਨੂੰ ਐੱਸਡੀਐੱਮ ਗੁਰੂ ਹਰ ਸਹਾਏ, ਵਿਵੇਕ ਕੁਮਾਰ ਮੋਦੀ ਨੂੰ ਐੱਸਡੀਐੱਮ ਆਦਮਪੁਰ ਅਤੇ ਕ੍ਰਿਸ਼ਨ ਪਾਲ ਰਾਜਪੂਤ ਨੂੰ ਐੱਸਡੀਐੱਮ ਅਬੋਹਰ ਲਗਾਇਆ ਗਿਆ ਹੈ।ਸੂਬਾ ਸਰਕਾਰ ਨੇ ਪੁਲੀਸ ਵਿੱਚ ਵੀ 22 ਆਈਪੀਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਆਈਪੀਐੱਸ ਅਧਿਕਾਰੀ ਨੌਨਿਹਾਲ ਸਿੰਘ ਨੂੰ ਏਡੀਜੀਪੀ ਇੰਟਰਨਲ ਵਿਜੀਲੈਂਸ ਸੈੱਲ ਪੰਜਾਬ, ਐੱਸਪੀਐੱਸ ਪਰਮਾਰ ਨੂੰ ਏਡੀਜੀਪੀ ਲਾਅ ਐਂਡ ਆਰਡਰ, ਧਨਪ੍ਰੀਤ ਕੌਰ ਨੂੰ ਆਈਜੀ ਲੁਧਿਆਣਾ ਰੇਂਜ, ਗੁਰਪ੍ਰੀਤ ਸਿੰਘ ਨੂੰ ਪੁਲੀਸ ਕਮਿਸ਼ਨਰ ਅੰਮ੍ਰਿਤਸਰ, ਮਨਦੀਪ ਸਿੰਘ ਸਿੱਧੂ ਨੂੰ ਡੀਆਈਜੀ ਪਟਿਆਲਾ ਰੇਂਜ, ਰਣਜੀਤ ਸਿੰਘ ਢਿੱਲੋਂ ਨੂੰ ਡੀਆਈਜੀ ਫਿਰੋਜ਼ਪੁਰ ਰੇਂਜ, ਰਾਜਪਾਲ ਸਿੰਘ ਨੂੰ ਡੀਆਈਜੀ ਪੀਏਪੀ-2, ਟ੍ਰੇਨਿੰਗ ਜਲੰਧਰ ਤੇ ਡੀਆਈਜੀ ਐੱਨਆਰਆਈ ਪੰਜਾਬ, ਅਜੈ ਮੌਲਜਾ ਨੂੰ ਡੀਆਈਜੀ ਐੱਸਟੀਐੱਫ ਬਠਿੰਡਾ, ਹਰਚਰਨ ਸਿੰਘ ਨੂੰ ਡੀਆਈਜੀ ਬਠਿੰਡਾ ਰੇਂਜ, ਹਰਜੀਤ ਸਿੰਘ ਨੂੰ ਡੀਆਈਜੀ ਵਿਜੀਲੈਂਸ ਬਿਊਰੋ ਪੰਜਾਬ, ਜੇ. ਇਲਾਂਚੇਜ਼ੀਆਨ ਨੂੰ ਡੀਆਈਜੀ ਕਾਊਂਟਰ ਇੰਟੈਲੀਜੈਂਸ, ਅਲਕਾ ਮੀਨਾ ਨੂੰ ਡੀਆਈਜੀ ਪਰਸੋਨਲ ਪੰਜਾਬ, ਸਤਿੰਦਰ ਸਿੰਘ ਨੂੰ ਡੀਆਈਜੀ ਬਾਰਡਰ ਰੇਂਜ ਅੰਮ੍ਰਿਤਸਰ, ਹਰਮਨਬੀਰ ਸਿੰਘ ਗਿੱਲ ਨੂੰ ਸੰਯੁਕਤ ਡਾਇਰੈਕਟਰ ਐੱਮਆਰਐੱਸ ਪੀਪੀਏ ਫਿਲੌਰ, ਅਸ਼ਵਨੀ ਕਪੂਰ ਨੂੰ ਡੀਆਈਜੀ ਫਰੀਦਕੋਟ ਰੇਂਜ, ਸੁਖਵੰਤ ਸਿੰਘ ਗਿੱਲ ਨੂੰ ਡੀਆਈਜੀ ਇੰਟੈਲੀਜੈਂਸ-1 ਪੰਜਾਬ, ਵਿਵੇਕਸ਼ੀਲ ਸੋਨੀ ਨੂੰ ਕਮਾਂਡੈਂਟ 75ਵੀਂ ਬਟਾਲੀਅਨ ਪੀਏਪੀ ਜਲੰਧਰ, ਅੰਕੁਰ ਗੁਪਤਾ ਨੂੰ ਡੀਸੀਪੀ ਲਾਅ ਐਂਡ ਆਰਡਰ ਜਲੰਧਰ, ਸ਼ੁਭਮ ਅਗਰਵਾਲ ਨੂੰ ਡੀਸੀਪੀ ਇਨਵੈਸਟੀਗੇਸ਼ਨ ਲੁਧਿਆਣਾ, ਅਭਿਮਨਿਊ ਰਾਣਾ ਨੂੰ ਡੀਸੀਪੀ ਸਿਟੀ ਅੰਮ੍ਰਿਤਸਰ, ਅਜੈ ਗਾਂਧੀ ਨੂੰ ਐੱਸਐੱਸਪੀ ਮੋਗਾ ਅਤੇ ਆਦਿਤਿਆ ਨੂੰ ਡੀਸੀਪੀ ਹੈਡ ਕੁਆਰਟਰ ਜਲੰਧਰ ਲਗਾਇਆ ਗਿਆ ਹੈ।

Advertisement
Tags :
Election CommissionerOctober 15Panchayat ElectionspunjabiPunjabi khabarPunjabi News